ਜ਼ਿਲ੍ਹਾ ਚੋਣ ਅਫ਼ਸਰ ਨੇ ਸਟਰੌਂਗ ਰੂਮਜ਼ ਦੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਵੋਟਾਂ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ

ਜ਼ਿਲ੍ਹਾ ਚੋਣ ਅਫ਼ਸਰ ਨੇ ਸਟਰੌਂਗ ਰੂਮਜ਼ ਦੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ ਵੋਟਾਂ ਦੀ ਗਿਣਤੀ 23 ਮਈ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ

ਤਰਨ ਤਾਰਨ, 22 ਮਈ :

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਅੱਜ ਵੋਟਾਂ ਪੈਣ ਉਪਰੰਤ ਈ. ਵੀ. ਐੱਮਜ਼ ਤੇ ਵੀ. ਵੀ. ਪੈਟ ਰੱਖਣ ਲਈ ਬਣਾਏ ਗਏ ਜ਼ਿਲ੍ਹੇ ਦੇ ਚਾਰੇ ਹਲਕਿਆਂ ਦੇ ਸਟਰੌਂਗ ਰੂਮਜ਼ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਅਤੇ ਖਡੂਰ ਸਾਹਿਬ ਦੀਆਂ ਈ. ਵੀ. ਐੱਮਜ਼ ਤੇ ਵੀ. ਵੀ. ਪੈਟ ਰੱਖਣ ਲਈ ਇੰਟਰਨੈਸ਼ਨਲ ਕਾਲਜ ਆੱਫ਼ ਨਰਸਿੰਗ ਅਤੇ ਵਿਧਾਨ ਸਭਾ ਹਲਕਾ ਖੇਮਕਰਨ ਅਤੇ ਪੱਟੀ ਦੀਆਂ ਈ. ਵੀ. ਐੱਮਜ਼ ਤੇ ਵੀ. ਵੀ. ਪੈਟ ਰੱਖਣ ਲਈ ਮਾਈ ਭਾਗੋ ਕਾਲਜ ਆੱਫ਼ ਨਰਸਿੰਗ ਵਿਖੇ ਸਟਰੌਂਗ ਰੂਮ ਬਣਾਏ ਗਏ ਹਨ।ਇਹ ਸਟਰੌਂਗ ਰੂਮ 24 ਘੰਟੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹਨ ਅਤੇ ਕੇਂਦਰੀ ਅਰਧ ਸੈਨਿਕ ਬਲ ਦੇ ਜਵਾਨ ਸੁਰੱਖਿਆ ਲਈ ਤਾਇਨਾਤ ਹਨ।

ਉਹਨਾਂ ਦੱਸਿਆ ਕਿ 23 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ।ਇਸ ਲਈ ਚਾਰੇ ਵਿਧਾਨ ਸਭਾ ਹਲਕਿਆਂ ਦੇ ਵੱਖਰੇ-ਵੱਖਰੇ ਗਿਣਤੀ ਕੇਂਦਰ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਅਤੇ ਖਡੂਰ ਸਾਹਿਬ ਲਈ ਵੋਟਾਂ ਦੀ ਗਿਣਤੀ ਇੰਟਰਨੈਸ਼ਨਲ ਕਾਲਜ ਆੱਫ਼ ਨਰਸਿੰਗ ਤਰਨ ਤਾਰਨ ਅਤੇ ਵਿਧਾਨ ਸਭਾ ਹਲਕਾ ਖੇਮਕਰਨ ਤੇ ਪੱਟੀ ਦੀ ਗਿਣਤੀ ਮਾਈ ਭਾਗੋ ਨਰਸਿੰਗ ਕਾਲਜ ਵਿਖੇ ਬਣਾਏ ਗਏ ਗਿਣਤੀ ਕੇਂਦਰਾਂ ‘ਤੇ ਹੋਵੇਗੀ। ਉਹਨਾਂ ਦੱਸਿਆ ਲਈ ਵੋਟਾਂ ਦੀ ਗਿਣਤੀ ਲਈ ਤਾਇਨਾਤ ਕੀਤੇ ਗਏ ਸਟਾਫ਼ ਨੂੰ ਲੋੜੀਂਦੀ ਟਰੇਨਿੰਗ ਦਿੱਤੀ ਗਈ ਹੈ।

ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਗਿਣਤੀ ਅਬਜ਼ਰਬਰਾਂ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ।ਸ੍ਰੀ ਵਿਸ਼ਾਲ ਸੋਲੰਕੀ, ਆਈ. ਏ. ਐੱਸ. ਵਿਧਾਨ ਸਭਾ ਹਲਕਾ ਖੇਮਕਰਨ ਤੇ ਪੱਟੀ ਲਈ ਅਤੇ ਸ੍ਰੀ ਐੱਸ. ਕੇ. ਸੁੰਦਰਮ, ਆਈ. ਏ. ਐੱਸ.  ਵਿਧਾਨ ਸਭਾ ਹਲਕਾ ਤਰਨ ਤਾਰਨ ਅਤੇ ਖਡੂਰ ਸਾਹਿਬ ਲਈ ਗਿਣਤੀ ਅਬਜ਼ਰਬਰ ਹੋਣਗੇ।