ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਕਰੀਬ 24 ਕਰੋੜ ਦੇ ਮਤਿਆਂ ਨੂੰ ਮਿਲੀ ਪ੍ਰਵਾਨਗੀ

ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਕਰੀਬ 24 ਕਰੋੜ ਦੇ ਮਤਿਆਂ ਨੂੰ ਮਿਲੀ ਪ੍ਰਵਾਨਗੀ

ਐਸਏਐਸ ਨਗਰ (ਮੁਹਾਲੀ), 4 ਦਸੰਬਰ: ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਓਪਨ ਜਿਮ ਸਥਾਪਤ ਕਰਨ ਸਮੇਤ ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਕਰੀਬ 24 ਕਰੋੜ ਦੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਪਾਰਕਾਂ ਵਿੱਚ ਓਪਨ ਜਿਮ ਲਗਾਉਣ ਤੋਂ ਪਹਿਲਾਂ ਮਸ਼ੀਨਾਂ ਲਗਾਉਣ ਵਾਲੀ ਥਾਂ ਨੂੰ ਪੱਕਾ ਕਰਕੇ ਉੱਥੇ ਪਲੇਟਫਾਰਮ ਬਣਾਇਆ ਜਾਵੇਗਾ। ਫਿਰ ਉੱਥੇ ਇੱਕ ਵਿਸ਼ੇਸ਼ ਕਿਸਮ ਦੀ ਰਬੜ ਦੀ 40 ਐਮਐਮ ਦੀ ਸ਼ੀਟ ਫਿਕਸ ਕੀਤੀ ਜਾਵੇਗੀ ਤਾਂ ਜੋ ਅਚਾਨਕ ਡਿੱਗਣ ’ਤੇ ਕਿਸੇ ਨੂੰ ਕੋਈ ਸੱਟ ਨਾ ਲੱਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ’ਤੇ 5 ਕਰੋੜ ਤੋਂ ਵੱਧ ਰਾਸ਼ੀ ਖਰਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਿਟੀ ਪਾਰਕ ਸੈਕਟਰ-68, ਸਿਲਵੀ ਪਾਰਕ ਫੇਜ਼-10, ਰੋਜ਼ ਗਾਰਡਨ ਫੇਜ਼-3ਬੀ1 ਅਤੇ ਬੋਗਨਵਿਲੀਆ ਗਾਰਡਨ ਫੇਜ਼-4 ਵਿੱਚ ਵੀ ਅਜਿਹੇ ਜਿਮ ਲਗਾਏ ਜਾਣੇ ਹਨ ਜਦੋਂਕਿ ਛੇ ਓਪਨ ਜਿਮ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ। ਮੇਅਰ ਨੇ ਦੱਸਿਆ ਕਿ ਮੀਟਿੰਗ ਵਿੱਚ 17 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਪਾਰਕਾਂ ਦੀ ਸਾਂਭ ਸੰਭਾਲ, ਪੇਵਰ ਬਲਾਕ ਅਤੇ ਹੋਰ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਪਹਿਲਾਂ ਤੋਂ ਪਾਸ ਲਗਪਗ 6 ਕਰੋੜ ਰੁਪਏ ਦੇ ਵਿਕਾਸ ਕਾਰਜਾਂ (ਜਿਨ੍ਹਾਂ ਦੇ ਟੈਂਡਰ ਲੱਗ ਚੁੱਕੇ ਸਨ) ਦਾ ਕੰਮ ਵੀ ਅਲਾਟ ਕਰ ਦਿੱਤਾ ਗਿਆ ਹੈ ਅਤੇ ਇਹ ਕੰਮ ਜਲਦੀ ਹੀ ਆਰੰਭ ਹੋ ਜਾਣਗੇ। ਇਸ ਮੌਕੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਅਕਾਲੀ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਆਰ ਪੀ ਸ਼ਰਮਾ, ਸਰਬਜੀਤ ਸਿੰਘ, ਹਰਪਾਲ ਸਿੰਘ ਚੰਨਾ, ਸਾਬਕਾ ਕੌਂਸਲਰ ਸੁਖਮਿੰਦਰ ਸਿੰਘ ਬਰਨਾਲਾ, ਜਸਪਾਲ ਸਿੰਘ ਮਟੌਰ ਤੇ ਅਰੁਣ ਗੋਇਲ ਸਮੇਤ ਹੋਰ ਨੁਮਾਇੰਦੇ ਹਾਜ਼ਰ ਸਨ।