ਚਲਦੀ ਕਾਰ ‘ਚ ਲੱਗੀ ਅੱਗ, ਜਿਉਂਦਾ ਸੜਿਆ 38 ਸਾਲ ਦਾ ਇੰਜੀਨੀਅਰ

ਚਲਦੀ ਕਾਰ ‘ਚ ਲੱਗੀ ਅੱਗ, ਜਿਉਂਦਾ ਸੜਿਆ 38 ਸਾਲ ਦਾ ਇੰਜੀਨੀਅਰ

ਮੋਹਾਲੀ : ਸ਼ੁੱਕਰਵਾਰ ਰਾਤ ਸੈਕਟਰ 79/80 ਤੋਂ ਬਨੂੜ-ਲਾਂਡਰਾਂ ਰੋਡ ਨੂੰ ਜੋੜਨ ਵਾਲੀ ਸੜਕ ਉਤੇ ਪਿੰਡ ਸੰਭਾਲਕੀ ਦੇ ਕੋਲ ਇਕ ਚੱਲਦੀ ਕਾਰ ਵਿਚ ਅੱਗ ਲੱਗ ਗਈ। ਕਾਰ ਸਵਾਰ ਇੰਜੀਨੀਅਰ ਮਾਧਵ ਚਤੁਰਵੇਦੀ (38) ਇਸ ਵਿਚ ਜਿਉਂਦਾ ਸੜ ਗਿਆ। ਸੈਕਟਰ - 108 ਵਿਚ ਰਹਿਣ ਵਾਲਾ ਮਾਧਵ ਆਈਡੀਆ ਹਰਿਆਣਾ ਵਿਚ ਏਜੀਐਮ ਦੀ ਪੋਸਟ ਉਤੇ ਤੈਨਾਤ ਸੀ। ਵੀਰਵਾਰ ਰਾਤ 11 ਵਜੇ ਮਾਧਵ ਅਪਣੇ ਘਰ ਤੋਂ ਨਿਕਲਿਆ। ਲਗਭੱਗ ਢਾਈ ਕਿਲੋਮੀਟਰ ਦੂਰ ਉਸ ਦੀ ਆਈ-10 ਕਾਰ ਅੱਗ ਦੀਆਂ ਲਪਟਾਂ ਵਿਚ ਘਿਰ ਗਈ।

ਮਾਮਲਾ ਸ਼ੱਕੀ ਲੱਗ ਰਿਹਾ ਹੈ। ਮੌਕੇ ਉਤੇ ਪੁੱਜੇ ਫੋਰੈਂਸਿਕ ਸਾਇੰਟਿਸਟ ਨੇ ਲਗਭੱਗ ਦੋ ਘੰਟੇ ਦੀ ਮਸ਼ੱਕਤ ਤੋਂ ਬਾਅਦ 13 ਨਮੂਨੇ ਲਏ। ਇਸ ਵਿਚ ਖ਼ੂਨ ਦੇ ਸੈਂਪਲ, ਇਕ ਸੜੀ ਹੋਈ ਹੱਡੀ, ਮਾਸ ਦੇ ਕੁੱਝ ਟੁਕੜੇ ਅਤੇ ਹੋਰ ਨਮੂਨੇ ਇਕੱਠੇ ਕਰ ਕੇ ਸੀਲ ਕੀਤੇ ਹਨ। ਟੀਮ ਹੈੱਡ ਦਾ ਕਹਿਣਾ ਹੈ ਕਿ ਡੀਐਨਏ ਤੋਂ ਸਪੱਸ਼ਟ ਹੋਵੇਗਾ ਕਿ ਇਹ ਸੜੀ ਲਾਸ਼ ਮਾਧਵ ਦੀ ਹੀ ਹੈ ਜਾਂ ਕਿਸੇ ਹੋਰ ਦੀ। ਇਸ ਲਈ ਪਹਿਲਾਂ ਡੀਐਨਏ ਟੈਸਟ ਕਰਵਾਇਆ ਜਾਵੇਗਾ। ਕਾਰ ਵਿਚੋਂ ਅਜਿਹੀਆਂ ਲਪਟਾਂ ਨਿਕਲ ਰਹੀਆਂ ਸਨ ਕਿ ਲਗਭੱਗ 30 ਫੁੱਟ ਉਚੇ ਸਫ਼ੈਦੇ ਦੇ ਦਰੱਖ਼ਤ ਵੀ ਸੜ ਗਏ।

ਘਟਨਾ ਸਥਾਨ ਦੇ ਆਸਪਾਸ ਦੀਆਂ ਝਾੜੀਆਂ ਵੀ ਸੜ ਗਈ ਸਨ। ਗੱਡੀ ਐਚਆਰ 03ਯੂ-9250 ਮਾਧਵ ਚਤੁਰਵੇਦੀ ਦੇ ਨਾਮ ਉਤੇ ਸੀ, ਜਿਸ ਦਾ ਪਤਾ ਪੰਚਕੂਲਾ ਦੀ ਆਈਟੀ ਕੰਪਨੀ ਦੇ ਨਾਮ ਉਤੇ ਰਜਿਸਟਰਡ ਸੀ। ਪੁਲਿਸ ਨੇ ਕੰਪਨੀ ਕਰਮਚਾਰੀਆਂ ਨੂੰ ਮੈਸੇਜ ਕਰਵਾਇਆ ਤਾਂ ਸ਼ੁੱਕਰਵਾਰ ਸਵੇਰੇ ਸੈਕਟਰ-108 ਮਾਧਵ ਦਾ ਹੀ ਇਕ ਗੁਆਂਢੀ ਅਮਿਤ ਅਪਣੇ ਬੱਚੇ ਨੂੰ ਸਕੂਲ ਛੱਡਣ ਲਈ ਜਾ ਰਿਹਾ ਸੀ। ਉੱਥੇ ਲੰਘਣ ਸਮੇਂ ਭੀੜ ਵੇਖੀ ਤਾਂ ਰੁਕ ਗਿਆ ਅਤੇ ਉਸ ਨੇ ਮਾਧਵ ਦੀ ਗੱਡੀ ਦੀ ਪਹਿਚਾਣ ਕੀਤੀ।

ਇਸ ਤੋਂ ਬਾਅਦ ਐਸਐਚਓ ਤਰਲੋਚਨ ਨੂੰ ਦੱਸਿਆ ਅਤੇ ਮਾਧਵ ਦੇ ਘਰ ਲੈ ਕੇ ਗਿਆ। ਮਾਧਵ ਦੀ ਪਤਨੀ, ਪੁੱਤਰ, ਧੀ ਕੋਟਾ ਗਏ ਹੋਏ ਸਨ। ਰਿਸ਼ਤੇਦਾਰ ਸੁਬੋਧ ਚਤੁਰਵੇਦੀ ਨੇ ਕਿਹਾ ਕਿ ਇਹ ਕੋਈ ਹਾਦਸਾ ਨਹੀਂ ਹੈ, ਮਰਡਰ ਹੈ। ਕਿਸੇ ਨੇ ਗੱਡੀ ਨੂੰ ਅੱਗ ਲਗਾ ਕੇ ਉਸ ਨੂੰ ਸਾੜਿਆ ਹੈ। ਅਜਿਹਾ ਕਦੇ ਹੁੰਦਾ ਨਹੀਂ ਕਿ ਗੱਡੀ ਨੂੰ ਅੱਗ ਲੱਗੇ ਅਤੇ ਚਾਲਕ ਸੁਰੱਖਿਅਤ ਬਾਹਰ ਨਾ ਨਿਕਲ ਸਕੇ।