ਜ਼ੀਰਾ 'ਚ ਦੇਰ ਰਾਤ ਹਾਦਸਾ, 4 ਲੋਕਾਂ ਦੀ ਮੌਤ
Wed 1 May, 2019 0ਜ਼ੀਰਾ :
ਇੱਥੇ ਮੱਖੂ ਜ਼ੀਰਾ ਰੋਡ 'ਤੇ ਦੇਰ ਰਾਤ ਬਸਤੀ ਹਾਜੀਆਂ ਵਾਲੀ ਕੋਲ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਤਹਿਸੀਲ ਦੇ ਪਿੰਡ ਬੂਈਆਂ ਵਾਲਾ ਦੇ 4 ਵਿਅਕਤੀ ਮੌਤ ਦੇ ਮੂੰਹ 'ਚ ਚਲੇ ਗਏ, ਜਦੋਂ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਘਟਨਾ ਨੂੰ ਲੈ ਕੇ ਪਿੰਡ ਬੂਈਆਂ ਵਾਲਾ 'ਚ ਸੋਗ ਦੀ ਲਹਿਰ ਦੌੜ ਗਈ ਹੈ । ਪਿੰਡ ਦੇ ਵਸਨੀਕ ਮਸਤਾਨ ਸਿੰਘ ਨੇ ਦੱਸਿਆ ਕਿ ਪਿੰਡ 'ਚ ਹਰ ਵਿਅਕਤੀ ਦੀ ਇਸ ਘਟਨਾ ਨੂੰ ਲੈ ਕੇ ਅੱਖ ਨਮ ਹੋ ਗਈ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਬੂਈਆਂ ਵਾਲਾ ਦੇ ਕਿਸਾਨ ਮਾਝਾ ਖੇਤਰ ਵਿੱਚ ਆਪਣੀ ਮਸ਼ੀਨ ਨੂੰ ਲੈ ਕੇ ਤੂੜੀ ਬਣਾਉਣ ਲਈ ਜਾ ਰਹੇ ਸਨ ਅਤੇ ਰਸਤੇ ਵਿੱਚ ਉਹ ਆਪਣੀ ਟਰਾਲੀ ਨੂੰ ਰੋਕ ਕੇ ਖੜ੍ਹੇ ਸਨ ਅਤੇ ਅਚਾਨਕ ਪਿੱਛੋਂ ਆ ਰਹੇ ਅਠਾਰਾਂ ਟਾਇਰਾਂ ਟਰਾਲਾ ਉਨ੍ਹਾਂ ਦੀ ਟਰਾਲੀ ਉੱਪਰ ਚੜ੍ਹ ਗਿਆ, ਜਿਸ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ। ਜਾਣਕਾਰੀ ਮੁਤਾਬਕ ਹਰਭਿੰਦਰ ਸਿੰਘ ਦਾ ਪੁੱਤਰ ਅਜੀਤ ਸਿੰਘ, ਲਖਵਿੰਦਰ ਸਿੰਘ ਪੁੱਤਰ ਛਿੰਦਰ ਸਿੰਘ, ਹਰਜਿੰਦਰ ਸਿੰਘ ਪੁੱਤਰ ਦਲੀਪ ਸਿੰਘ, ਇਕਬਾਲ ਸਿੰਘ ਪੁੱਤਰ ਬੋਹੜ ਸਿੰਘ ਨਿਵਾਸੀ ਪਿੰਡ ਬੂਈਆਂ ਵਾਲਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਮੌਕੇ 'ਤੇ ਮਾਰੇ ਗਏ, ਜਦੋਂ ਕਿ ਜਸਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਸਖਤ ਰੂਪ ਵਿੱਚ ਜ਼ਖਮੀਂ ਹੋ ਗਿਆ। ਪੁਲਸ ਵੱਲੋਂ ਪੋਸਟਮਾਰਟਮ ਲਈ ਲਾਸ਼ਾਂ ਸਿਵਲ ਹਸਪਤਾਲ ਵਿੱਚ ਲਿਆਂਦੀਆਂ ਗਈਆਂ ਹਨ। ਫਿਲਹਾਲ ਟਰਾਲਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
Comments (0)
Facebook Comments (0)