ਝੋਨੇ ਦੀ ਰਹਿੰਦ-ਖੂੰਹਦ ਦਾ ਵਿਗਿਆਨ ਢੰਗ ਨਾਲ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਹੁਣ ਤੱਕ 7337 ਖੇਤੀ ਮਸ਼ੀਨਾਂ/ਖੇਤੀ ਸੰਦ ਸਬਸਿਡੀ 'ਤੇ ਮੁਹੱਈਆ ਕਰਵਾਏ

ਝੋਨੇ ਦੀ ਰਹਿੰਦ-ਖੂੰਹਦ ਦਾ ਵਿਗਿਆਨ ਢੰਗ ਨਾਲ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਹੁਣ ਤੱਕ 7337 ਖੇਤੀ ਮਸ਼ੀਨਾਂ/ਖੇਤੀ ਸੰਦ ਸਬਸਿਡੀ 'ਤੇ ਮੁਹੱਈਆ ਕਰਵਾਏ

ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਪਰਾਲੀ ਸਾੜਣ ਵਿਰੋਧੀ ਮੁਹਿੰਮ ਹੋਰ ਤੇਜ਼ ਕਰਨ ਦੇ ਦਿੱਤੇ ਆਦੇਸ਼ 

ਐਸ ਪੀ ਸਿੱਧੂ

ਚੰਡੀਗੜ 19 ਸਤੰਬਰ 2018  :

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਰਹਿੰਦ-ਖੂੰਹਦ ਦਾ ਵਿਗਿਆਨ ਢੰਗ ਨਾਲ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਹੁਣ ਤੱਕ 7337 ਖੇਤੀ ਮਸ਼ੀਨਾਂ/ਖੇਤੀ ਸੰਦ ਸਬਸਿਡੀ 'ਤੇ ਮੁਹੱਈਆ ਕਰਵਾਏ ਜਾ ਚੁੱਕੇ ਹਨ। ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਮੁੱਖ ਮੰਤਰੀ ਦੀ ਦ੍ਰਿੜ ਵਚਨਬੱਧਤਾ ਤਹਿਤ ਸੂਬੇ ਵਿੱਚੋਂ ਪਰਾਲੀ ਸਾੜਣ ਦੀ ਸਮੱਸਿਆ ਦੇ ਖਾਤਮੇ ਲਈ ਝੋਨੇ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਖੇਤੀ ਮਸ਼ੀਨਾਂ/ਖੇਤੀ ਸੰਦ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਪਰਾਲੀ ਸਾੜਣ ਵਿਰੋਧੀ ਮੁਹਿੰਮ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ ਕਿਉਂ ਜੋ ਇਹ ਸਮੱਸਿਆ ਉੱਤਰੀ ਭਾਰਤ ਵਿੱਚ ਪ੍ਰਦੂਸ਼ਣ ਦਾ ਸਭ ਤੋਂ ਵੱਧ ਕਾਰਨ ਹੈ। ਇਸ ਸਕੀਮ ਤਹਿਤ ਵਿਅਕਤੀਗਤ ਤੌਰ 'ਤੇ ਖੇਤੀ ਮਸ਼ੀਨਰੀ ਹਾਸਲ ਕਰਨ ਵਾਲੇ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਜਦਕਿ ਸਹਿਕਾਰੀ ਸਭਾਵਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ (ਸੀ.ਐਚ.ਸੀ.) ਨੂੰ ਖੇਤੀ ਮਸ਼ੀਨਰੀ 'ਤੇ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਇਸ ਸੀਜ਼ਨ ਦੌਰਾਨ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ 24315 ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ।

ਸ੍ਰੀ ਪੰਨੂ ਨੇ ਦੱਸਿਆ ਕਿ ਕਿਸਾਨਾਂ ਨੂੰ ਹੁਣ ਤੱਕ ਮੁੱਹਈਆ ਕਰਵਾਈਆਂ ਜਾ ਚੁੱਕੀਆਂ 7337 ਖੇਤੀ ਮਸ਼ੀਨਾਂ/ਖੇਤੀ ਸੰਦਾਂ ਵਿੱਚੋਂ 2819 ਮਸ਼ੀਨਾਂ ਕਿਸਾਨਾਂ ਨੂੰ ਵਿਅਕਤੀਗਤ ਰੂਪ ਵਿੱਚ, 2144 ਸਹਿਕਾਰੀ ਸਭਾਵਾਂ ਅਤੇ 2374 ਕਸਟਮ ਹਾਇਰਿੰਗ ਸੈਂਟਰਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸ੍ਰੀ ਪੰਨੂ ਨੇ ਦੱਸਿਆ ਕਿ ਇਸ ਮਸ਼ੀਨਰੀ ਵਿੱਚ ਆਧੁਨਿਕ ਹੈਪੀ ਸੀਡਰ, ਪੈਡੀ ਸਟਰਾਅ, ਸਟਰਾਅ ਚੌਪਰ/ਕਟਰ, ਮਲਚਰ, ਆਰ.ਐਮ.ਬੀ ਪਲਾਓ, ਸ਼ਰੱਬ ਕਟਰ, ਜ਼ੀਰੋ ਟਿੱਲ ਡਰਿੱਲ, ਕੰਬਾਇਨਾਂ 'ਤੇ ਲੱਗਣ ਵਾਲੇ ਪੈਡੀ ਸਟਰਾਅ ਮੈਨੇਜਮੈਂਟ ਸਿਸਟਮ, ਰੋਟਰੀ ਸਲੈਸ਼ਰ ਅਤੇ ਰੋਟਾਵੇਟਰ ਦੀ ਵਰਤੋਂ ਫਸਲ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਕੀਤੀ ਜਾਂਦੀ ਹੈ।

ਖੇਤੀਬਾੜੀ ਸਕੱਤਰ ਨੇ ਅੱਗੇ ਦੱਸਿਆ ਕਿ ਪਰਾਲੀ ਸਾੜਣ ਦੀ ਰੋਕਥਾਮ ਲਈ ਮੁੱਖ ਮੰਤਰੀ ਦੀ ਵਿਆਪਕ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਵੱਡੇ ਪੱਧਰ 'ਤੇ ਮੀਡੀਆ ਮੁਹਿੰਮ ਵਿੱਢੀ ਗਈ ਹੈ ਤਾਂ ਕਿ ਪਰਾਲੀ ਸਾੜਣ ਦੇ ਬੁਰੇ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਇਸੇ ਪ੍ਰੋਗਰਾਮ ਦੀ ਲੜੀ ਤਹਿਤ ਵਿਭਾਗਾਂ ਵੱਲੋਂ ਸੂਬਾ ਭਰ ਵਿੱਚ ਲਗਪਗ 1000 ਜਾਗਰੂਕਤਾ ਕੈਂਪ ਲਾ ਕੇ ਕਿਸਾਨਾਂ ਨੂੰ ਪਰਾਲੀ ਸਾੜਣ ਤੋਂ ਗੁਰੇਜ਼ ਕਰਨ ਬਾਰੇ ਜਾਣੂੰ ਕਰਵਾਇਆ ਗਿਆ ਕਿਉਂ ਜੋ ਪਰਾਲੀ ਨੂੰ ਅੱਗ ਲਾਉਣੀ ਜਿੱਥੇ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ, ਉਥੇ ਹੀ ਵਾਤਾਵਰਨ ਨੂੰ ਖਤਰਾ ਪੈਦਾ ਹੁੰਦਾ ਹੈ।

ਪਰਾਲੀ ਸਾੜਣ ਦੇ ਬੁਰੇ ਪ੍ਰਭਾਵਾਂ ਬਾਰੇ ਆਮ ਲੋਕਾਂ ਦਰਮਿਆਨ ਜਾਗਰੂਕਤਾ ਫੈਲਾਉਣ ਦੀ ਮਹੱਤਤਾ ਨੂੰ ਦਰਸਾਉਂਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਪਰਾਲੀ ਸਾੜਣ ਵਿਰੁੱਧ ਸੂਬਾ ਪੱਧਰੀ ਮੁਹਿੰਮ ਵਿੱਚ ਸਕੂਲੀ ਬੱਚਿਆਂ ਨੂੰ ਸ਼ਾਮਲ ਕਰਨ ਲਈ ਖੇਤੀਬਾੜੀ ਵਿਭਾਗ ਵੱਲੋਂ ਸਕੂਲ ਸਿੱਖਿਆ ਵਿਭਾਗ ਨਾਲ ਤਾਲਮੇਲ ਕੀਤਾ ਜਾਵੇਗਾ। ਇਸੇ ਤਰ•ਾਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਰੋਜ਼ਾਨਾ ਆਧਾਰ 'ਤੇ ਮੀਟਿੰਗਾਂ ਕਰਕੇ ਫਸਲ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਚੁੱਕੇ ਜਾ ਰਹੇ ਕਦਮਾਂ ਦੀ ਪ੍ਰਗਤੀ ਦੀ ਨਿੱਜੀ ਤੌਰ 'ਤੇ ਨਿਗਰਾਨੀ ਕਰ ਰਹੇ ਹਨ।