*ਬਾਬਾ ਨਾਨਕ ਅਤੇ ਅਜੋਕਾ ਸਿੱਖ ਸਮਾਜ – IV*

*ਬਾਬਾ ਨਾਨਕ ਅਤੇ ਅਜੋਕਾ ਸਿੱਖ ਸਮਾਜ – IV*

ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਗੁਰੂ ਬਾਬਾ ਨਾਨਕ ਜੀ ਨੇ ਸਮੁੱਚੀ ਮਨੁੱਖਤਾ ਨੂੰ ਜਾਤ-ਪਾਤ, ਊਚ-ਨੀਚ, ਵਰਨ-ਵੰਡ ਅਤੇ ਅਮੀਰ ਗਰੀਬ ਦੇ ਪਾੜੇ ਤੋਂ ਮੁਕਤ ਕਰਨ ਲਾe ਿਸਾਨੂੰ ਕੀ ਉਪਦੇਸ਼ ਦਿੱਤੇ ਸਨ ਅਤੇ ਗੁਰਬਾਣੀ ਵਿੱਚੋਂ ਹੋਰ ਵੀ ਹਵਾਲਿਆਂ ਤੇ ਚਰਚਾ ਕੀਤੀ ਸੀ। ਜਾਂਦੇ ਹੋਏ ਆਖਿਆ ਸੀ ਕਿ ਅੱਜ ਬਾਬੇ ਨਾਨਕ ਦੇ ਹੀ ਅਸੀਂ ਬੁੱਤ ਬਣਾ ਛੱਡੇ ਹਨ ਜਦਕਿ ਨਾਨਕ ਵਿਚਾਰਧਾਰਾ ਸਾਨੂੰ ਤਸਵੀਰ, ਸਰੀਰ (ਸਖਸ਼ੀ), ਬੁੱਤਪ੍ਰਸਤੀ ਦੀ ਪੂਜਾ ਤੋਂ ਸਪੱਸ਼ਟ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਰੋਕਦੀ ਹੈ। ਆਉ ਪਹਿਲਾਂ ਗੁਰਬਾਣੀ ਉਪਦੇਸ਼ ਦੇ ਚਰਚਾ ਕਰਦੇ ਹਾਂ:

ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਜੀ ਲਿਖਦੇ ਹਨ :

ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ ।।

ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਆਗਮਨ ਤੋਂ ਪਹਿਲਾਂ ਦੁਨੀਆ ਵਿੱਚ ਅਨੇਕਾਂ ਤਰ੍ਹਾਂ ਦੇ ਕਰਮਕਾਂਢਾਂ, ਅੰਧ-ਵਿਸ਼ਵਾਸ਼ਾਂ, ਪੱਥਰ ਪੂਜਾ ਭਾਵ ਕਿ ਅਨੇਕਤਾ ਦੀ ਪੂਜਾ ਪ੍ਰਚੱਲਿਤ ਸੀ। ਦੇਵੀ-ਦੇਵਤਿਆਂ ਦੇ ਡਰ ਤੋਂ ਬਚਣ ਅਤੇ ਪ੍ਰਸੰਨਤਾ ਪ੍ਰਾਪਤ ਕਰਨ ਲਈ ਬ੍ਰਹਾਮਣੀ ਮੱਤ ਵੱਲੋਂ ਪ੍ਰਚਾਰੇ ਨਕਲੀ ਸਾਧਨਾ ਅਧੀਨ ਕਿਤੇ ਆਪਣੇ ਸਰੀਰ ਨੂੰ ਆਰੇ ਨਾਲ ਆਪ ਚਿਰਵਾਇਆ ਜਾ ਰਿਹਾ ਸੀ, ਕੋਈ ਮੁਕਤੀ ਦੇ ਨਾਮ 'ਤੇ ਆਪ ਹੀ ਮੌਤ ਦੇ ਖੂਹ ਵਿੱਚ ਜਾ ਰਿਹਾ ਸੀ। ਪਰ ਗੁਰੂ ਸਾਹਿਬ ਜੀ ਨੇ ਐਸੇ ਮੱਤ ਦੀ ਨੀਂਹ ਰੱਖੀ ਜਿਸ ਵਿੱਚ ਅਨੇਕਤਾ ਦੀ ਥਾਂ ਕੇਵਲ ਇੱਕ ਪ੍ਰਭੂ-ਪ੍ਰਮਾਤਮਾ ਅਕਾਲ ਪੁਰਖ ਦੇ ਲੜ੍ਹ ਲੋਕਾਈ ਨੂੰ ਲਗਾਇਆ ਅਤੇ ਵਿਅਰਥ ਪੂਜਾ, ਸਮਾਧੀਆਂ, ਆਡੰਬਰਾਂ ਤੀਰਥ-ਇਸ਼ਨਾਨਾਂ ਆਦਿ ਦਾ ਖੰਡਨ ਕੀਤਾ। ਜਿਵੇਂ ਹੀ ਲੋਕਾਈ ਵਿੱਚ ਜਾਗਰੂਕਤਾ ਆਈ ਉਹ ਬਾਬੇ ਨਾਨਕ ਦੇ ਸ਼ਰਧਾਲੂ ਬਣ ਕੇ ਇੱਕ ਸਰਲ ਜੀਵਣ ਜਾਂਚ ਅਤੇ ਪਵਿੱਤਰ ਵੀਚਾਰਧਾਰਾ ਦੇ ਧਾਰਨੀ ਬਣੇ। ਜਿਨ੍ਹਾਂ ਨੂੰ ਸਿੱਖ ਕਿਹਾ ਜਾਣ ਲੱਗਾ।

         ਉਸ ਸਮੇਂ ੩੩ ਕਰੋੜ ਦੇਵੀ-ਦੇਵਤਿਆਂ ਦੀ ਪੂਜਾ ਪ੍ਰਚੱਲਿਤ ਸੀ। ਰਿਗਵੇਦ ਦੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਉਹ ਲੋਕ ਕੁਦਰਤੀ ਸ਼ਕਤੀਆਂ ਸੂਰਜ, ਆਕਾਸ਼, ਮੀਂਹ, ਹਵਾ, ਅੱਗ, ਰੁੱਖ, ਅਦਿਕ ਦੀ ਪੂਜਾ ਕਰਦੇ ਸਨ ਅਤੇ ਯੱਗ ਕਰਦੇ ਸਨ ਕਿ ਕਿਤੇ ਕੋਈ ਦੇਵਤਾ ਨਾਰਾਜ਼ ਨਾ ਹੋ ਜਾਵੇ ਅਤੇ ਉਹਨਾਂ ਨੂੰ ਕਿਸੇ ਵੀ ਕੁਦਰਤੀ ਪ੍ਰਕੋਪ ਨਾ ਝਲਣਾ ਪੈ ਜਾਵੇ। ਹਰੇਕ ਦੇਵੀ ਦੇਵਤੇ ਨੂੰ ਖੁਸ਼ ਕਰਨ ਦਾ ਅਤੇ ਉਸਦੀ ਪੂਜਾ ਕਰਨਾ ਦਾ ਆਪਣਾ-ਆਪਣਾ ਢੰਗ ਇਹਨਾਂ ਲੋਕਾਂ ਨੇ ਆਪਨਾ ਲਿਆ ਅਤੇ ਕਰਮਕਾਂਢਾਂ ਵਿੱਚ ਬੁਰੀ ਤਰ੍ਹਾਂ ਜਕੜੇ ਗਏ। ਪਰ ਬਾਬਾ ਨਾਨਕ ਜੀ ਨੇ ਬੜੇ ਹੀ ਸਲੀਕੇ ਅਤੇ ਪਿਆਰ ਦੀ ਭਾਸ਼ਾ ਨਾਲ ਲੋਕਾਈ ਨੂੰ ਇੱਕ ਅਕਾਲ-ਪੁਰਖ ਜੋ ਸਰਬ ਸ਼ਕਤੀਮਾਨ ਹੈ ਦੇ ਲੜ ਲਾਇਆ। ਇਸੇ ਤਰ੍ਹਾਂ ਉਹਨਾਂ ਦੇ ਅੱਗੇ ਉਤਰਾਧਿਕਾਰੀ ਬਾਕੀ ਗੁਰੂ ਸਾਹਿਬਾਨ ਨੇ ਵੀ ਫ਼ਾਲਤੂ ਅਡੰਬਰਾਂ, ਫ਼ੋਕਟ ਕਰਮਕਾਂਢਾਂ ਆਦਿ ਤੋਂ ਸੁਚੇਤ ਕਰ ਕੇ ਇੱਕ ਪ੍ਰਮਾਤਮਾ ਦੀ ਗੱਲ ਕੀਤੀ । ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਇਕੱਠਾ ਕਰਕੇ ਆਦਿ ਬੀੜ ਦੀ ਸੰਪਾਦਨਾ ਕੀਤੀ । ਜਿਸਨੂੰ ਗ੍ਰੰਥ ਸਾਹਿਬ (ਪੋਥੀ ਸਾਹਿਬ ਵੀ ਪ੍ਰਚੱਲਿਤ ਹੈ) ਕਿਹਾ ਜਾਣ ਲੱਗਾ। ਜਿਸ ਨੂੰ ਬਾਅਦ ਵਿੱਚ ਦਸਵੇਂ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਚਖੰਡ ਪਿਆਨਾ ਕਰਨ ਵੇਲੇ ਇਸੇ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਗੁਰਿਆਈ ਬਖ਼ਸ਼ ਕੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਬਣਾ ਦਿੱਤਾ ਅਤੇ ਜਿਹੜੇ ਨਾਨਕ ਨਾਮ ਲੇਵਾ ਸਿੱਖ ਅੱਜ ਤੱਕ ਸਰੀਰਿਕ ਦੇਹ ਨੂੰ ਗੁਰੂ ਕਹਿੰਦੇ ਸਨ, ਉਹਨਾਂ ਨੂੰ ਹਮੇਸ਼ਾਂ ਲਈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਐਲਾਨ ਕਰ ਦਿੱਤਾ :-

ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ॥

ਦੂਜੇ ਪਾਸੇ ਸਾਡੇ ਵਿਰੋਧੀ ਦੁਸ਼ਮਣ (ਬਿਪਰਵਾਦ) ਨੇ ਆਪਣਾ ਤੋਰੀ ਫੁਲਕਾ ਜਾਂਦਾ ਵੇਖ ਨਾਨਕ ਦੀ ਵੀਚਾਰਧਾਰਾ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਿੱਖਾਂ ਨੂੰ ਸ਼ਬਦ ਗੁਰੂ ਤੋਂ ਦੂਰ ਕਰਨ ਲਈ ਯਤਨ ਅਰੰਭ ਕਰ ਦਿੱਤੇ। ਸਿੱਖਾਂ ਨੂੰ ਖਤਮ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਗਈਆਂ। ਸਿੱਖਾਂ ਨੇ ਆਪਣੇ ਬਚਾਅ ਲਈ ਜੰਗਲਾਂ-ਬੀਆਬਾਨਾਂ ਦਾ ਸਹਾਰਾ ਲਿਆ। ਉੱਧਰ ਗੁਰਦੁਆਰਿਆਂ ਵਿੱਚ ਨਿਰਮਲਿਆਂ, ਸਾਧੂਆਂ, ਬਿਪਰਾਂ ਆਦਿ ਦਾ ਕਬਜ਼ਾ ਹੋ ਗਿਆ ਅਤੇ ਜਿਹੜੇ ਕੰਮਾ ਤੋਂ ਗਰੂ ਸਾਹਿਬ ਜੀ ਨੇ ਵਰਜਿਆ ਸੀ (ਅੱਜ ਵੀ ਗੁਰਬਾਣੀ ਦੇ ਰੂਪ ਵਿੱਚ ਸਾਨੂੰ ਸੁਚੇਤ ਕਰਦੇ ਹਨ) ਉਹਨਾਂ ਸਾਰੇ ਕੰਮਾ ਨੂੰ ਬਿਪਰਾਂ ਨੇ ਗੁਰਦੁਆਰਿਆਂ ਵਿੱਚ ਮੁੜ ਘੁਸੇੜ ਦਿੱਤਾ।

      ਮਿਸਾਲ ਦੇ ਤੌਰ ਤੇ ਬ੍ਰਹਾਮਣੀ ਕਰਮਕਾਂਢ, ਜੋਤਾਂ, ਟੱਲ, ਦੀਵੇ, ਮੱਥੇ ਰਗੜਨੇ, ਬੁੱਤ ਪੂਜਾ, ਮੂਰਤੀ ਪੂਜਾ ਤੱਕ ਨੂੰ ਗੁਰਦੁਆਰਿਆਂ ਵਿੱਚ ਪ੍ਰਵੇਸ਼ ਕਰਵਾ ਦਿੱਤਾ। ਮੂਰਤੀ ਪੂਜਾ ਸ਼ੁਰੂ ਕਰਵਾ ਦਿੱਤੀ। ਜਦਕਿ ਗੁਰਬਾਣੀ ਅਨੁਸਾਰ ਨਾਮ ਧਿਆਉਣਾ ਹੀ ਸੱਚੀ ਪੁਜਾ ਹੈ :-

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥

(ਗੂਜਰੀ ਮਹਲਾ ੧, ਪੰਨਾ ੪੮੯)

ਨੌਬਤ ਇੱਥੋਂ ਤੱਕ ਆ ਗਈ ਕਿ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਵੀ ਮੂਰਤੀਆਂ ਸਜਾ ਦਿੱਤੀਆਂ ਗਈਆਂ। ਜੋ ਬਾਅਦ ਵਿੱਚ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ੧੯੦੫ ਈ: ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਗੁਰਬਾਣੀ ਦੇ ਅਰਥ ਸਮਝਾ ਕੇ ਦਰਬਾਰ ਸਾਹਿਬ ਵਿੱਚੋਂ ਬੁੱਤ (ਮੂਰਤੀਆਂ) ਕਢਵਾਈਆਂ ਸਨ।

ਅੱਜ ਵੀ ਸਿੱਖਾਂ ਵਿੱਚ ਘਾਟ ਇਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਾਂ ਮੰਨਦੇ ਹਾਂ, ਪਰ ਗੁਰੂ (ਦੀ) ਮੰਨਣ ਲਈ ਤਿਆਰ ਨਹੀਂ। ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਗੁਰੂ ਮਾਨਿਯੋ ਗ੍ਰੰਥ ਕਹਿ ਕੇ ਗਏ ਸਨ ਪਰ ਅਸੀਂ ਇਸਨੂੰ ਗੁਰੂ ਪੂਜਿਉ ਗ੍ਰੰਥ ਬਣਾ ਦਿੱਤੈ, ਅਤੇ ਸ਼ਬਦ ਵੀਚਾਰ ਦੀ ਕੋਈ ਥਾਂ ਹੀ ਨਹੀਂ ਰਹਿਣ ਦਿੱਤੀ ਗਈ। ਜਿਸ ਕਾਰਣ ਸਿੱਖਾਂ ਦੇ ਸਾਹਮਣੇ ਹੀ ਗੁਰੂ ਸਾਹਿਬ ਜੀ ਦੀ ਵੀਚਾਰਧਾਰਾ ਨੂੰ ਚੁਨੌਤੀ ਦਿੱਤੀ ਜਾਵੇ, ਇਹ ਅੱਖਾਂ ਬੰਦ ਕਰਕੇ ਵੇਖਣ ਲਈ ਤਿਆਰ ਰਹਿੰਦੇ ਹਨ। ਅੱਜ ਸਾਰੀਆਂ ਸਭਾ-ਸੁਸਾਇਟੀਆਂ, ਪੰਥਕ ਜਥੇਬੰਦੀਆਂ, ਸਾਡੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਸੰਪਰਦਾਵਾਂ ਜੋ ਬਾਬਾ ਨਾਨਕ ਜੀ ਦੀ ੫੫੦ ਸਾਲਾ ਸ਼ਤਾਬਦੀ ਮਨਾ ਰਹੀਆਂ ਹਨ  ਕਾਸ਼! ਸਮਝਣ ਦੀ ਕੋਸ਼ਿਸ਼ ਵੀ ਕਰ ਸਕਦੇ ਕਿ ਗੁਰੂ ਜੀ ਕਹਿ ਕੀ ਰਹੇ ਹਨ ? ਅਤੇ ਅਸੀਂ ਕਰ ਕੀ ਰਹੇ ਹਾਂ?

              ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਸਾਨੂੰ ਮੂਰਤੀ ਪੂਜਾ ਤੋਂ ਸਖ਼ਤੀ ਨਾਲ ਵਰਜਿਆ ਸੀ। ਰਾਗ ਸੂਹੀ ਪੰਨਾ ੭੩੬ ਦੇ ਪੰਜਵੇ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਪਾਵਣ ਬਚਨ :

ਘਰ ਮਹਿ ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ ਲੈ ਲਟਕਾਵਹਿ ॥

ਭਰਮੇ ਭੂਲਾ ਸਾਕਤੁ ਫਿਰਤਾ ॥ ਨੀਰੁ ਬਿਰੋਲੈ ਖਪਿ ਖਪਿ ਮਰਤਾ ॥੧॥ ਰਹਾਉ॥

ਜਿਸ ਪਾਹਣੁ ਕਉ ਠਾਕੁਰ ਕਹਤਾ ॥ ਓਹੁ ਪਾਹਣੁ ਲੈ ਉਸ ਕਉ ਡੁਬਤਾ ॥

(ਰਾਗ ਸੂਹੀ ਮ.੫, ਪੰਨਾ ੭੩੬)

ਜਿਸ ਧਰਮ ਵਿੱਚ ਮੂਰਤੀ ਪੂਜਾ ਦੀ ਕੋਈ ਮਾਨਤਾ ਹੈ ਉਹਨਾਂ ਨੂੰ ਮੁਬਾਰਕ ਹੈ। ਪਰ ਸਿੱਖਾਂ ਲਈ ਵਿਸ਼ੇਸ਼ ਤੋਰ ਤੇ ਗੁਰੂ ਬਾਣੀ ਨਾਲ ਜੁੜਨ ਦੀ ਤਾਕੀਦ ਕੀਤੀ ਗਈ ਹੈ ਮੂਰਤੀ ਜਾਂ ਬੁੱਤ ਪੂਜਾ ਦੀ ਨਹੀਂ । ਰਹਿਤਨਾਮਿਆਂ ਵਿੱਚ ਵੀ ਲਿਖਿਆ ਮਿਲਦਾ ਹੈ :-

" ਗੁਰੂ ਕਾ ਸਿੱਖ ਮਟ, ਬੁੱਤ, ਦੇਵੀ-ਦੇਵਤਾ, ਵਰਤ, ਪੂਜਾ ਆਦਿਕ ਕਿਤੇ ਵੱਲ ਚਿੱਤ ਦੇਵੇ ਨਾਹੀ । "                                                          

(ਰਹਿਤਨਾਮਾ ਭਾਈ ਦਯਾ ਸਿੰਘ ਜੀ)

ਪਰ ਅੱਜ ਸਾਡੀ ਹਾਲਤ ਕੀ ਬਣ ਗਈ ਹੈ, ਸ ਅੱਖੀਂ ਵੇਖੇ ਅਨੁਸਾਰ ਅੰਮ੍ਰਿਤਸਰ ਤੋਂ ਤਰਨ ਤਾਰਨ ਸਾਹਿਬ ਜਾਂਦਿਆ ਰਸਤੇ ਵਿੱਚ ਸੁਸ਼ੋਭਿਬਤ ਇੱਕ ਗੁਰਦੂਆਰਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦਾ ਵੱਡ ਆਕਾਰੀ ਬੁੱਤ ਲਗਾ ਦਿੱਤਾ ਗਿਆ ਹੈ। ਪੱਥਰ ਪੂਜਾ ਦੇ ਰੂਪ ਵਿੱਚ ਅਸੀਂ ਗੁਰਦੂਆਰਾ ਸਾਹਿਬ ਦੇ ਥੜ੍ਹਿਆਂ ਅਤੇ ਨਿਸ਼ਾਨ ਸਾਹਿਬ ਦੀ ਪੂਜਾ ਪਹਿਲਾਂ ਹੀ ਕਰਨੀ ਸ਼ੁਰੂ ਕਰ ਦਿੱਤੀ ਹੋਈ ਹੈ ਤੇ ਹੁਣ ਮੁੜ ਬੁੱਤ ਪ੍ਰਸਤ ਬਣਨ ਦਾ ਇਹ ਰੁਝਾਨ ਅਤਿ ਮੰਦਭਾਗਾ ਹੋ ਨਿਬੜਿਗਾ। ਇਹੀ ਕਾਰਣ ਹੈ ਪੂੰਜੀਵਾਦੀਆਂ ਨੇ ਬਾਬਾ ਨਾਨਕ ਜੀ ਦਾ ਵੀ ਛੋਟੇ ਤੋਂ ਵੱਡੇ ਹਰ ਆਕਾਰ ਦਾ ਬੁੱਤ ਬਣਾ ਧਰਿਆ ਅਤੇ ਸਿੱਖਾਂ ਨੇ ਵੀ ਚਾਈਂ ਚਾਈਂ ਇਸ ਨੂੰ ਆਪਣੇ ਘਰਾਂ ਵਿੱਚ ਲਿਆ ਟਿਕਾਇਆ ਹੈ।

ਇੱਕ ਪਾਸੇ ਗੁਰਬਾਣੀ ਕਹਿ ਰਹੀ ਹੈ :-

ਘਰਿ ਨਾਰਾਇਣੁ ਸਭਾ ਨਾਲਿ ॥ ਪੂਜ ਕਰੇ ਰਖੈ ਨਾਵਾਲਿ ॥

ਕੁੰਗੂ ਚੰਨਣੁ ਫੁਲ ਚੜਾਏ॥ ਪੈਰੀ ਪੈ ਪੈ ਬਹੁਤੁ ਮਾਨਏ ॥

ਮਾਣੂਆ ਮੰਗਿ ਮੰਗਿ ਪੈਨੈ ਖਾਇ ॥ ਅੰਧੀ ਕਮੀ ਅੰਧ ਸਜਾਇ ॥

ਭੁਖਿਆ ਦੇਇ ਨ ਮਰਦਿਆਂ ਰਖੈ ॥ ਅੰਧਾ ਝਗੜਾ ਅੰਧੀ ਸਥੈ ॥

(ਵਾਰ ਸਾਰੰਗ ਮ ੧, ਪੰਨਾ ੧੨੪੦)

ਦੂਜੇ ਪਾਸੇ ਸਾਹਮਣੇ ਹੀ ਗੁਰਮਤਿ ਵੀਚਾਰਧਾਰਾ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ । ਇੱਥੋਂ ਤੱਕ ਕਿ ਭਗਤ ਨਾਮਦੇਵ ਜੀ ਨਾਲ ਸਬੰਧਿਤ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਤਾਂ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ/ਤਸਵੀਰਾਂ ਅਤੇ ਆਦਮ ਕੱਦ ਬੁੱਤ ਲਗਾ ਦਿਤੇ ਗਏ ਹਨ। ਕੀ ਕਿਸੇ ਨੂੰ ਵੀ ਗੁਰਮਤਿ ਵੀਚਾਰਧਾਰਾ ਦਾ ਨਹੀਂ ਪਤਾ? ਓਏ ਗੁਰਸਿੱਖੋ ਬਾਣੀ ਵਿੱਚ ਸਪੱਸ਼ਟ ਲਿਖਿਆ ਹੈ :-

ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥ (ਭਰਉ ਮ. ੫, ਪੰਨਾ ੧੧੩੮)

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਦੇ ਪੰਨਾ ਨੰ. ੧੯ ਉੱਪਰ 'ਗੁਰਮਤਿ ਦੀ ਰਹਿਣੀ' ਸਿਰਲੇਖ ਹੇਠ ਸਪੱਸ਼ਟ ਲਿਖਿਆ ਹੈ ਕਿ "ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ। ਜਦਕਿ ਗੁਰਬਾਣੀ ਕਹਿੰਦੀ ਹੈ ਕਿ ਬੁੱਤ ਪੂਜਾ ਬੇਕਾਰ ਹੈ, ਕਿਉਂਕਿ ਬੁੱਤ ਗਿਆਨ ਨਹੀਂ ਦੇ ਸਕਦਾ ।

ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥

ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥

                                                   (ਭੈਰਉ ਮ.੫, ਪੰਨਾ ੧੧੬੦)

ਅਫਸੋਸ ਕਿ ਅੱਜ ਸਿੱਖਾਂ ਵਿੱਚ ਗੁਰਬਾਣੀ ਵੀਚਾਰ ਦੀ ਘਾਟ ਹੋਣ ਕਾਰਣ ਕੌਮ ਉਪਰ ਬਿਪਰਵਾਦ ਮੁੜ ਹਾਵੀ ਹੋ ਰਿਹਾ ਹੈ। ਅੱਜ ਉਹੀ ਕਰਮਕਾਂਢ ਕਰ ਰਹੇ ਹਾਂ ਜਿਨ੍ਹਾਂ ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਲੰਮਾ ਸਮਾਂ ਲਗਾ ਕੇ ਕੱਢਿਆ ਸੀ ਜਾਂ ਕਹਿ ਲਵੋ ਕਿ ਅੱਜ ਸਾਡੀ ਹਾਲਾਤ ਇਹੋ

ਜਿਹੀ  ਹੈ ਕਿ ਅਸੀਂ ਅੱਜ ਫਿਰ ਮੂਰਤੀ ਪੂਜਾ ਵਿੱਚੋ ਨਿਕਲ ਕੇ ਮੂਰਤੀ ਪੂਜਾ ਵਿੱਚ ਫ਼ਸ ਗਏ ਹਾਂ ।ਇਸ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਵਿੱਚ ਮਿਥਿਹਾਸਕ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਲਗਾ ਕੇ ਗੁਰੂ ਹੁਕਮਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾ ਦੀਆਂ ਧੱਜੀਆਂ ਉਡਾਉਣੀਆਂ ਜਾ ਰਹੀਆਂ ਹਨ ਜਦਕਿ ਪਾਵਣ ਗੁਰਬਾਣੀ ਵਿੱਚ ਦਰਜ ਹੈ:

ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ॥

ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥

(ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ, ਘਰੁ ੧,ਪੰਨਾ ੬੫੪)

      ਹੈਰਾਨਗੀ ਤਾਂ ਉਸ ਸਮੇਂ ਹੋਰ ਵੱਧ ਜਾਂਦੀ ਹੈ ਕਿ ਗੁਰਦੁਆਰਾ ਭਗਤ ਨਾਮਦੇਵ ਜੀ ਦਾ ਹੋਵੇ ਅਤੇ ਗੁਰਦੁਆਰੇ ਵਿੱਚ ਕੰਮ ਜਿਹੜੇ ਨੇ ਉਹ ਭਗਤ ਨਾਮਦੇਵ ਜੀ ਦੀ ਵੀਚਾਰਧਾਰਾ, ਸਿਧਾਂਤਾਂ, ਉਪਦੇਸ਼ਾਂ ਦੇ ਬਿਲਕੁਲ ਉਲਟ ਚੱਲ ਰਹੇ ਹੋਣ।  ਕਿਉਂਕਿ ਭਗਤ ਨਾਮਦੇਵ ਜੀ ਆਪ ਇਹ ਗੱਲ ਕਹਿੰਦੇ ਹਨ ਕਿ :-

ਏਕੈ ਪਾਥਰ ਕੀਜੈ ਭਾਉ ॥ ਦੂਜੈ ਪਾਥਰ ਧਰੀਐ ਪਾਉ ॥

ਜੇ ਓਹੁ ਦੇਉ ਤ ਓਹੁ ਭੀ ਦੇਵਾ ॥ ਕਹਿ ਨਾਮਦੇਉ ਹਮ ਹਰ ਕੀ ਸੇਵਾ ॥

(ਗੂਜਰੀ ਭਗਤ ਨਾਮ ਦੇਵ ਜੀ, ਪੰਨਾ ੫੨੫)

ਭਾਵ :- (ਕਿੰਨੀ ਅਜੀਬ ਗੱਲ ਹੈ?) ਇੱਕ ਪੱਥਰ ਨੂੰ ਦੇਵਤਾ ਬਣਾ ਕੇ ਉਸ ਨਾਲ ਪਿਆਰ ਕੀਤਾ ਜਾਂਦਾ ਹੈ ਅਤੇ ਦੂਜੇ ਪੱਥਰਾਂ ਉਤੇ ਪੈਰ ਰਖਿਆ ਜਾਂਦਾ ਹੈ। ਜੇ ਉਹ ਪੱਥਰ (ਜਿਸਦੀ ਪੂਜਾ ਕੀਤੀ ਜਾਂਦੀ ਹੈ) ਦੇਵਤਾ ਹੈ, ਤਾਂ ਦੂਜਾ ਪੱਥਰ ਵੀ (ਜਿਸ ਉਤੇ ਪੈਰ ਰੱਖਿਆ ਜਾਂਦਾ ਹੈ) ਦੇਵਤਾ ਹੈ। ਨਾਮਦੇਉ ਆਖਦਾ ਹੈ (ਅਸੀਂ ਪੱਥਰਾਂ ਤੋਂ ਕੀ ਲੈਣਾ ਹੈ?) ਅਸੀ ਤਾਂ ਪ੍ਰਮਾਤਮਾ ਦੀ ਭਗਤੀ ਕਰਦੇ ਹਾਂ।

    ਹੋਸ਼ ਕਰੀਏ, ਹੋਸ਼ ਕਰੀਏ! ਅੱਜ ੫੫੦ਵਾਂ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਸਿੱਖ ਸਮਾਜ ਨੂੰ ਅਪੀਲ ਹੈ ਕਿ ਬੁੱਤ/ਤਸਵੀਰ ਜਾਂ ਮੂਰਤੀ ਪੂਜਾ ਵਿੱਚ ਨਿਕਲ ਕੇ ਗੁਰੁ ਗ੍ਰੰਥ ਸਾਹਿਬ ਜੀ ਦੀ ਵਿਚਾਰ ਰੂਪੀ ਪੂਜਾ ਕਰੋ ਤਾਂ ਹੀ ਕੁੱਝ ਪੱਲੇ ਪੈ ਸਕਦਾ ਹੈ ਨਹੀਂ ਤਾਂ ਫਿਰ ਖੁਆਰੀਆਂ ਹੀ ਖੁਆਰੀਆਂ ਹਨ ਜੋ ਕੌਮ ਨੂੰ ਪਹਿਲਾਂ ਹੀ ਬਹੁੱਤ ਵੇਖਣੀਆਂ ਪੈ ਰਹੀਆਂ ਹਨ । ਗੁਰੂ ਭਲੀ ਕਰੇ। ਗੁਰੂ ਸਾਹਿਬਾਨਾਂ ਨੇ ਸਾਨੂੰ ਕਰਮਕਾਂਡਾ ਤੋਂ ਮੁਕਤ ਕੀਤਾ ਸੀ ਅਤੇ ਅਸੀਂ ਮੁੜ ਕਰਮਕਾਂਡਾਂ/ਅੰਧਵਿਸ਼ਵਾਸ਼ਾ ਵਿੱਚ ਫਸੇ ਪਏ ਹਾਂ। ਇਸ ਬਾਰੇ ਹੋਰ ਚਰਚਾ ਕੱਲ੍ਹ ਕਰਾਂਗੇ।

ਚੱਲਦਾ…

ਇਕਵਾਕ ਸਿੰਘ ਪੱਟੀ