
13 ਮੁਲਾਜ਼ਮ ਅਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਰਿਸ਼ਵਤ ਲੈਂਦੇ ਦਬੋਚਿਆ
Mon 8 Jul, 2019 0
ਚੰਡੀਗੜ੍ਹ:
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁਧ ਵਿੱਢੀ ਮੁਹਿੰਮ ਤਹਿਤ ਜੂਨ ਮਹੀਨੇ ਦੌਰਾਨ ਕੁੱਲ 12 ਛਾਪੇ ਮਾਰ ਕੇ 13 ਸਰਕਾਰੀ ਮੁਲਾਜ਼ਮ ਅਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਵੱਖ-ਵੱਖ ਕੇਸਾਂ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ, ਜਿਨ੍ਹਾਂ ਵਿਚ ਪੁਲਿਸ ਵਿਭਾਗ ਦੇ 5, ਬਿਜਲੀ ਵਿਭਾਗ ਦੇ 4 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 4 ਮੁਲਾਜ਼ਮ ਸ਼ਾਮਲ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਨੇ ਰਿਸ਼ਵਤ ਦੇ ਕੇਸਾਂ ਵਿਚ ਦੋਸ਼ੀ ਪਾਏ ਗਏ ਸੱਤ ਕਰਮਚਾਰੀਆਂ ਨੂੰ ਸਜ਼ਾਵਾਂ ਤੇ ਜੁਰਮਾਨੇ ਸੁਣਾਏ ਹਨ।
ਇਸ ਸਬੰਧੀ ਚੀਫ਼ ਡਾਇਰੈਕਟਰ-ਕਮ-ਏ.ਡੀ.ਜੀ.ਪੀ ਵਿਜੀਲੈਂਸ ਬਿਓਰੋ ਪੰਜਾਬ ਬੀ.ਕੇ. ਉਪਲ ਨੇ ਕਿਹਾ ਕਿ ਇਸ ਦੌਰਾਨ ਬਿਊਰੋ ਨੇ ਜਨਤਕ ਸੇਵਾਵਾਂ ਅਤੇ ਹੋਰਨਾਂ ਖੇਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਕਰਨ ਲਈ ਅਪਣੀ ਪੂਰੀ ਕੋਸ਼ਿਸ਼ ਕੀਤੀ। ਇਸ ਦਿਸ਼ਾ ਵਿਚ ਵਿਜੀਲੈਂਸ ਦੇ ਪੜਤਾਲੀਆ ਅਧਿਕਾਰੀਆਂ ਨੇ ਰਾਜ ਦੀਆਂ ਵੱਖ-ਵੱਖ ਅਦਾਲਤਾਂ ਵਿਚ ਚਲਦੇ ਮੁਕੱਦਮਿਆਂ ਦੌਰਾਨ ਦੋਸ਼ੀਆਂ ਨੂੰ ਨਿਆਂਇਕ ਸਜ਼ਾਵਾਂ ਦਿਵਾਉਣ ਲਈ ਪੁਖਤਾ ਪੈਰਵੀ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਬਿਊਰੋ ਵਲੋਂ ਭ੍ਰਿਸ਼ਟਾਚਾਰ ਸਬੰਧੀ 5 ਕੇਸਾਂ ਦੇ ਚਲਾਣ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਵਿਚ ਪੇਸ਼ ਕੀਤੇ ਗਏ।
ਇਸੇ ਮਹੀਨੇ ਸਰਕਾਰੀ ਕਰਮਚਾਰੀਆਂ ਵਿਰੁਧ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਹੋਰ ਡੂੰਘਾਈ ਨਾਲ ਪੜਤਾਲ ਕਰਨ ਲਈ ਵਿਜੀਲੈਂਸ ਵਲੋਂ 2 ਮੁਕੱਦਮੇ ਵੀ ਦਰਜ ਕੀਤੇ ਗਏ। ਇਸੇ ਦੌਰਾਨ ਭ੍ਰਿਸ਼ਟਾਚਾਰ ਸਬੰਧੀ ਲਗਾਏ ਇਲਜਾਮਾਂ ਦੀ ਪੁਖਤਾ ਪੜਤਾਲ ਲਈ 3 ਹੋਰ ਵਿਜੀਲੈਂਸ ਪੜਤਾਲਾਂ ਵੀ ਦਰਜ ਕੀਤੀਆਂ ਗਈਆਂ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵਲੋਂ ਦਰਜ ਕੀਤੇ ਕੇਸਾਂ ਦੀ ਸੁਣਵਾਈ ਦੌਰਾਨ ਪਿਛਲੇ ਮਹੀਨੇ ਛੇ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਨੇ ਮੁਲਜ਼ਮਾਂ ਨੂੰ ਸਜ਼ਾਵਾਂ ਤੇ ਜੁਰਮਾਨੇ ਲਗਾਏ ਹਨ,
ਜਿਨ੍ਹਾਂ ਵਿਚ ਮਾਨਸਾ ਵਿਖੇ ਤੈਨਾਤ ਏ.ਐਸ.ਆਈ ਗਮਦੂਰ ਸਿੰਘ ਨੂੰ ਮਾਨਸਾ ਦੀ ਅਦਾਲਤ ਵਲੋਂ 4 ਸਾਲ ਦੀ ਕੈਦ ਅਤੇ ਪੰਜਾਹ ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸੇ ਤਰ੍ਹਾਂ ਇਕ ਹੋਰ ਭ੍ਰਿਸ਼ਟਾਚਾਰ ਦੇ ਕੇਸ ਵਿਚ ਪੀ.ਐਸ.ਪੀ.ਸੀ.ਐਲ. ਮੋਗਾ ਵਿਖੇ ਤੈਨਾਤ ਸੁਰਿੰਦਰ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ ਅਤੇ ਉਸ ਦੇ ਪ੍ਰਾਈਵੇਟ ਡਰਾਈਵਰ ਜਸਵਿੰਦਰ ਸਿੰਘ ਨੂੰ ਮੋਗਾ ਦੀ ਅਦਾਲਤ ਵਲੋਂ 4 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਇਸ ਤੋ ਇਲਾਵਾ ਪਟਿਆਲਾ ਵਿਖੇ ਤੈਨਾਤ ਏ.ਐਸ.ਆਈ ਸੁਖਵਿੰਦਰ ਸਿੰਘ ਨੂੰ ਪਟਿਆਲਾ ਦੀ ਅਦਾਲਤ ਵਲੋਂ 3 ਸਾਲ ਦੀ ਕੈਦ ਅਤੇ ਵੀਹ ਹਜ਼ਾਰ ਰੁਪਏ ਦੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਬਰਨਾਲਾ ਵਿਖੇ ਤੈਨਾਤ ਏ.ਐਸ.ਆਈ. ਜਰਨੈਲ ਸਿੰਘ ਨੂੰ ਬਰਨਾਲਾ ਦੀ ਅਦਾਲਤ ਵਲੋਂ 4 ਸਾਲ ਦੀ ਕੈਦ ਅਤੇ ਵੀਹ ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਉਕਤ ਤੋ ਇਲਾਵਾ ਅਨੰਦਪੁਰ ਸਾਹਿਬ ਵਿਖੇ ਤੈਨਾਤ ਵਣ ਰੇਂਜ ਅਫ਼ਸਰ ਬਲਦੇਵ ਸਿੰਘ ਨੂੰ ਰੂਪਨਗਰ ਦੀ ਅਦਾਲਤ ਵਲੋਂ 4 ਸਾਲ ਦੀ ਕੈਦ ਅਤੇ ਚਾਰ ਹਜ਼ਾਰ ਰੁਪਏ ਦੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਇਸ ਤੋਂ ਇਲਾਵਾ ਗਮਾਡਾ ਐਸ.ਏ.ਐਸ. ਨਗਰ ਵਿਖੇ ਤੈਨਾਤ ਸੀਨੀਅਰ ਸਹਾਇਕ ਕਿਰਨਪਾਲ ਕਟਾਰੀਆ ਨੂੰ ਐਸ.ਏ.ਐਸ. ਨਗਰ ਦੀ ਅਦਾਲਤ ਵਲੋਂ 4 ਸਾਲ ਦੀ ਕੈਦ ਅਤੇ ਵੀਹ ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
Comments (0)
Facebook Comments (0)