
ਨਿਊਜ਼ੀਲੈਂਡ ਦਿਵਾਲੀ/ ਆਕਲੈਂਡ ਸਿਟੀ ਦੇ ਵਿਚ ਰੌਸ਼ਨੀਆਂ ਦੇ ਤਿਉਹਾਰ ਵਜੋਂ ਦੋ ਦਿਨਾਂ ਦਿਵਾਲੀ ਮੇਲਾ ਸ਼ੁਰੂ-ਖੂਬ ਰਹੀ ਰੌਣਕ
Sun 21 Oct, 2018 0
ਆਕਲੈਂਡ ਸਿਟੀ ਕੌਂਸਿਲ ਵੱਲੋਂ ਭਾਰਤੀ ਦਾ ਸਰਬ ਸਾਂਝਾ ਤਿਉਹਾਰ ‘ਦਿਵਾਲੀ’ ਹਰ ਸਾਲ ਸਰਕਾਰੀ ਤੌਰ ‘ਤੇ ਇਕ ਥਾਂ ਨਹੀਂ ਕਈ ਥਾਂ ਮਨਾਇਆ ਜਾਂਦਾ ਹੈ। ਅੱਜ ਦੋ ਦਿਨਾਂ ਦਿਵਾਲੀ ਮੇਲਾ ਆਕਲੈਂਡ ਸਿਟੀ ਵਿਖੇ ‘ਏਓਟੀਆ ਸੁਕੇਅਰ ਸੈਂਟਰ’ ਵਿਖੇ ਸ਼ੁਰੂ ਹੋਇਆ। ਵਿਸ਼ਾਲ ਆਕਾਰ ‘ਚ ਬਣੀ ਸਟੇਜ ਉਤੇ ਦੁਪਹਿਰ 12 ਕੁ ਵਜੇ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਦੀਵਾ ਜਗਾ ਕੇ ਇਸ ਦਿਵਾਲੀ ਮੇਲੇ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਸ੍ਰੀ ਸੰਜੀਵ ਕੋਹਲੀ, ਆਕਲੈਂਡ ਤੋਂ ਆਨਰੇਰੀ ਕੌਂਸਿਲ ਸ੍ਰੀ ਭਵ ਢਿੱਲੋਂ, ਏਥਨਿਕ ਮੰਤਰੀ ਜੈਨੀ ਸਾਲੇਸਾ, ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਡਾ. ਪਰਮਜੀਤ ਕੌਰ ਪਰਮਾਰ, ਸਾਂਸਦ ਪ੍ਰਿਅੰਕਾ ਰਾਧਾਕ੍ਰਿਸ਼ਨਨ, ਮੰਤਰੀ ਟਿਲ ‘ਟਾਇਫੋਰਡ, ਆਕਲੈਂਡ ਮੇਅਰ ਸ੍ਰੀ ਫਿੱਲ ਗੌਫ ਵੀ ਹਾਜ਼ਿਰ ਸਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਵਿਚ ਉਨ੍ਹਾਂ ਦਿਵਾਲੀ ਦੀ ਵਧਾਈ ਦਿੱਤੀ ਅਤੇ ਮਹਾਤਮਾ ਗਾਂਧੀ ਦਾ ਵੀ ਵਿਸੇਸ਼ ਜ਼ਿਕਰ ਕੀਤਾ। ਉਨ੍ਹਾਂ ਭਾਰਤੀ ਕਮਿਊਨਿਟੀ ਦੇ ਨਿਊਜ਼ੀਲੈਂਡ ਵਿਕਾਸ ਦੇ ਵਿਚ ਪਾਏ ਜਾ ਰਹੇ ਯੋਗਦਾਨ ਨੂੰ ਵੀ ਸਲਾਹਿਆ। ਨੈਸ਼ਨਲ ਪਾਰਟੀ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ ਵੀ ਇਸ ਮੌਕੇ ਪਹੁੰਚੇ ਅਤੇ ਉਨ੍ਹਾਂ ਦਿਵਾਲੀ ਦੀ ਵਧਾਈ ਦਿੱਤੀ ਅਤੇ ਸੰਬੋਧਨ ਕੀਤਾ। ਉਨ੍ਹਾਂ ਦਿਵਾਲੀ ਨੂੰ ਬਦੀ ਉਤੇ ਨੇਕੀ ਦੀ ਜਿੱਤ ਐਲਾਨਿਆ ਅਤੇ ਭਾਰਤੀ ਸਮੁਦਾਇ ਦਾ ਧੰਨਵਾਦ ਕੀਤਾ।
ਮਹਾਤਮਾ ਗਾਂਧੀ ਦੀ ਤਸਵੀਰ ਵਾਲੀ ਡਾਕ ਟਿਕਟ ਜਾਰੀ: ਇਸ ਦਿਵਾਲੀ ਮੇਲੇ ਦੌਰਾਨ ਪ੍ਰਧਾਨ ਮੰਤਰੀ ਅਤੇ ਆਕਲੈਂਡ ਦੇ ਮੇਅਰ ਸ੍ਰੀ ਫਿੱਲ ਗੌਫ ਨੇ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਜਸ਼ਨਾਂ ਨੂੰ ਸਮਰਪਿਤ ਇਕ ਵਿਸ਼ੇਸ਼ ਡਾਕ ਟਿਕਟ (ਕੀਮਤ 1.30 ਡਾਲਰ) ਵੀ ਜਾਰੀ ਕੀਤੀ। ਇਸ ਡਾਕ ਟਿਕਟ ਉਤੇ ਜਿੱਥੇ ਮਹਾਤਮਾ ਗਾਂਧੀ ਦੀ ਤਸਵੀਰ ਅੰਕਿਤ ਕੀਤੀ ਗਈ ਹੈ ਉਥੇ ਚਰਖੇ ਅਤੇ ਉਨ੍ਹਾਂ ਦੇ ਸ਼ਾਂਤੀ ਮਾਰਚ ਵਾਲੇ ਸਕੈਚ ਨੂੰ ਲੋਗੋ ਵਜੋਂ ਵਰਤਿਆ ਗਿਆ ਹੈ।
ਭਾਰਤ ਸਰਕਾਰ ਵੱਲੋਂ ਪਹੁੰਚੀ ਭੰਗੜਾ ਟੀਮ ਦੇ ਨਾਲ ਹਾਈ ਕਮਿਸ਼ਨਰ ਅਤੇ ਆਨਰੇਰੀ ਕੌਂਸਿਲ।
ਭਾਰਤ ਸਰਕਾਰ ਵੱਲੋਂ ਪਹੁੰਚੀ ਭੰਗੜਾ ਟੀਮ: ਇਹ ਪਹਿਲੀ ਵਾਰ ਹੋਇਆ ਕਿ ਭਾਰਤ ਸਰਕਾਰ ਦੀ ‘ਇੰਡੀਅਨ ਕੌਂਸਿਲ ਫਾਰ ਕਲਚਰਲ ਰਿਲੇਸ਼ਨ’ ਸਕਾਲਰਸ਼ਿਪ ਸਕੀਮ ਅਧੀਨ ਸ੍ਰੀ ਭਵ ਢਿੱਲੋਂ ਦੇ ਯਤਨਾਂ ਸਦਕਾ ਪਹਿਲੀ ਵਾਰ ਪੰਜਾਬ ਦੇ ਬੁੱਢਲਾਡਾ ਸ਼ਹਿਰ ਤੋਂ ਮੁੰਡੇ-ਕੁੜੀਆਂ ਦੀ ਭੰਗੜਾ ਟੀਮ ਜਿਸ ਦੇ ਵਿਚ ਬੋਲੀਆ ਪਾਉਣ ਵਾਲਾ, ਚਿਮਟੇ ਵਾਲਾ ਅਤੇ ਢੋਲ ਵੀ ਸ਼ਾਮਿਲ ਹੈ, ਨੇ ਸਟੇਜ ਉਤੇ ਪੂਰੀ ਧਮਾਲ ਪਾਈ। ਇਹ ਗਰੁੱਪ ਲਾਈਵ ਪਰਫਾਰਮੈਂਸ ਦੇ ਰਿਹਾ ਸੀ ਅਤੇ ਲੋਕਾਂ ਨੇ ਬਹੁਤ ਸਲਾਹਿਆ। ਇਸ ਮੇਲੇ ਦੀ ਕਾਫੀ ਉਡੀਕ ਰਹਿੰਦੀ ਹੈ ਅਤੇ ਅਪਾਰਟਮੈਂਟਾਂ ਅਤੇ ਦੂਰ ਦੁਰੇਡਿਆਂ ਦੇ ਵਿਚ ਬੈਠੇ ਲੋਕ ਇਸ ਮੇਲੇ ਦਾ ਆਨੰਦ ਲੈਣਾ ਕਦੀ ਨਹੀਂ ਭੁੱਲਦੇ ਕਿਉਂਕਿ ਉਥੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਵੀ ਮਿਲਦੇ ਹਨ। ਵਿਰਸਾ ਅਕੈਡਮੀ ਦੀਆਂ ਮੁੰਡਿਆਂ ਅਤੇ ਕੁੜੀਆਂ ਦੀ ਟੀਮ ਨੇ ਭੰਗੜੇ ਦੇ ਜੌਹਰ ਵਿਖਾਏ। ਨਿਊਜ਼ੀਲੈਂਡ ਡਿਫੈਂਸ ਅਤੇ ਨਿਊਜ਼ੀਲੈਂਡ ਪੁਲਿਸ ਨੇ ਵੀ ਸਟਾਲ ਲਾਏ ਹੋਏ ਸਨ। ਮਿਸਟਰ ਅਤੇ ਮਿਸਜ਼ ਦਿਵਾਲੀ ਵੀ ਚੁਣੇ ਗਏ।
ਦੁਸਹਿਰੇ ਮੌਕੇ ਮਾਰੇ ਗਏ ਲੋਕਾਂ ਪ੍ਰਤੀ ਨਹੀਂ ਕੀਤਾ ਅਫਸੋਸ: ਪਤਾ ਕਰਨ ਉਤੇ ਪਤਾ ਲੱਗਾ ਕਿ ਬੀਤੀ ਰਾਤ ਅੰਮ੍ਰਿਤਸਰ ਵਿਖੇ ਦੁਸਹਿਰੇ ਮੌਕੇ ਮਾਰੇ ਗਏ ਲੋਕਾਂ ਪ੍ਰਤੀ ਕਿਸੀ ਨੇ ਸ਼ਰਧਾ ਦੇ ਫੁੱਲ ਭੇਟ ਨਹੀਂ ਕੀਤੇ, ਬਸ ਜਸ਼ਨ ਹੀ ਮਨਾਏ ਗਏ। ਸ. ਕੰਵਲਜੀਤ ਸਿੰਘ ਬਖਸ਼ੀ ਨੇ ਜਰੂਰ ਆਪਣਾ ਬਿਆਨ ਸਾਂਝਾ ਕਰਨ ਵਾਸਤੇ ਕਿਹਾ ਹੈ। ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਜਰੂਰ ਸਾਰੇ ਮ੍ਰਿਤਕਾਂ ਪ੍ਰਤੀ ਦੁੱਖ ਜ਼ਾਹਿਰ ਕੀਤਾ ਹੈ।
Comments (0)
Facebook Comments (0)