ਔਰਤ ਨੂੰ ਜੀਪ 'ਤੇ ਘੁਮਾਉਣ ਅਤੇ ਸੁੱਟਣ ਦੇ ਮਾਮਲਿਆਂ ਦੀ ਜਾਂਚ ਸ਼ੁਰੂ
Sat 3 Nov, 2018 0ਪੁਲਿਸ ਦੁਆਰਾ ਔਰਤ ਨੂੰ ਜੀਪ ਦੀ ਛੱਤ 'ਤੇ ਜਬਰੀ ਬਿਠਾ ਕੇ ਘੁੰਮਾਉਣ ਅਤੇ ਸ਼ਰਆਮ ਸੁੱਟ ਕੇ ਫੱਟੜ ਕਰ ਦੇਣ ਸਮੇਤ ਤਿੰਨ ਮਾਮਲਿਆਂ ਦੀ ਉੱਚ ਪਧਰੀ ਜਾਂਚ ਸ਼ੁਰੂ ਹੋ ਗਈ ਹੈ। ਡੀਐਸਪੀ ਕ੍ਰਾਈਮ ਜ਼ੋਨਲ ਅੰਮ੍ਰਿਤਸਰ ਲਖਵਿੰਦਰ ਸਿੰਘ ਦੇ ਹਸਤਾਖਰਾਂ ਹੇਠ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਸ ਬਾਬਤ ਹਲਫ਼ਨਾਮਾ ਦੇ ਕੇ ਜਾਣੂੰ ਕਰਵਾਇਆ ਗਿਆ ਹੈ ਜਿਸ ਮੁਤਾਬਕ ਇਸ ਵਿਸ਼ੇਸ਼ ਜਾਂਚ ਟੀਮ ਦੇ ਚੇਅਰਮੈਨ ਰੋਪੜ ਰੇਂਜ ਦੀ ਆਈਜੀ ਵੀ ਨੀਰਜਾ ਹਨ ਜਦਕਿ ਮੈਂਬਰਾਂ ਵਜੋਂ ਆਈਜੀ ਕਰਾਈਮ ਕੁੰਵਰ ਪ੍ਰਤਾਪ ਸਿੰਘ ਅਤੇ ਏਆਈਜੀ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਸੰਦੀਪ ਗੋਇਲ ਸ਼ਾਮਲ ਹਨ।
ਹਾਈ ਕੋਰਟ ਬੈਂਚ ਨੇ ਇਨ੍ਹਾਂ ਕੇਸਾਂ ਦੀ ਸੁਣਵਾਈ ਆਉਂਦੀ 20 ਦਸੰਬਰ ਨੂੰ ਤੈਅ ਕਰਦਿਆਂ ਉਦੋਂ ਤਕ ਸਟੇਟਸ ਰੀਪੋਰਟ ਮੰਗੀ ਹੈ। ਹਲਫ਼ਨਾਮੇ ਮੁਤਾਬਕ ਇਹ ਟੀਮ ਉਕਤ ਘਟਨਾ ਨਾਲ ਸਬੰਧਤ ਤਿੰਨ ਪਰਚਿਆਂ ਬਾਰੇ ਜਾਂਚ ਕਰ ਰਹੀ ਹੈ। ਪੀੜਤਾ ਦੇ ਸਹੁਰਾ ਬਲਵੰਤ ਸਿੰਘ ਦੀ ਪਟੀਸ਼ਨ 'ਤੇ ਪਹਿਲਾਂ ਹੀ ਪੰਜਾਬ ਸਰਕਾਰ, ਡੀਜੀਪੀ ਅਤੇ ਅੰਮ੍ਰਿਤਸਰ ਦੇ ਐਸਐਸਪੀ ਨੂੰ ਨੋਟਿਸ ਜਾਰੀ ਹੋਇਆ ਸੀ। ਜ਼ਿਕਰਯੋਗ ਹੈ ਕਿ ਕੁੱਝ ਹਫ਼ਤੇ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸ਼ਹਿਜ਼ਾਦਾ ਦੀ ਵਸਨੀਕ ਜਸਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਨੂੰ ਪੁਲਿਸ ਵਲੋਂ ਜ਼ਲੀਲ ਕੀਤਾ ਗਿਆ ਅਤੇ ਉਸ ਨੂੰ ਕੁੱਟਮਾਰ ਮਗਰੋਂ ਜੀਪ ਦੀ ਛੱਤ 'ਤੇ ਬਿਠਾ ਕੇ ਪੂਰੇ ਪਿੰਡ 'ਚ ਘੁਮਾਇਆ ਗਿਆ। ਮਗਰੋਂ ਪਿੰਡ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਚਵਿੰਡਾ ਦੇਵੀ ਬਾਈਪਾਸ ਮੌੜ 'ਤੇ ਉਸ ਨੂੰ ਜੀਪ ਤੋਂ ਹੇਠਾਂ ਸੁੱਟ ਦਿਤਾ ਗਿਆ। ਮਹਿਲਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਇਹ ਸਾਰੀ ਘਟਨਾ ਪਿੰਡ ਅਤੇ ਰਾਹ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਚੁਕੀ ਹੈ।
Comments (0)
Facebook Comments (0)