
ਪੰਜਾਬ ਦੀ ਧੀ ਕੈਨੇਡਾ 'ਚ ਬਣੀ ਬੱਸ ਡਰਾਈਵਰ
Thu 30 Jan, 2020 0
ਐਬਟਸਫੋਰਡ- ਪੰਜਾਬ ਦੀ ਮੁਟਿਆਰ ਰੁਪਿੰਦਰ ਕੌਰ ਰੰਧਾਵਾ ਕੈਨੇਡਾ 'ਚ ਐਬਟਸਫੋਰਡ ਦੀ ਪਹਿਲੀ ਬੱਸ ਡਰਾਈਵਰ ਬਣ ਗਈ ਹੈ। ਰੁਪਿੰਦਰ ਕੌਰ ਨੇ ਕਿਹਾ ਕਿ ਜਦੋਂ ਮੈਂ ਪੰਜਾਬ ਵਿਚ ਗੌਰਮਿੰਟ ਕਾਲਜ ਲੁਧਿਆਣਾ ਪੜ੍ਹਦੀ ਸੀ ਤਾਂ ਰੋਜ਼ਾਨਾ ਸਵੇਰੇ ਬੱਸ ਰਾਹੀਂ ਰਾਏਕੋਟ ਤੋਂ ਲੁਧਿਆਣੇ ਜਾਂਦੀ ਸੀ।
ਸ਼ਾਮ ਨੂੰ ਬੱਸ ਰਾਹੀਂ ਹੀ ਵਾਪਸ ਘਰ ਪਰਤਦੀ ਸੀ। ਉਸ ਸਮੇਂ ਕਈ ਵਾਰ ਸੋਚਦੀ ਸੀ ਕਿ ਬੱਸ ਡਰਾਈਵਰ ਦੀ ਡਿਊਟੀ ਕਿੰਨੀ ਜ਼ੋਖ਼ਮ ਭਰੀ ਹੁੰਦੀ ਹੈ। ਸੈਂਕੜੇ ਸਵਾਰੀਆਂ ਦੀਆਂ ਜਾਨਾਂ ਬੱਸ ਡਰਾਈਵਰ ਦੇ ਹੱਥ ਹੁੰਦੀਆਂ ਹਨ ਪਰ ਮੈਂ ਇਹ ਕਦੇ ਨਹੀਂ ਸੀ ਸੋਚਿਆ ਕਿ ਮੈਂ ਵੀ ਇੱਕ ਦਿਨ ਬੱਸ ਡਰਾਈਵਰ ਬਣਾਂਗੀ।
ਰਾਏਕੋਟ ਨੇੜੇ ਪਿੰਡ ਤਾਜਪੁਰ ਦੀ ਜੰਮਪਲ ਅਤੇ ਮਾਲੇਰਕੋਟਲਾ ਨੇੜੇ ਪਿੰਡ ਮਾਹਮਦਪੁਰ ਦੇ ਸ਼ਰਨਜੀਤ ਸਿੰਘ ਰੰਧਾਵਾ ਨੂੰ ਵਿਆਹੀ ਰੁਪਿੰਦਰ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਸ ਤਰ੍ਹਾਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਬੱਸ ਕੰਪਨੀ ਬੀ.ਸੀ. ਟਰਾਂਜ਼ਿਟ ਹੈ।
ਬੱਸ ਡਰਾਈਵਰ ਨੂੰ ਇੱਕ ਹਫ਼ਤੇ ਵਿਚ 40 ਘੰਟੇ ਕੰਮ ਕਰਨਾ ਪੈਂਦਾ ਹੈ। ਇਨ੍ਹਾਂ ਬੱਸਾਂ ਵਿਚ ਕੋਈ ਕੰਡਕਟਰ ਨਹੀਂ ਹੁੰਦਾ ਤੇ ਸਵਾਰੀਆਂ ਡਰਾਈਵਰ ਕੋਲ ਪਏ ਬਕਸੇ ਵਿਚ ਪੈਸੇ ਪਾ ਕੇ ਅਪਣੀ ਟਿਕਟ ਲੈ ਲੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਬੱਸ ਵਿਚ ਸਫਰ ਕਰਨ ਵਾਲੇ ਵੱਖ ਵੱਖ ਕੰਮਾਂ ਦੇ ਲੋਕ ਬੱਸ ਡਰਾਈਵਰ ਦਾ ਬਹੁਤ ਸਤਿਕਾਰ ਕਰਦੇ ਹਨ।
ਰੁਪਿੰਦਰ ਕੌਰ ਨੇ ਕਿਹਾ ਕਿ ਅੱਜ ਦੀ ਔਰਤ ਮਰਦ ਦੇ ਬਰਾਬਰ ਹਰ ਕੰਮ ਕਰ ਸਕਦੀ ਹੈ। ਬਸ਼ਰਤੇ ਉਹ ਨਾਰੀ ਸ਼ਕਤੀ ਨੂੰ ਪਛਾਣ ਲਏ। ਰੁਪਿੰਦਰ ਕੌਰ ਰੰਧਾਵਾ ਕੈਨੇਡਾ ਵੱਸਦੀਆਂ ਪੰਜਾਬਣਾਂ ਲਈ ਇੱਕ ਪ੍ਰੇਰਨਾ ਸਰੋਤ ਹੈ।
Comments (0)
Facebook Comments (0)