
ਤੇਰੇ ਨਾਮ ਦੇ ਵਿੱਚ ਜੋ ਜਾਣ ਰੰਗੇ.......................
Wed 31 Oct, 2018 0
ਤੇਰੇ ਨਾਮ ਦੇ ਵਿੱਚ ਜੋ ਜਾਣ ਰੰਗੇ।
ਕਰਦੇ ਤਖਤਾਂ ਦੀ ਕਦੋਂ ਪਰਵਾਹ ਸਾਂਈਆ।
ਬਾਦਸ਼ਾਹੀਆਂ ਨੂੰ ਠੋਕਰਾਂ ਮਾਰ ਦਿੰਦੇ।
ਦੇਵੇਂ ਜਿਨ੍ਹਾਂ ਨੂੰ ਦਰਸ ਦਿਖਾ ਸਾਂਈਆ।
ਰੰਗ ਅੰਦਰੋਂ ਜਦੋਂ ਹੋ ਜਾਣ ਗੂੜ੍ਹੇ।
ਰੰਗ ਦੁਨੀਆ ਦੇ ਹੋਣ ਫਨਾਹ ਸਾਂਈਆ।
ਗਾਕੇ ਇਸ਼ਕ ਤੇਰੇ ਦਿਆਂ ਨਗ਼ਮਿਆ ਨੂੰ।
ਲੈਣ ਭੁੱਖ ਪਿਆਸ ਮਿਟਾ ਸਾਂਈਆ।
ਦੁਨੀਆਂ ਜਾਣੇ ਕੀ ਰਮਜ ਫਕੀਰ ਦੀ ਨੂੰ।
ਅੰਦਰ ਜਿਨ੍ਹਾਂ ਦੇ ਵਸੇਂ ਤੂੰ ਆ ਸਾਂਈਆ।
ਭੱਠੀ ਝੋਕ ਕੇ ਸਭ ਰੰਗੀਨੀਆਂ ਨੂੰ।
ਲੀਰਾਂ ਲੈਂਦੇ ਨੇ ਗਲ ਵਿੱਚ ਪਾ ਸਾਈਆਂ।
ਤੇਰੀ ਮਿਹਰ ਦੇ ਮੀਂਹ ਜਦ ਵਰਸਦੇ ਨੇ।
ਦਿੰਦੇ ਆਪਣਾ ਆਪ ਭੁਲਾ ਸਾਈਆਂ।
ਬੂੰਦ ਸਾਗਰ ਤੇ ਸਾਗਰ ਫਿਰ ਬੂੰਦ ਹੋ ਜਾਏ।
ਤੇਰੇ ਪਹੁੰਚਣ ਦੁਆਰੇ ਤੇ ਜਾ ਸਾਈਆਂ।
ਪਵਨਪ੍ਰੀਤ ਕੌਰ
Comments (0)
Facebook Comments (0)