ਅੱਤ ਤੇ ਅੱਤ - ਰਣਜੀਤ ਕੌਰ
Fri 23 Nov, 2018 0ਅੱਤ ਤੇ ਅੱਤ - ਰਣਜੀਤ ਕੌਰ
ਸਾਡੀ ਪੰਜਾਬੀਆਂ ਦੀ ਮੱਤ ਹੈ ਕੇ ਅਸੀਂ ਹਰ ਨਵੀਂ ਲੀਹ ਨੂੰ ਬਿਨਾਂ ਪਰਖੇ ਆਦਤ ਬਣਾ ਲੈਂਦੇ ਹਾਂ,ਬਹੁਤੀ ਵਾਰ ਇਹ ਆਦਤ ਸ਼ੁਗਲ ਵਜੋਂ ਹੀ ਪੱਕੀ ਹੋ ਜਾਂਦੀ ਹੈ ਤੇ ਫਿਰ ਥੋੜੇ ਸ਼ਬਦਾਂ ਵਿੱਚ ਕਹਾਂ ਤਾਂ ਰੀਤ ਰਿਵਾਜ ਬਣ ਜਾਂਦੀ ਹੈ।ਬੇਬੇ ਇਸਨੂੰ ਭੇਡ ਚਾਲ ਦਾ ਦਰਜਾ ਦਿੰਦੀ ਹੈ।
ਇਹ ਲੀਹਾਂ ਪੰਜਾਬੀਆਂ ਨੂੰ ਗੁੜ੍ਹਤੀ ਵਿੱਚ ਵੀ ਮਿਲ ਜਾਂਦੀਆਂ ਹਨ।
ਪਹਿਲਾਂ ਸ਼ੁਗਲ ਫਿਰ ਸੁਭਾਅ ਫਿਰ ਆਦਤ ਤੇ ਫਿਰ ਭੇਡਚਾਲ ਬਣੀ ਇਹ ਗੁੜ੍ਹਤੀ ਸਹਿਜ ਤੋਂ ਅੱਤ ਤਕ ਪੁਜਣ ਤਕ ਅਸੀਂ ਅਵੇਸਲੇ ਹੀ ਰਹਿੰਦੇ ਹਾਂ ''ਪਾਣੀ ਸਿਰੋਂ ਲੰਘਣ ਤੱਕ' ਸਿਆਣਿਆਂ ਦੀ ਹਾਅਕ ਸੁਣਨੀ ਵੀ ਗਵਾਰਾ ਨਹੀਂ ਕਰਦੇ।
ਬਜੁਰਗ ਫਰਮਾ ਗਏ ਸੀ ਕਿ '' ਬੁਰਾਈ ਨੂੰ ਸ਼ੁਰੂ ਵਿੱਚ ਨੱਪ ਦਿਓ'॥ਚਾਲੀ ਸਾਲ ਪਹਿਲਾਂ ਵਾਲੀ ਪੀੜ੍ਹੀ ਬਜੁਰਗਾਂ ਨੂੰ ਬੇਰਿਵਾਜੇ ਜਿਸਨੂੰ ਅੰਗਰੇਜੀ ਵਿੱਚ ਆਉਟਡੇਟਡ ਕਹਿੰਦੇ ਹਨ,ਤੇ ਕਈ ਤਾਂ ਸਿੱਧਾ ਹੀ ਕਹਿੰਦੇ ਹਨ ਡੈਡੀ ਐਂਟੀਕ ਪੀਸ ਹੈ ਇਹਨੂੰ ਨਵੇਂ ਜਮਾਨੇ ਦਾ ਨਹੀਂ ਪਤਾ'॥1980 ਤੋਂ ਧਰਮ ਦੇ ਠੇਕੇਦਾਰਾਂ ਨੇ ਧਰਮ ਦੇ ਹਿੱਤ ਵਿੱਚ ਜੋ ਲਹਿਰ ਕੱਢੀ ਉਹ ਅੱਤ ਦੀ ਹੱਦ ਪਾਰ ਕਰ ਅੱਤਵਾਦ ਹੋ ਨਿਬੜੀ।
ਇਸ ਤੋਂ ਹੀ ਪੈਦਾ ਹੋਈ ਕੰਮ ਨਾਂ ਕਰਨ ਦੀ ਭੇਡਚਾਲ,ਜੋ ਅਗਵਾ ,ਫਿਰੌਤੀ,ਤੈਵਾਨ,ਦੀ ਅੱਤ ਬਣੀ
ਫਿਰ ਰਾਤੋ ਰਾਤ ਅਮੀਰ ਹੋ ਜਾਣ ਦੀ ਰੀਤ ਨੇ ਦਾਜ/ਦਹੇਜ ਲੈਣ ਦੀ ਅੱਤ ਲੈ ਆਂਦੀ।
ਤੇ ਇਸ ਅੱਤ ਨੇ ਸਟੋਵ ਫਟਣ ਤੇ ਸਿਲੰਡਰ ਫਟਣ ਦੀ ਅੱਤ ਨੂੰ ਜਨਮ ਦਿੱਤਾ।
ਇਹਦੇ ਵਿਚੋਂ ਧੀਆਂ ਨੂੰ ਕੁੱਖ ਵਿੱਚ ਮਾਰ ਦੇਣ ਦਾ ਰਿਵਾਜ ਚਲਿਆ ਤੇ' ਭਰੂਣ ਹੱਤਿਆ ' ਅੱਤਵਾਦ ਆ ਗਿਆ।
ਮਾਤ ਭਾਸ਼ਾ ਪੰਜਾਬੀ ਨੂੰ ਪੰਜਾਬ ਵਿਚੋਂ ਬਾਹਰ ਕੱਢ ਦੇਣ ਦੀ ਲਹਿਰ ਆਈ ਤੇ ਵੱਧ ਫੁੱਲ ਕੇ ਅੱਤਵਾਦ ਬਣੀ।ਫਿਰ ਪੰਜਾਬੀ ਦੇ ਚਹੇਤੇ ਉਠੇ,ਉਹਨਾਂ ਦੇ ਯਤਨਾਂ ਦੀ ਚਾਲ ਨੂੰ ਲਚਰਤਾ/ਅਸਲੀਲਤਾ ਨੇ ਮੰਦੀ ਦੇ ਰਾਹ ਪਾ ਕੇ ਗੰਧਲੀ ਪੰਜਾਬੀਅਤ ਦਾ ਅੱਤਵਾਦ ਲੈ ਆਂਦਾ।
ਇਸ ਲਚਰਤਾ ਨੇ ਸ਼ੋਰ ਸ਼ਰਾਬੇ ਦੇ ਅੱਤਵਾਦ ਨੂੰ ਜਨਮ ਦਿੱਤਾ।ਦੋ ਸੌ ਡੇਸੀਮਲ ਤੇ ਡੀ ਜੇ ਤੇ ਅਸਲੀਲ ਪੰਜਾਬੀ ਗਾ ਕੇ ਅਪਰਾਧ ਰੂਪੀ ਅੱਤਵਾਦ ਫੈੇਲਾਇਆ।ਘਰੋਂ ਚੋਰੀ ਵਿਆਹ ਕਰਾਉਣੇ,ਗੈਰਤ ਦੇ ਕਤਲ ਹੋਣੇ ਇਸੇ ਦਾ ਹੀ ਫਲ ਸਵਰੂਪ ਹਨ।ਇਸ ਅੱਤ ਨੇ ਮਧੋਲ ਸੁਟੀ ਹੈ ਤਹਿਜ਼ੀਬ ਤੇ ਕੱਖ ਨਹੀਂ ਛਡਿਆ ਪੱਲੇ ਤਮੀਜ਼ ਦੇ,ਘਾਣ ਕੀਤਾ ਸੂ ਸੰਸ ਕਿਰਿਤੀ ਦਾ॥ਇਹ ਹੈ ਸਭਿਆਚਾਰ ਅੱਤਵਾਦ।
ਪੰਜਾਬੀਆਂ ਦੀ ਮੱਤ ਚੜ੍ਹਦੇ ਨੂੰ ਝੱਟ ਚੜ੍ਹ ਜਾਂਦੀ ਹੈ,ਤੇ ਇਸ ਪੁੱਠੀ ਮੱਤ ਦਾ ਨਜ਼ਾਇਜ਼ ਫਾਇਦਇਸਾ ਨਸ਼ੇ ਵੇਚਣ ਵਾਲਿਆਂ ਉਠਾਇਆ,ਨਸ਼ਾ ਸ਼ੁਗਲ ਮੇਲੇ ਤੋਂ ਫੈਸ਼ਨ ਬਣਿਆ ਤੇ ਫਿਰ ਆਦਤ ਤੇ ਫਿਰ ਭੇਡਚਾਲ ਬਣ ਗਿਆ।ਅਜਕਲ ਇਹਨੂੰ ਨਸ਼ਿਆਂ ਦਾ ਛੇਵਾਂ ਦਰਿਆ ਤੇ ਨਸ਼ਿਆਂ ਦਾ ਹੜ੍ਹ ਕਹਿੰਦੇ ਹਨ,ਇਹ ਤਾਂ ਨਸ਼ਿਆਂ ਦਾ ਅੱਤਵਾਦ ਹੈ।ਤੇ ਅੱਤ ਤੇ ਅੱਤ ਆਪਸ ਵਿੱਚ ਭਿੜ ਰਹੇ ਹਨ।
ਨਸੇ ਦੇ ਅੱਤਵਾਦ ਤੇ ਲਚਰ ਗੀਤਾਂ ਦੇ ਅੱਤਵਾਦ ਚੋਂ ਇਕ ਹੋਰ ਅੱਤ ਜਨਮੀ-ਪੜ੍ਹਨਾ ਨਹੀ ਨਕਲ ਮਾਰਨੀ ਹੈ ਤੇ ਕਿਸੇ ਵੀ ਤਰੀਕੇ ਜਮਾਤ ਪਾਸ ਕਰਨੀ ਹੈ।ਅਲੜ੍ਹ ਉਮਰ ਦੀ ਬੁੱਧੀ ਇਸ ਰਾਹ ਵਲ ਝੱਟ ਦੌੜ ਪਈ,ਤੇ ਦਸਵੀਂ ਬਾਰਵੀਂ ਨਕਲ ਮਾਰ ਕੇ ਪਾਸ ਕਰਨ ਦਾ ਅੱਤਵਾਦ ਆ ਗਿਆ।ਅੱਤਵਾਦ ਦਾ ਅਧੁਨਿਕ ਨਾਮ ' ਗੈਂਗ / ਗੈਂਗਸਟਰ ਵੀ ਹੈ।
ਜਾਣਦੇ ਹੋ? ਇਹ ਸਾਰੇ ਅੱਤਵਾਦਾਂ ਦੀ ਮਾਂ ਕੌਣ ਹੈ? ''ਫੋਕੀ ਟੌਹਰ ਦਾ ਵਿਖਾਲਾ।
ਜਾਣਦੇ ਹੋ? ਇਸਦਾ ਬਾਪ ਕੌਣ ਹੈ?' ਦੋ ਨੰਬਰ ਦਾ ਪੈਸਾ'
ਇਥੋਂ ਹੀ ਪਨਪ ਰਹੀ ਹੈ 'ਖੁਦਕੁਸ਼ੀਆਂ ਦੀ ਅੱਤ'।
ਉਪਰੋਕਤ ਦਰਸਾਏ ਰਿਵਾਜਾਂ ਦੇ ਨਾਸੂਰਾਂ ਦੀ ਤਾਬ ਨਾਂ ਝਲਦਿਆ ਕੁਝ ਸੁਹਿਰਦ ਜਨ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਗਏ ਤੇ ਫੇਰ ਵੇਖੌ ਵੇਖੀ ਵਿਦੇਸ਼ ਜਾਣ ਦਾ ਪੈਸਨ ਵੀ ਅੱਤਵਾਦ ਦੇ ਰੂਪ ਵਿੱਚ ਸਿੰਮਲ ਬਣ ਪਸਰ ਗਿਆ। ਅਜਕਲ ਪਲੱਸ ਟੂ ਪਾਸ ਕੁੜੀਆਂ ਖ੍ਰੀਦ ਕੇ ਉਹਨਾਂ ਨੂੰ ਆੲਲੇਟ ਕਰਾ ਆਸਟਰੇਲੀਆ ਕੈੇਨੇਡਾ ਉਡਾਉਣ ਦਾ ਚਸਕਾ ਚਰਮ ਸੀਮਾ ਨੂੰ ਛੁਹਣ ਵਾਲਾ ਹੈ ਤੇ 'ਉਡਣ ਅੱਤਵਾਦ' ਦੀ ਸੁਚੀ ਵਿੱਚ ਆ ਚੁੱਕਾ ਹੈ।
ਖੋਜੀ ਕਹਿੰਦੇ ਨੇ ਹਰੇ ਇਨਕਲਾਬ ਨੇ ਪੰਜਾਬ ਦੀ ਹਵਾ ਪ੍ਰਦੁਸ਼ਤ ਕਰ ਛੱਡੀ ਹੈ,ਪਰ ਸੂਝਵਾਨ ਦੀ ਸੋਚ ਕਹਿੰਦੀ ਹੈ ਪੰਜਾਬ ਦੀ ਹਵਾ ਦਹਿਸ਼ਤਗਰਦ ਹੋ ਗਈ ਹੈ।ਇਹੀ ਕਾਰਨ ਹਨ ਕਿ ਪੰਜਾਬ ਪੂਰੇ ਭਾਰਤ ਨਾਲੋਂ ਚਾਲੀ ਸਾਲ ਪਿਛਾਂਹ ਰਹਿ ਗਿਆਹੈ( ਬੈਕ ਬੈਂਚਰ) ਤੇ ਪੂਰੀ ਦੁਨੀਆ ਨਾਲੋਂ ਅਲਗਥਲਗ-ਰਸਾਇਣਕ ਅੱਤਵਾਦ ਨੇ ਹਰੇ ਚਿੱਟੇ ਇਨਕਲਾਬ ਨੂੰ ਖੋਰਾ ਲਾ ਦਿੱਤਾ।
ਬੇਸ਼ੱਕ ਪੰਜਾਬ ਦੀ ਆਬਾਦੀ ਨਾਲੋਂ ਡੇਢ ਗੁਣਾ ਵੱਧ ਮੋਬਾਇਲ ਫੋਨ ਹੋ ਗਏ ਹਨ।ਲਾਇਸੈਂਸੀ ਤੋਂ ਪੰਜ ਗੁਣਾ ਵੱਧ ਹਥਿਆਰ ਹਨ।ਬੇਰੁਜਗਾਰੀ ਦੀ ਇੰਤਹਾ ਹੈ ਫਿਰ ਵੀ ਭੁੱਖਾ ਕੋਈ ਨਹੀਂ ਸੌਂਦਾ।ਤੋਸ਼ੇਖਾਨੇ ਭਰਪੂਰ ਹਨ ,ਜਬਰੀ ਉਗਰਾਹੀ ਵਾਲੇ ਅਟੁੱਟ ਲੰਗਰ ਹਨ।ਪ੍ਰਸ਼ਾਸਨ ਦਸ ਨੰਬਰੀ ਹੋਣ ਕਰਕੇ ਪੰਜਾਬੀਅਤ ਪਲੀਤੀ ਗਈ ਹੈ।
ਅੰਤਿਕਾ-ਪੰਜਾਬ ਢਾਹ ਕੇ ਮੁੜ ਬਣਾਉਣ ਦੀ ਅਵੱਸ਼ਕਤਾ ਹੈ।
'' ਮਾਂਗਤਾ ਹੂੰ ਮੈਂ 'ਮੁਨੀਰ' ਇਸ ਉਮਰ ਕੇ ਅੰਜਾਮ ਪਰ-
ਇਕ ਐੇਸੀ ਜਿੰਦਗੀ ਦੇ ਜੋ ਇਸ ਕਦਰ ਮੁਸ਼ਕਿਲ ਨਾ ਹੋ॥''
ਰਣਜੀਤ ਕੌਰ /ਗੁੱਡੀ-
ਤਰਨ ਤਾਰਨ 9780282816
Comments (0)
Facebook Comments (0)