ਸਮਾਜਵਾਦੀ ਪਾਰਟੀ ਦੇ ਘਰਾਂ 'ਤੇ ਛਾਪਿਆਂ ਨੂੰ ਲੈ ਕੇ ਲੋਕ ਸਭਾ ਵਿਚ ਭਾਰੀ ਰੌਲਾ-ਰੱਪਾ
Tue 8 Jan, 2019 0ਨਵੀਂ ਦਿੱਲੀ : ਲੋਕ ਸਭਾ ਵਿਚ ਉਤਰ ਪ੍ਰਦੇਸ਼ ਵਿਚ ਮਾਈਨਿੰਗ ਮਾਮਲੇ ਵਿਚ ਸੀਬੀਆਈ ਦੇ ਛਾਪਿਆਂ ਦਾ ਮਾਮਲਾ ਛਾਇਆ ਰਿਹਾ ਅਤੇ ਸਮਾਜਵਾਦੀ ਪਾਰਟੀ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਕਰੀਬ ਤਿੰਨ ਵਜੇ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ।
ਸਦਨ ਵਿਚ ਕਾਂਗਰਸ ਮੈਂਬਰਾਂ ਨੇ ਰਾਫ਼ੇਲ ਮਾਮਲੇ ਅਤੇ ਅੰਨਾਡੀਐਮਕੇ ਤੇ ਤੇਲਗੂ ਦੇਸਮ ਪਾਰਟੀ ਨੇ ਵੱਖ ਵੱਖ ਮੁੱਦਿਆਂ 'ਤੇ ਸਪੀਕਰ ਦੀ ਕੁਰਸੀ ਕੋਲ ਜਾ ਕੇ ਹੰਗਾਮਾ ਕੀਤਾ। ਸਪੀਕਰ ਨੇ ਅੰਨਾਡੀਐਮਕੇ ਅਤੇ ਟੀਡੀਪੀ ਦੇ ਚਾਰ ਮੈਂਬਰਾਂ ਨੂੰ ਸਦਨ ਦੇ ਬਾਕੀ ਦਿਨਾਂ ਲਈ ਮੁਅੱਤਲ ਕਰ ਦਿਤਾ।
ਤਿੰਨ ਵਾਰ ਕਾਰਵਾਈ ਰੁਕਣ ਮਗਰੋਂ ਅਖ਼ੀਰ ਢਾਈ ਵਜੇ ਕਾਰਵਾਈ ਸ਼ੁਰੂ ਹੋਣ 'ਤੇ ਫਿਰ ਰੌਲਾ ਸ਼ੁਰੂ ਹੋ ਗਿਆ ਜਿਸ ਕਾਰਨ ਬੈਠਕ ਦਿਨ ਭਰ ਲਈ ਉਠਾ ਦਿਤੀ ਗਈ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਖ਼ਾਸਕਰ ਕੇਰਲਾ, ਤਾਮਿਲਨਾਡੂ ਅਤੇ ਉੜੀਸਾ ਵਿਚ ਆਈਆਂ ਕੁਦਰਤੀ ਆਫ਼ਤਾਂ ਦੇ ਵਿਸ਼ੇ 'ਤੇ ਨਿਯਮ 193 ਤਹਿਤ ਚਰਚਾ ਸ਼ੁਰੂ ਕਰਨ ਲਈ ਕਿਹਾ।
ਤਦ ਸਪੀਕਰ ਲਾਗੇ ਨਾਹਰੇਬਾਜ਼ੀ ਕਰ ਰਹੇ ਕਾਂਗਰਸ ਮੈਂਬਰ ਸਦਨ ਵਿਚੋਂ ਬਾਹਰ ਜਾਣ ਲੱਗੇ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਮੈਂਬਰ ਅਖ਼ਬਾਰ ਅਤੇ ਕਾਗ਼ਜ਼ ਫਾੜ ਕੇ ਸੁੱਟਣ ਲੱਗੇ। ਕਾਗ਼ਜ਼ ਦੇ ਕੁੱਝ ਟੁਕੜੇ ਸਪੀਕਰ ਦੇ ਟੇਬਲ 'ਤੇ ਅਤੇ ਲੋਕ ਸਭਾ ਸਕੱਤਰ 'ਤੇ ਡਿੱਗੇ। ਹੰਗਾਮਾ ਵਧਦਾ ਵੇਖ ਕੇ ਸਪੀਕਰ ਨੇ ਚਰਚਾ ਸ਼ੁਰੂ ਕਰਨ ਵਾਲੇ ਬੀਜੇਡੀ ਦੇ ਭਰਤਹਰੀ ਮਹਿਤਾਬ ਨੂੰ ਕਿਹਾ ਕਿ ਚਰਚਾ ਨੂੰ ਬਾਅਦ ਵਿਚ ਲਿਆ ਜਾਵੇਗਾ। ਫਿਰ ਸਪੀਕਰ ਨੇ ਕਰੀਬ ਤਿੰਨ ਵਜੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿਤੀ।
Comments (0)
Facebook Comments (0)