#ਕਵਿਤਾ ਤੇ ਮੈਂ---------------ਅਨੀਤਾ ਸਹਿਗਲ ਨੀਤਪੁਰੀ

#ਕਵਿਤਾ ਤੇ ਮੈਂ---------------ਅਨੀਤਾ ਸਹਿਗਲ ਨੀਤਪੁਰੀ

ਕਵਿਤਾ ਤੇ ਮੈਂ---------------ਅਨੀਤਾ ਸਹਿਗਲ ਨੀਤਪੁਰੀ

ਮੈਂ ਕਵਿਤਾ ਨਹੀਂ ਲਿਖਦੀ

ਕਵਿਤਾ ਮੈਨੂੰ ਬਿਆਨ ਕਰਦੀ ਏ।

ਜਜ਼ਬਾਤਾਂ ਨੂੰ ਦੱਬ ਕੇ ਜਦ,

ਮੈਂ ਖਾਮੋਸ਼ ਜਿਹੀ ਹੋ ਜਾਂਦੀ ਹਾਂ,

ਮਾਸੂਮ ਜਿਹੀ ਇਹ ਮੂਰਤ,

ਮੈਨੂੰ ਲੱਖਾਂ ਸਵਾਲ ਕਰਦੀ ਏ,

ਮੈਂ ਕਵਿਤਾ ਨਹੀਂ ਲਿਖਦੀ, 

ਕਵਿਤਾ ਮੈਨੂੰ ਬਿਆਨ ਕਰਦੀ ਏ।

#

ਆਪ ਮੁਹਾਰੇ ਸ਼ਬਦਾਂ ਨੂੰ,

ਜਦ ਸਤਰਾਂ ਵਿੱਚ ਸਜਾ ਦਿੰਦੀ,

ਤੁਕ ਲੱਭ ਕਿਤੋਂ ਨਕੋਰ ਜਿਹੀ,

ਲੈਅ ਵਿੱਚ ਗੀਤ ਜਿਹਾ ਗਾ ਦਿੰਦੀ,

ਕਲਪਨਾ ਦੇ ਸਦਕੇ ਜਾਵਾਂ ਮੈਂ,

ਰਚਨਾ ਨੂੰ ਚਾਰ ਚੰਦ ਲਾ ਦਿੰਦੀ,

ਇੰਝ ਸੋਚਾਂ ਵਿੱਚ ਪਾ ਕੇ ਮੈਨੂੰ,

ਇਹ ਹੈਰਾਨ ਕਰਦੀ ਏ,

ਮੈਂ ਕਵਿਤਾ ਨਹੀਂ ਲਿਖਦੀ ,

ਕਵਿਤਾ ਮੈਨੂੰ ਬਿਆਨ ਕਰਦੀ ਏ।

#

ਜਾਪੇ ਮਾਂ ਦੀ ਮੂਰਤ ਜਿਹੀ,

ਨਿੱਘ ਦਾ ਅਹਿਸਾਸ ਕਰਾ ਜਾਂਦੀ,

ਰੋਂਦੀ ਵਿਰਲਾਪ ਕਰਦੀ ਨੂੰ,

ਕਦੇ ਵਰਾ ਜਾਂਦੀ,ਹਸਾ ਜਾਂਦੀ,

ਬਣ ਕੇ ਮੇਰੀ ਹਮਦਰਦ ਜਿਹੀ,

ਮੈਨੂੰ ਖੁਦ ਤੋਂ ਕੁਰਬਾਨ ਕਰਦੀ ਏ,

ਮੈਂ ਕਵਿਤਾ ਨਹੀਂ ਲਿਖਦੀ,

ਕਵਿਤਾ ਮੈਨੂੰ ਬਿਆਨ ਕਰਦੀ ਏ।

#

ਕੁਝ ਦਿਨਾਂ ਤੋਂ ਪਤਾ ਨੀ ਕਿਉਂ?

ਖਫ਼ਾ ਜਿਹੀ ਇਹ ਰਹਿੰਦੀ ਏ,

ਕਹਿਣਾ ਵੀ ਬੜਾ ਕੁਝ ਚਾਹਵੇ,

ਚੁੱਪ-ਚਾਪ ਜਿਹੀ ਬਸ ਰਹਿੰਦੀ ਏ,

ਮੇਰੇ ਇਹ ਜਜ਼ਬਾਤਾਂ ਖਾਤਰ,

ਖੌਰੇ ਕੀ-ਕੀ ਸਹਿੰਦੀ ਏ,

ਲਿਖ ਦੇ ਦਰਦ ਅਵੱਲੜੇ ਜਿਹੇ,

ਮੈਨੂੰ ਅਬਾਦ ਕਰਦੀ ਏ,

ਮੈਂ ਕਵਿਤਾ ਨਹੀਂ ਲਿਖਦੀ,

ਕਵਿਤਾ ਮੈਨੂੰ ਬਿਆਨ ਕਰਦੀ ਏ।

#

ਕਿੰਝ ਸ਼ੁਕਰਾਨਾ ਕਰਾਂ ਮੈਂ ਤੇਰਾ,

ਵੱਖਰੀ ਪਹਿਚਾਣ ਬਣਾ ਗਈ ਏ,

ਕੌਡੀ ਵੀ ਕੀਮਤ ਜਿਹਦੀ ਨਹੀਂ ਸੀ,

ਨਿਮਾਣੀ ਦਾ ਮਾਣ ਵਧਾ ਗਈ ਏ,

ਖੋਲ ਪਟਾਰਾ ਲਫ਼ਜ਼ਾਂ ਦਾ,

ਝੋਲੀ ਦੇ ਵਿੱਚ ਪਾ ਗਈ ਏ,

ਸਮਝ ਕੇ ਦਿਲ ਦੀਆਂ ਰਮਜ਼ਾਂ ਨੂੰ,

ਅਨੀਤਾ 'ਤੇ ਅਹਿਸਾਨ ਕਰਦੀ ਏ,

ਮੈਂ ਕਵਿਤਾ ਨਹੀਂ ਲਿਖਦੀ 

ਕਵਿਤਾ ਮੈਨੂੰ ਬਿਆਨ ਕਰਦੀ ਏ।

✏ਅਨੀਤਾ ਸਹਿਗਲ ਨੀਤਪੁਰੀ