ਮੈ ਕੀ ਲਿਖਾਂ ??...

ਮੈ ਕੀ ਲਿਖਾਂ ??...

ਮੈ ਕੀ ਲਿਖਾਂ ??...

ਅੱਜ ਦਿਲ ਕਰਦਾ ਏ ਉਸਦੀਆਂ ਸ਼ੋਖ ਅਦਾਵਾਂ ਤੇ ਲਿਖਾਂ

ਉਸਦੇ ਬਦਨ ਨੂੰ ਚੁੰਮ ਕੇ ਆਉਦੀਆਂ ਹਵਾਵਾਂ ਤੇ ਲਿਖਾਂ

 

ਉਸਦੀ ਮਾਸੂਮੀਅਤ ਦਾ ਵੱਕਤ ਦੇ ਸਿਰ ਹੈ ਕਰਜ਼ਾ

ਕਿਓਂ ਨਾ ਉਸਦੇ ਬਚਪਨ ਚ ਡੁੱਲੇ ਚਾਅਵਾਂ ਤੇ ਲਿਖਾਂ

 

ਲਿਖਾਂ ਮੈ ਉਸਦੇ ਜਿਸਮ ਚੋ ਉੱਠਦੀ ਲੋਅ ਬਾਰੇ

ਜਾਂ ਜੁਲਫਾਂ ਨਾਲ ਛਾਈਆਂ ਘੋਰ ਘਟਾਵਾਂ ਤੇ ਲਿਖਾਂ

 

ਮੈ ਲਿਖਾਂ ਚਿਹਰੇ ਤੇ ਚੜਦੇ ਸੂਰਜ ਦੀ ਰੰਗਤ ਬਾਰੇ

ਜਾ ਫਿਰ  ਬਦਲੇ ਸੂਰਜ ਦੀਆਂ ਦਿਸ਼ਾਵਾਂ ਤੇ ਲਿਖਾਂ

 

ਮੈ ਲਿਖਾਂ ਉਸਦੀ ਜਿੰਦਗੀ ਚ ਪੁੰਨਿਆਂ ਦੇ ਚੰਨ ਬਾਰੇ

ਜਾਂ ਫਿਰ ਕਾਲੀ ਰਾਤ ਦੀਆਂ ਬਦ-ਦੁਆਵਾਂ ਤੇ ਲਿਖਾਂ

 

ਜਿੱਥੇ ਅੱਖਾਂ ਸਾਹਮਣੇ ਗੁਆਚ ਗਏ ਹਾਸੇ ਉਸਦੇ

ਉੰਨਾ ਉਜਾੜ, ਸੁੰਝੀਆਂ,ਚੰਦਰੀਆਂ ਰਾਹਾਂ ਤੇ ਲਿਖਾਂ

 

ਉਸਦੇ ਜੋਬਨ ਦੀਆਂ ਢਲਦੀਆਂ ਸ਼ਾਮਾਂ ਤੇ ਲਿਖਾਂ

ਜਾਂ ਫਿਰ ਉਸਦੇ ਰੁੱਕ ਰੁੱਕ ਆਉਂਦੇ ਸਾਹਾਂ ਤੇ ਲਿਖਾਂ

 

ਉਸਦੀ ਮਹਿੰਦੀ, ਵੱਟਣੇ, ਰੱਤੇ ਚੂੜੇ ਤੇ ਲਿਖਾਂ 

ਜਾਂ ਉਸਦੇ ਉੱਜੜੇ ਸੁਹਾਗ ਦੀਆਂ ਲਾਵਾਂ ਤੇ ਲਿਖਾਂ

 

ਕਿੳਂ ਨਾ ਮੈ ਉਸਦੇ ਪਰਬਤ ਜਿੱਡੇ ਜਿਗਰੇ ਤੇ ਲਿਖਾਂ

ਜਾਂ ਫਿਰ ਨਦੀ ਬਣ ਵੱਗਦੀਆਂ ਧਾਰਾਵਾਂ ਤੇ ਲਿਖਾਂ

 

ਮੈ ਉਸਦੇ ਜਿਸਮ ਦੀ ਬੰਜਰ ਧਰਤੀ ਉੱਤੇ ਲਿਖਾਂ

ਜਾਂ ਫਿਰ ਪਿਆਸੀ ਰੂਹ ਚੋਂ ਨਿੱਕਲੀਆਂ ਆਹਾਂ ਤੇ ਲਿਖਾਂ 

 

ਬੇ-ਸ਼ੱਕ ਉਸਦੇ ਜੀਵਨ ਚ ਅੱਜ ਵੀ ਪੱਤਝੜ ਹੈ

ਪਰ ਮੈ ਤਾਂ ਉਸ ਲਈ ਫੁੱਟਦੀਆਂ ਸ਼ਾਖਾਵਾਂ ਤੇ ਲਿਖਾਂ 

 

"ਜੱਗੀ" ਮੈ ਤਾਂ ਦਾਦ ਦੇਂਦਾ ਹਾ ਉਸਦੇ ਹੌਂਸਲੇ ਦੀ

ਜਦ ਮੈ ੳਸਦੀ ਮੰਜਿਲ ਅਤੇ ਚੁਣੇ ਹੋਏ ਰਾਹਾਂ ਤੇ ਲਿਖਾਂ 

 

ਜਦ ਮੈ ਉਸਦੇ ਖੁਆਬਾਂ ਤੇ ਲਿਖਾਂ ........

ਜਾਂ ਫਿਰ ਉਸਦੀਆਂ ਕਲਪਨਾਵਾਂ ਤੇ ਲਿਖਾਂ! !!""

 

Jagdish Singh jaggi "pathankoti "