ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾਵੇ?
Thu 4 Apr, 2019 0ਡਾ. ਹਰਦੀਪ ਸਿੰਘ
ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੀ ਰਫ਼ਤਾਰ ਲਗਾਤਾਰ ਵਧਦੀ ਜਾ ਰਹੀ ਹੈ। ਅਸੀਂ ਇਹ ਨਹੀਂ ਸੋਚਦੇ ਕਿ ਅਗਾਂਹ ਚਲ ਕੇ ਇਸ ਤੇਜ਼ ਗਤੀ ਦਾ ਨਤੀਜਾ ਕੀ ਹੋਵੇਗਾ? ਅਸੀਂ ਤਾਂ ਸਿਰਫ਼ ਭੱਜ ਕੇ ਅੱਗੇ ਨਿਕਲਣ ਦੇ ਚੱਕਰ ਵਿੱਚ ਰਹਿੰਦੇ ਹਾਂ ਜਿਸ ਨਾਲ ਅਸੀਂ ਆਪਣੇ ਅਸਲ ਉਦੇਸ਼ ਨੂੰ ਭੁੱਲ ਕੇ ਕਿਸੇ ਹੋਰ ਦਿਸ਼ਾ ਵਿੱਚ ਭਟਕ ਜਾਂਦੇ ਹਾਂ। ਭੱਜ-ਦੌੜ ਦੇ ਇਸ ਚੱਕਰ ਵਿੱਚਸਾ ਨੂੰ ਇਹ ਵੀ ਖ਼ਿਆਲ ਨਹੀਂ ਰਹਿੰਦਾ ਕਿ ਸਾਡਾ ਦੂਸਰਿਆਂ ਪ੍ਰਤੀ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ।
ਅਸੀਂ ਨਿੱਤ ਨਵੀਆਂ ਚੀਜ਼ਾਂ ਦੀ ਖੋਜ ਕਰਦੇ ਜਾ ਰਹੇ ਹਾਂ ਕਿਉਂਕਿ ਸਾਨੂੰ ਠਹਿਰਾਵ ਪਸੰਦ ਨਹੀਂ। ਹਰ ਕੰਮ ਜਲਦੀ-ਜਲਦੀ ਕਰਨ ਦੀ ਲਲਕ ਲੱਗੀ ਰਹਿੰਦੀ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਜ਼ਿੰਦਗੀ ਵਿੱਚ ਠਹਿਰਾਵ ਨਾ ਰਹਿ ਜਾਣ ਕਾਰਨ ਆਮ ਨਾਗਰਿਕ ਲਈ ਖ਼ੁਸ਼ੀ ਇੱਕ ਸੌਗਾਤ ਬਣ ਚੁੱਕੀ ਹੈ। ਤਰੱਕੀ ਦੀ ਅੰਧਾਧੁੰਦ ਦੌੜ ਵਿੱਚ ਸ਼ਾਮਿਲ ਹੋਣਾ ਹਰ ਵਿਅਕਤੀ ਦੀ ਮਜਬੂਰੀ ਬਣ ਗਈ ਹੈ। ਸਮਾਜ ਵਿੱਚ ਆਏ ਇਸ ਬਦਲਾਅ ਨੂੰ ਸਾਡੀ ਮਾਨਸਿਕਤਾ ਸਵੀਕਾਰ ਕਰਨ ਤੋਂ ਅਸਮਰੱਥ ਹੈ ਜਿਸ ਦੇ ਨਤੀਜੇ ਵਜੋਂ ਅਸੀਂ ਹਰ ਵੇਲੇ ਬੇਚੈਨ ਰਹਿੰਦੇ ਹਾਂ। ਇਹ ਅਸਮਰੱਥਾ ਨਿਰਾਸ਼ਾ ਨੂੰ ਜਨਮ ਦਿੰਦੀ ਹੈ ਜੋ ਅਗਾਂਹ ਚੱਲ ਕੇ ਡਿਪਰੈਸ਼ਨ ਵਿੱਚ ਤਬਦੀਲ ਹੋ ਜਾਂਦੀ ਹੈ।
ਡਿਪਰੈਸ਼ਨ ਆਧੁਨਿਕ ਸਮਾਜ ਵਿੱਚ ਇੱਕ ਬਹੁ-ਪ੍ਰਚੱਲਤ ਮਾਨਸਿਕ ਰੋਗ ਦੀ ਸ਼੍ਰੇਣੀ ਵਿੱਚ ਆਉਣ ਵਾਲੀ ਬੀਮਾਰੀ ਹੈ। ਵੱਧ ਰਹੇ ਘਰੇਲੂ ਵਿਵਾਦ, ਆਪਸੀ ਮਤਭੇਦ, ਕੰਮਾਂ-ਕਾਜਾਂ ‘ਚ ਜ਼ਿਆਦਾ ਰੁੱਝੇ ਰਹਿਣਾ, ਦੂਸਰਿਆਂ ਤੋਂ ਅੱਗੇ ਨਿਕਲਣ ਦੀ ਹੋੜ, ਆਪਣੀ ਇੱਛਾ ਮੁਤਾਬਿਕ ਕੰਮ ਨਾ ਹੋਣਾ, ਦਫ਼ਤਰ ‘ਚ ਉੱਚ ਅਧਿਕਾਰੀ ਵਲੋਂ ਨਜ਼ਰਅੰਦਾਜ਼ ਅਤੇ ਬੇਇੱਜ਼ਤ ਕੀਤੇ ਜਾਣਾ, ਵਧਦੇ ਤਨਾਅ ਅਤੇ ਗ਼ਲਤ ਸੰਗਤ ਦੀ ਵਜ੍ਹਾ ਨਾਲ ਕਿਸੇ ਨਸ਼ੇ ਦਾ ਆਦੀ ਹੋਣਾ, ਬਦਲਦੇ ਸਮੇਂ ਨਾਲ ਆਪਣੀ ਸੋਚ ਵਿੱਚ ਬਦਲਾਅ ਨਾ ਲਿਆ ਪਾਉਣਾ, ਲੰਬੇ ਸਮੇਂ ਤੋਂ ਕਿਸੇ ਬਿਮਾਰੀ ਦੇ ਸ਼ਿਕਾਰ ਹੋਣਾ ਅਤੇ ਸਭ ਤੋਂ ਮਹੱਤਵਪੂਰਨ, ਆਪਣੇ ਅੰਦਰ ਚੰਗੇ ਗੁਣ ਅਤੇ ਟੈਲੈਂਟ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਦੂਸਰਿਆਂ ਤੋਂ ਹੀਣ ਸਮਝਣਾ, ਆਦਿ ਡਿਪਰੈਸ਼ਨ ਦੇ ਮੁੱਖ ਕਾਰਨਾਂ ਵਿਚੋਂ ਹਨ।
ਵੱਡੇ ਤਾਂ ਵੱਡੇ, ਬੱਚੇ ਅਤੇ ਨੌਜਵਾਨ ਵੀ ਤੇਜ਼ੀ ਨਾਲ ਇਸ ਦੇ ਸ਼ਿਕਾਰ ਹੋ ਰਹੇ ਹਨ। ਪੜ੍ਹਾਈ ਦਾ ਹੱਦੋਂ ਵੱਧ ਬੋਝ, ਘਰ ‘ਚ ਹੋਮ-ਵਰਕ ਦੀ ਟੈਨਸ਼ਨ, ਮਾਤਾ-ਪਿਤਾ ਦੁਆਰਾ ਬੱਚੇ ਨੂੰ ਸਕੂਲ ‘ਚੋਂ ਇਮਤਿਹਾਨਾਂ ਜਾਂ ਟੈੱਸਟਾਂ ਵਿਚੋਂ ਘਟ ਨੰਬਰ ਮਿਲਣ ‘ਤੇ ਗੁੱਸੇ ਹੋਣਾ ਜਾਂ ਮਾਰਨਾ, ਬੱਚਿਆਂ ਨੂੰ ਉਨ੍ਹਾਂ ਦੀ ਰੁਚੀ ਮੁਤਾਬਿਕ ਕੰਮ ਕਰਨ ਤੋਂ ਰੋਕਣਾ, ਆਦਿ ਵੀ ਡਿਪਰੈਸ਼ਨ ਦੇ ਕਾਰਨਾਂ ਵਿੱਚੋਂ ਹੀ ਹਨ।
ਡਿਪਰੈਸ਼ਨ ਦੀਆਂ ਕਈ ਸਥਿਤੀਆਂ ਹਨ। ਇਨ੍ਹਾਂ ਵਿੱਚੋਂ ਕੁੱਝ ਦਾ ਇਲਾਜ ਉਚਿਤ ਸਲਾਹ, ਸਹੀ ਸੋਚ ਜਾਂ ਖ਼ੁਦ ‘ਤੇ ਕਾਬੂ ਰੱਖ ਕੇ ਸੰਭਵ ਹੈ। ਡਿਪਰੈਸ਼ਨ ਦੇ ਸਮਾਪਤ ਹੋਣ ‘ਚ ਕਿੰਨਾ ਸਮਾਂ ਲੱਗੇਗਾ, ਇਸ ਸਬੰਧੀ ਸਹੀ ਪਤਾ ਮਰੀਜ਼ ਦੀ ਜਾਂਚ ਕਰਨ ਤੋਂ ਬਾਅਦ ਹੀ ਲਗਦਾ ਹੈ। ਪਰ ਇੱਕ ਗੱਲ ਤੈਅ ਹੈ ਕਿ ਜੇਕਰ ਰੋਗੀ ਦੇ ਘਰਦਿਆਂ ਵਲੋਂ ਇਲਾਜ ਦੌਰਾਨ ਪੂਰਨ ਸਹਿਯੋਗ ਮਿਲੇ ਤਾਂ ਇਲਾਜ ਜਲਦੀ ਸੰਭਵ ਹੋ ਜਾਂਦਾ ਹੈ।
ਡਿਪਰੈਸ਼ਨ ਦੀਆਂ ਕਿਸਮਾਂ: ਡਿਪਰੈਸ਼ਨ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ – ਯੂਨੀਪੋਲਰ ਅਤੇ ਬਾਈਪੋਲਰ। ਬਾਈਪੋਲਰ ਡਿਪਰੈਸ਼ਨ ਵਿੱਚ ਰੋਗੀ ਦੋ ਤਰ੍ਹਾਂ ਦੇ ਲੱਛਣ ਪ੍ਰਗਟ ਕਰਦਾ ਹੈ – ਕਦੇ ਉਹ ਬਹੁਤ ਜ਼ਿਆਦਾ ਉਤਸਾਹੀ ਹੋ ਜਾਂਦਾ ਹੈ ਅਤੇ ਕਦੇ ਇਕਦਮ ਹਤਾਸ਼। ਇੱਕ ਹੋਰ ਪ੍ਰਕਾਰ ਦਾ ਡਿਪਰੈਸ਼ਨ, ਜੋ ਆਮ ਤੌਰ ‘ਤੇ ਬਜ਼ੁਰਗਾਂ ਵਿੱਚ ਪਾਇਆ ਜਾਂਦਾ ਹੈ, ਉਸ ਨੂੰ ਓਲਡ ਏਜ ਡਿਪਰੈਸ਼ਨ ਕਹਿੰਦੇ ਹਨ। ਇੱਕ ਹੋਰ ਡਿਪਰੈਸ਼ਨ ਹੈ ਜਿਸ ਨੂੰ ਸੈਕੈਂਡਰੀ ਡਿਪਰੈਸ਼ਨ ਕਿਹਾ ਜਾਂਦਾ ਹੈ। ਇਸ ਦਾ ਕਾਰਨ ਭੌਤਿਕ ਜ਼ਿਆਦਾ ਅਤੇ ਮਾਨਸਿਕ ਘੱਟ ਹੁੰਦਾ ਹੈ। ਇਸ ਪ੍ਰਕਾਰ ਦਾ ਡਿਪਰੈਸ਼ਨ ਹੌਰਮੋਰਨਲ ਜਾਂ ਨਸ਼ੀਲੀ ਦਵਾਈਆਂ ਦੀ ਵਧੇਰੇ ਵਰਤੋਂ, ਦਿਲ ਦੇ ਦੌਰੇ ਜਾਂ ਕਿਸੇ ਰੋਗ ਦੇ ਲੰਬੇ ਸਮੇਂ ਤਕ ਬਣੇ ਰਹਿਣ ਕਾਰਨ ਹੁੰਦਾ ਹੈ। ਕੈਂਸਰ ਵਰਗੀ ਭਿਆਨਕ ਬੀਮਾਰੀ ਦੇ ਸ਼ਿਕਾਰ ਹੋਣ ‘ਤੇ ਵੀ ਸੈਕੰਡਰੀ ਡਿਪਰੈਸ਼ਨ ਦੇ ਲੱਛਣ ਵੇਖੇ ਜਾ ਸਕਦੇ ਹਨ।
ਨੌਕਰੀ ਦੇ ਟੁੱਟ ਜਾਣ, ਵਪਾਰ ਵਿੱਚ ਘਾਟਾ ਹੋ ਜਾਣ ਜਾਂ ਕਿਸੇ ਆਪਣੇ ਅਜ਼ੀਜ ਦੀ ਮੌਤ ਹੋ ਜਾਣ ‘ਤੇ ਅਸਥਾਈ ਸੈਕੰਡਰੀ ਡਿਪਰੈਸ਼ਨ ਦੀ ਸ਼ੁਰੂਆਤ ਹੁੰਦੀ ਹੈ। ਜੇਕਰ ਸਮਾਂ ਰਹਿੰਦੀਆਂ ਇਸ ‘ਤੇ ਕਾਬੂ ਨਾ ਪਾਇਆ ਜਾ ਸਕੇ ਤਾਂ ਇਹ ਮਾਨਸਿਕ ਰੋਗ ਵਿੱਚ ਤਬਦੀਲ ਹੋ ਜਾਂਦਾ ਹੈ।
ਲੱਛਣ: ਡਿਪਰੈਸ਼ਨ ਦੇ ਸ਼ਿਕਾਰ ਰੋਗੀ (ਇਸਤਰੀ ਜਾਂ ਪੁਰਸ਼) ਵਿੱਚ ਊਰਜਾ ਅਤੇ ਉਤਸ਼ਾਹ ਦੀ ਕਮੀ, ਕੰਮ-ਕਾਜ ਵਿੱਚ ਮਨ ਨਾ ਲੱਗਣਾ, ਭੁੱਖ ਅਤੇ ਨੀਂਦ ਵਿੱਚ ਕਮੀ, ਜਿਊਣ ਪ੍ਰਤੀ ਕੋਈ ਰੁਚੀ ਨਾ ਰਹਿਣਾ, ਕਿਸੇ ਵੀ ਨਵੇਂ ਕੰਮ ਜਾਂ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਡਰ ਮਹਿਸੂਸ ਕਰਨਾ, ਸ਼ਰੀਰ ਦੇ ਵਜ਼ਨ ਵਿੱਚ ਕਮੀ ਹੋਣਾ, ਸ਼ਰੀਰ ਵਿੱਚ ਥਕਾਨ ਅਤੇ ਕਿਸੇ ਵੀ ਹਿੱਸੇ ‘ਚ ਦਰਦ ਦਾ ਹੋਣਾ, ਕਦੇ-ਕਦੇ ਆਤਮ-ਹੱਤਿਆ ਕਰਨ ਦੀ ਭਾਵਨਾ ਦਾ ਪੈਦਾ ਹੋਣਾ, ਆਦਿ ਇਸ ਰੋਗ ਦੇ ਪ੍ਰਮੁੱਖ ਲੱਛਣ ਹਨ।
ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾਵੇ?
ਖ਼ਾਲੀ ਸਮਾਂ ਮਿਲਣ ‘ਤੇ ਵਿਹਲੇ ਨਾ ਬੈਠੋ ਸਗੋਂ ਉਸ ਸਮੇਂ ਦੌਰਾਨ ਆਪਣੀ ਰੁਚੀ ਦਾ ਕੋਈ ਕੰਮ ਜਾਂ ਕੋਈ ਅਖ਼ਬਾਰ, ਰਸਾਲਾ ਜਾਂ ਪੁਸਤਕ, ਆਦਿ ਪੜ੍ਹੋ ਜਾਂ ਆਪਣੇ ਮਿੱਤਰਾਂ ਨਾਲ ਕਿਸੇ ਚੰਗੇ ਵਿਸ਼ੇ ‘ਤੇ ਵਿਚਾਰ-ਵਟਾਂਦਰਾ ਕਰੋ।
ਸਾਹਮਣੇ ਵਾਲੇ ਵਿਅਕਤੀ ਦੀ ਜੋ ਗੱਲ ਚੰਗੀ ਨਾ ਲੱਗੇ, ਉਸ ਨੂੰ ਨਜ਼ਰ-ਅੰਦਾਜ਼ ਕਰ ਦੇਵੋ।
ਰੋਜ਼ ਸਵੇਰੇ ਯੋਗਾ ਜਾਂ ਕਸਰਤ ਕਰਨ ਦੇ ਨਾਲ-ਨਾਲ ਈਸ਼ਵਰ ਅੱਗੇ ਪ੍ਰਾਰਥਨਾ ਜ਼ਰੂਰ ਕਰੋ।
ਆਪਣੀਆਂ ਗ਼ਲਤੀਆਂ ‘ਤੇ ਦੁਖ ਅਤੇ ਅਫ਼ਸੋਸ ਕਰਨ ਦੀ ਬਜਾਏ ਅੱਗੇ ਤੋਂ ਉਹ ਨਾ ਹੋਣ, ਇਸ ਲਈ ਪੱਕਾ ਇਰਾਦਾ ਰੱਖੋ।
ਇਹ ਵੀ ਸਦਾ ਯਾਦ ਰੱਖੋ ਕਿ ਦੁੱਖ ਅਤੇ ਕਸ਼ਟ ਜੀਵਨ ਦੇ ਅੰਗ ਹਨ।
ਇਲਾਜ: ਡਿਪਰੈਸ਼ਨ ਦੇ ਇਲਾਜ ਲਈ ਆਯੁਰਵੈਦਿਕ ਦਵਾਈਆਂ ਦੇ ਨਾਲ-ਨਾਲ ਕਾਊਂਸਲਿੰਗ ਵੀ ਜ਼ਰੂਰੀ ਰਹਿੰਦੀ ਹੈ। ਆਯੁਰਵੈਦਿਕ ਵਿਧੀ ਰਾਹੀਂ ਇਲਾਜ ਕਰਨ ‘ਤੇ ਡਿਪਰੈਸ਼ਨ ਦੇ ਸ਼ਿਕਾਰ ਵਿਅਕਤੀ ਨੂੰ ਮਾਨਸਿਕ ਤੌਰ ‘ਤੇ ਜਲਦੀ ਆਰਾਮ ਮਿਲਦਾ ਹੈ, ਅਤੇ ਉਹ ਬਹੁਤ ਜਲਦੀ ਡਿਪਰੈਸ਼ਨ ‘ਚੋਂ ਬਾਹਰ ਆ ਜਾਂਦਾ ਹੈ।
Comments (0)
Facebook Comments (0)