ਤੇਰੇ ਸੁਪਨੇ ਦਾ ਘੇਰਾ ਤਾਂ ਅੰਬਰ ਤੀਕਰ ਹੋਵੇਗਾ---ਹਰਦਿਆਲ ਕੇਸ਼ੀ (1955-1995)

ਤੇਰੇ ਸੁਪਨੇ ਦਾ ਘੇਰਾ ਤਾਂ ਅੰਬਰ ਤੀਕਰ ਹੋਵੇਗਾ---ਹਰਦਿਆਲ ਕੇਸ਼ੀ (1955-1995)

ਤੇਰੇ ਸੁਪਨੇ ਦਾ ਘੇਰਾ ਤਾਂ ਅੰਬਰ ਤੀਕਰ ਹੋਵੇਗਾ ।
ਪਰ ਤੂੰ ਵੇਖੀਂ ਅੰਬਰ ਤੋਂ ਵੀ ਅੱਗੇ ਅੰਬਰ ਹੋਵੇਗਾ ।

ਲੰਬੇ ਰਾਹੀਂ ਜਦ ਤੂੰ ਖੁਦ ਨੂੰ ਭਾਲਣ ਤੁਰਿਆ, ਦੇਖ ਲਵੀਂ
ਪੈਰਾਂ ਹੇਠਾਂ ਰੇਤ , ਖਿਆਲਾਂ ਵਿੱਚ ਸਮੁੰਦਰ ਹੋਵੇਗਾ ।

ਸਾਰੀ ਉਮਰਾ ਮੈਨੂੰ ਭਟਕਾਇਆ ਏ ਇਸ ਖੁਸ਼ਫ਼ਹਿਮੀ ਨੇ
ਖਬਰੇ ਅਗਲਾ ਮੰਜ਼ਰ ਇਸ ਤੋਂ ਸੋਹਣਾ ਮੰਜ਼ਰ ਹੋਵੇਗਾ ।

ਵੇਖੀਂ ਫਿਰ ਤੂੰ ਬੱਦਲ ਬਣ ਕੇ ਸਾਰਾ ਅੰਬਰ ਮਾਣੇਂਗਾ
ਤੇਰੀ ਹਸਤੀ ਦਾ ਸਾਗਰ ਜਦ ਬੂੰਦ ਬਰਾਬਰ ਹੋਵੇਗਾ ।

ਸ਼ੀਸ਼ੇ ਅੰਦਰ ਅਪਣਾ ਚਿਹਰਾ ਹੈਰਤ ਨਾਲ ਨਿਹਾਰੇਗਾ
ਆਸ ਨਹੀਂ ਸੀ ਬੰਦਾ ਖੁਦ ਤੋਂ ਏਨਾ ਮੁਨਕਰ ਹੋਵੇਗਾ ।

ਜਿਹੜੇ ਘਰ ਦਾ ਹਰ ਬੂਹਾ, ਹਰ ਬਾਰੀ ਖੁੱਲ੍ਹੀ ਹੋਵੇਗੀ
ਯਾਦ ਰਹੇ ਕਿ ਬੇਸ਼ੱਕ ਓਹੀ, ਕੇਸ਼ੀ ਦਾ ਘਰ ਹੋਵੇਗਾ ।

-- ਹਰਦਿਆਲ ਕੇਸ਼ੀ (1955-1995)