ਕੇਸ ਕੱਟਣ ਤੋਂ ਬਾਅਦ ਤੁਰਤ ਕਿਉਂ ਵਧਦੇ ਹਨ?

ਕੇਸ ਕੱਟਣ ਤੋਂ ਬਾਅਦ ਤੁਰਤ ਕਿਉਂ ਵਧਦੇ ਹਨ?

ਜਿਵੇਂ ਦਰੱਖ਼ਤ ਦੇ ਪੱਤੇ ਸੂਰਜ ਦੀ ਗਰਮੀ ਤੋਂ ਭੋਜਨ ਤਿਆਰ ਕਰ ਕੇ ਵਾਪਸ ਦਰੱਖ਼ਤ ਨੂੰ ਦਿੰਦੇ ਹਨ, ਠੀਕ ਉਸੇ ਤਰ੍ਹਾਂ ਸਾਡੇ ਕੇਸ ਵੀ ਸਾਡੇ ਸਰੀਰ ਨੂੰ ਊਰਜਾ ਤਿਆਰ ਕਰ ਕੇ ਦਿੰਦੇ ਹਨ। ਪਰਮਾਤਮਾ ਨੇ ਬੰਦੇ ਨੂੰ ਇਕ ਕਿਸਮ ਦਾ ਸੋਲਰ ਸਿਸਟਮ ਹੀ ਦਿਤਾ ਹੋਇਆ ਹੈ। ਜਦੋਂ ਕੋਈ ਆਦਮੀ ਸਰੀਰ ਦੇ ਇਸ ਊਰਜਾ ਸਰੋਤ ਨੂੰ ਨਸ਼ਟ ਕਰਦਾ ਹੈ, ਸਰੀਰ ਦਾ ਸਾਰਾ ਧਿਆਨ ਅਪਣੇ ਇਸ ਊਰਜਾ ਸਰੋਤ ਵਲ ਜਾਂਦਾ ਹੈ, ਕਿ ਕਿਸੇ ਨੇ ਮੇਰਾ ਊਰਜਾ ਸਰੋਤ ਨਸ਼ਟ ਕਰ ਦਿਤਾ ਹੈ। ਮੈਂ ਸੱਭ ਤੋਂ ਪਹਿਲਾਂ ਇਸ ਨੂੰ ਠੀਕ ਕਰਾਂ। ਇਸੇ ਕਰ ਕੇ ਵਾਲ ਕੱਟਣ ਤੋਂ ਬਾਅਦ ਬੜੀ ਛੇਤੀ ਨਾਲ ਵਧਦੇ ਨੇ।

ਰਵਿੰਦਰ ਨਾਥ ਟੈਗੋਰ ਪਹਿਲਾਂ ਰੋਜ਼ਾਨਾ ਸ਼ੇਵ ਕਰਦੇ ਸਨ। ਇਹ ਸਿਲਸਿਲਾ ਕਈ ਸਾਲ ਚਲਦਾ ਰਿਹਾ। ਅਚਾਨਕ ਉਨ੍ਹਾਂ ਨੇ ਸ਼ੇਵ ਕਰਨੀ ਬੰਦ ਕਰ ਦਿਤੀ ਅਤੇ ਅਪਣੇ ਸਿਰ ਦੇ ਕੇਸ ਵੀ ਰੱਖ ਲਏ। ਜਦੋਂ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਦਾੜ੍ਹੀ ਕੇਸ ਰੱਖਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਬੜਾ ਖ਼ੂਬਸੂਰਤ ਸੀ। ਕਹਿਣ ਲੱਗੇ, ''ਮੈਂ ਰੋਜ਼ਾਨਾ ਸ਼ੇਵ ਕਰਦਾ ਸਾਂ। ਅਗਲੇ ਦਿਨ ਫੇਰ ਦਾੜ੍ਹੀ ਆ ਜਾਣੀ। ਮੈਂ ਫਿਰ ਸ਼ੇਵ ਕਰਨੀ, ਦਾੜ੍ਹੀ ਨੇ ਫੇਰ ਆ ਜਾਣਾ। ਮੈਂ ਸੋਚਿਆ ਇਹ ਸਿਲਸਿਲਾ ਕਦੋਂ ਤਕ ਚਲੇਗਾ।

ਇਸ ਦਾ ਅੰਤ ਹੋਣਾ ਚਾਹੀਦਾ ਹੈ, ਅਤੇ ਅੰਤ ਇਹ ਹੈ ਕਿ ਉਸ ਪ੍ਰਮਾਤਮਾ ਅੱਗੇ, ਜਿਸ ਨੇ ਇਹ ਸਾਰਾ ਸਿਸਟਮ ਬਣਾਇਆ ਹੈ, ਅਪਣੀ ਹਾਰ ਮੰਨ ਲਵੋ। ਅਤੇ ਮੈਂ ਉਸ ਪ੍ਰਮਾਤਮਾ ਅੱਗੇ ਅਪਣੇ ਗੋਡੇ ਟੇਕ ਦਿਤੇ ਅਤੇ ਅਪਣੇ ਆਪ ਨੂੰ ਉਸ ਦੇ ਹਵਾਲੇ ਕਰ ਦਿਤਾ। ਪੂਰਣ ਆਤਮਸਮਰਪਣ ਕਰ ਦਿਤਾ ਅਤੇ ਉਸ ਦਿਨ ਤੋਂ ਮੈਂ ਸ਼ੇਵ ਕਰਨੀ ਤੇ ਸਿਰ ਦੇ ਵਾਲ ਕਟਵਾਉਣੇ ਬੰਦ ਕਰ ਦਿਤੇ।'' ਅੱਗੇ ਚੱਲ ਕੇ ਉਹ ਹਿੰਦੁਸਤਾਨ ਦੇ ਮਹਾਨ ਕਵੀ ਬਣੇ ਅਤੇ ਉਨ੍ਹਾਂ ਦੀ ਇਕ ਕਵਿਤਾ 'ਜਨ ਗਨ ਮਨ' ਨੂੰ ਰਾਸ਼ਟਰੀ ਗੀਤ ਦਾ ਦਰਜਾ ਹਾਸਲ ਹੋਇਆ।

Rabindranath Tagore
Rabindranath Tagore

ਜਿਸ ਬੰਦੇ ਦੇ ਅਪਣੇ ਧਰਮ ਗ੍ਰੰਥਾਂ ਵਿਚ ਮੁੰਡਨ (ਵਾਲ ਉਤਾਰਨਾ) ਵਰਗੀ ਰਸਮ ਪ੍ਰਧਾਨ ਹੋਵੇ ਉਸ ਨੇ ਪ੍ਰਮਾਤਮਾ ਅੱਗੇ ਅਪਣੀ ਹਾਰ ਮੰਨ ਕੇ ਅਪਣੇ ਕੇਸ ਰੱਖ ਲਏ ਅਤੇ ਇਕ ਅਸੀਂ ਹਾਂ ਅਹਿਸਾਨ ਫ਼ਰਾਮੋਸ਼, ਹਰਾਮਖੋਰ, ਅਕ੍ਰਿਤਘਣ ਜਿਨ੍ਹਾਂ ਦੇ ਗੁਰੂ ਸਾਹਿਬਾਂ ਨੇ, ਬਾਪ-ਦਾਦਿਆਂ ਨੇ, ਮਾਤਾਵਾਂ ਨੇ, ਇਨ੍ਹਾਂ ਕੇਸਾਂ ਦੀ ਖ਼ਾਤਰ, ਅਪਣੇ ਸਾਹਿਬਜ਼ਾਦੇ ਕੁਰਬਾਨ ਕਰ ਦਿਤੇ, ਚਰਖੜੀਆਂ ਤੇ ਚੜ੍ਹ ਗਏ।

2 ਸਤੰਬਰ, 2009 ਦਾ ਦਿਨ ਮੇਰੇ ਵਾਸਤੇ ਇਕ ਖ਼ਾਸ ਦਿਨ ਬਣ ਗਿਆ ਜੋ ਕਿ ਮੈਨੂੰ ਅਪਣੀ ਜ਼ਿੰਦਗੀ ਵਿਚ ਹਮੇਸ਼ਾ ਹੀ ਯਾਦ ਰਹੇਗਾ ਕਿਉਂਕਿ ਉਸ ਦਿਨ ਸਪੋਕਸਮੈਨ ਵਿਚ ਮੇਰਾ ਲੇਖ 'ਸਿੰਘ ਮੈਂ ਤੈਨੂੰ ਤੇ ਤੇਰੇ ਧਰਮ ਨੂੰ ਸਲੂਟ ਕਰਦਾ ਹਾਂ' ਛਪ ਗਿਆ ਸੀ। ਸਵੇਰੇ 6 ਵਜੇ ਤੋਂ ਹੀ ਮੇਰੇ ਕੋਲ ਫ਼ੋਨ ਆਉਣੇ ਸ਼ੁਰੂ ਹੋ ਗਏ ਅਤੇ ਸ਼ਾਮ ਦੇ 8 ਵਜੇ ਤਕ ਮੇਰਾ ਫ਼ੋਨ ਲਗਾਤਾਰ ਵਜਦਾ ਰਿਹਾ। ਯਕੀਨ ਕਰਨਾ, ਮੇਰੇ ਵਾਸਤੇ ਉਸ ਦਿਨ, ਚਾਹ ਪੀਣੀ ਵੀ ਔਖੀ ਹੋ ਗਈ, ਕਿਉਂਕਿ ਇਕ ਫ਼ੋਨ ਤੋਂ ਬਾਅਦ ਦੂਜਾ ਫ਼ੋਨ ਨਾਲ ਹੀ ਆ ਜਾਂਦਾ ਸੀ। ਦੂਜੇ ਦਿਨ ਵੀ ਰੁਕ-ਰੁਕ ਕੇ ਕਾਫ਼ੀ ਫ਼ੋਨ ਆਏ ਅਤੇ ਇਹ ਸਿਲਸਿਲਾ ਲਗਾਤਾਰ 2 ਹਫ਼ਤੇ ਜਾਰੀ ਰਿਹਾ।

ਸਪੋਕਸਮੈਨ ਦੇ ਪਾਠਕਾਂ ਦਾ ਪਿਆਰ ਅਤੇ ਸਿੱਖੀ ਵਾਸਤੇ ਉਨ੍ਹਾਂ ਦੇ ਦਿਲ ਦੀ ਤੜਫ਼ ਵੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਬਾਬੇ ਨਾਨਕ ਦੀ ਸਿੱਖੀ ਹੁਣ ਮਰਨ ਵਾਲੀ ਨਹੀਂ। ਸਰਦਾਰ ਜੋਗਿੰਦਰ ਸਿੰਘ ਜੀ ਨੇ ਗਿਆਨੀ ਦਿੱਤ ਸਿੰਘ ਜੀ ਵਾਲਾ ਕੰਮ ਕਰ ਵਿਖਾਇਆ ਹੈ। ਉਨ੍ਹਾਂ ਦੀਆਂ ਬੇਬਾਕ ਸੰਪਾਦਕੀਆਂ ਦਾ ਕੋਈ ਸਾਨੀ ਨਹੀਂ। 'ਸਚੁ ਸੁਣਾਇਸੀ ਸਚ ਕੀ ਬੇਲਾ' ਵਾਲੇ ਸਿਧਾਂਤ ਤੇ ਉਹ ਪੂਰੇ ਖਰੇ ਉਤਰੇ ਹਨ। ਜਿਨ੍ਹਾਂ ਵੀਰਾਂ, ਭੈਣਾਂ, ਬੱਚੀਆਂ ਨੇ ਮੈਨੂੰ ਫ਼ੋਨ ਕਰ ਕੇ ਮੇਰੀ ਹੌਸਲਾ ਅਫ਼ਜ਼ਾਈ ਕੀਤੀ, ਮੈਨੂੰ ਚੰਗੇ ਸੁਝਾਅ ਵੀ ਦਿਤੇ, ਮੈਂ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧਨਵਾਦੀ ਹਾਂ,

ਅਤੇ ਆਸ ਕਰਦਾ ਹਾਂ ਕਿ ਬਾਬੇ ਨਾਨਕ ਦੇ ਇਸ ਗਿਆਨ ਰੂਪੀ ਇਨਕਲਾਬ ਨੂੰ ਘਰ-ਘਰ ਪਹੁੰਚਾ ਕੇ ਹੀ ਦਮ ਲੈਣਗੇ। ਮੈਂ ਅਪਣੇ ਲੇਖ ਵਿਚ ਲਿਖਿਆ ਸੀ ਕਿ 'ਕੇਸ ਵੀ ਸਰੀਰ ਦਾ ਇਕ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਨੂੰ ਕਟਣਾ ਠੀਕ ਨਹੀਂ।' ਜਿਹੜੇ ਮੇਰੇ ਵੀਰ ਕੇਸ ਕਟਦੇ ਹਨ, ਉਨ੍ਹਾਂ ਦੇ ਕੇਸ ਬੜੀ ਤੇਜ਼ੀ ਨਾਲ ਵਧਦੇ ਨੇ। ਇਹ ਗੱਲ ਬਿਲਕੁਲ ਸੱਚ ਹੈ। ਪਰ ਕੇਸ ਕੱਟਣ ਤੋਂ ਬਾਅਦ ਤੇਜ਼ੀ ਨਾਲ ਕਿਉਂ ਵਧਦੇ ਹਨ? ਆਉ ਆਪਾਂ ਇਸ ਤੇ ਥੋੜੀ ਜਹੀ ਵਿਚਾਰ ਕਰੀਏ। ਸੰਸਾਰ ਦੇ ਅੰਦਰ ਜੋ ਜੀਵਾਂ ਨੂੰ ਕੁਦਰਤ ਨੇ ਸਰੀਰ ਦਿਤੇ ਹਨ ਉਹ ਅਪਣੇ ਆਪ ਵਿਚ ਬੇਮਿਸਾਲ ਕਾਰੀਗਰੀ ਦਾ ਨਮੂਨਾ ਹਨ।

ਭਾਵੇਂ ਉਹ ਸਰੀਰ ਕਿਸੇ ਦਰੱਖ਼ਤ ਦਾ ਹੋਵੇ, ਫੁੱਲ-ਬੂਟੇ ਦਾ ਹੋਵੇ ਜਾਂ ਪਸ਼ੂ-ਪੰਛੀ, ਸਮੁੰਦਰੀ ਜੀਵ-ਜੰਤੂ ਦਾ ਹੋਵੇ ਜਾਂ ਫਿਰ ਮਨੁੱਖਾ ਸਰੀਰ, ਇਸਤਰੀ-ਪੁਰਸ਼ ਦੇ ਰੂਪ ਵਿਚ ਹੋਵੇ। ਇਨ੍ਹਾਂ ਦੀ ਬਣਤਰ ਕਮਾਲ ਦੀ ਹੈ। ਪਰਮਾਤਮਾ ਦੀ ਇਸ ਕਾਰੀਗਰੀ ਦਾ ਕੋਈ ਮੁਕਾਬਲਾ ਨਹੀਂ-ਕੋਈ ਸਾਨੀ ਨਹੀਂ। ਇਕ ਛੋਟਾ ਜਿਹਾ ਬੀਜ ਜ਼ਮੀਨ ਵਿਚ ਜਾ ਕੇ, ਅਪਣੇ ਆਪ ਨੂੰ ਮਿਟਾ ਕੇ, ਜਦੋਂ ਇਕ ਪੌਦੇ ਦੇ ਰੂਪ ਵਿਚ ਜ਼ਮੀਨ ਤੋਂ ਬਾਹਰ ਆਉਂਦਾ ਹੈ ਤਾਂ ਉਸ ਨੂੰ ਫੁੱਲ, ਫੱਲ ਵਗੈਰਾ ਲਗਦੇ ਹਨ ਅਤੇ ਉਹ ਬੀਜ ਜਿਸ ਨੇ ਮਿੱਟੀ ਵਿਚ ਜਾ ਕੇ ਅਪਣੇ ਆਪ ਨੂੰ ਖ਼ਤਮ ਕਰ ਕੇ ਇਕ ਪੌਦੇ ਦਾ ਰੂਪ ਧਾਰਨ ਕੀਤਾ ਸੀ, ਫਿਰ ਤੋਂ ਫੁੱਲ ਜਾਂ ਫੱਲ ਵਿਚ ਜਾ ਕੇ ਪ੍ਰਗਟ ਹੋ ਜਾਂਦਾ ਹੈ।

ਪੰਛੀਆਂ ਦੇ ਆਂਡਿਆਂ ਵਿਚ ਪਹਿਲਾਂ ਸਿਰਫ਼ ਤਰਲ ਪਦਾਰਥ ਹੀ ਹੁੰਦਾ ਹੈ, ਪਰ ਜਦੋਂ 20-25 ਦਿਨ ਤਕ ਪੰਛੀ ਉਸ ਨੂੰ ਅਪਣੇ ਜਿਸਮ ਦੀ ਗਰਮੀ ਨਾਲ ਸੇਕ ਦਿੰਦਾ ਹੈ ਤਾਂ ਉਸ ਵਿਚੋਂ ਖ਼ੂਬਸੂਰਤ ਚੂਜ਼ਾ ਬਾਹਰ ਆ ਜਾਂਦਾ ਹੈ। ਹੈ ਨਾ ਕਮਾਲ ਦਾ ਸਿਸਟਮ? ਸਾਡੇ ਆਲੇ-ਦੁਆਲੇ ਇਹ ਸਾਰਾ ਕੁੱਝ ਆਮ ਹੀ ਹੁੰਦਾ ਰਹਿੰਦਾ ਹੈ। ਇਸ ਕਰ ਕੇ ਸਾਡਾ ਧਿਆਨ ਇਸ ਪਾਸੇ ਵਲ ਨਹੀਂ ਜਾਂਦਾ, ਪਰ ਜਿਨ੍ਹਾਂ ਨੇ ਇਸ ਬਣਤਰ ਨੂੰ, ਇਸ ਸਿਸਟਮ ਨੂੰ ਗਹਿਰਾਈ ਵਿਚ ਜਾ ਕੇ ਤਕਿਆ, ਉਨ੍ਹਾਂ ਨੇ ਵਿਸਮਾਦ ਵਿਚ ਆ ਕੇ ਕਹਿ ਦਿਤਾ:

ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ£ 
ਏਕੁ ਪੁਰਬੁ ਮੈ ਤੇਰਾ ਦੇਖਿਆ ਤੂੰ ਸਭਨਾ ਮਾਹਿ ਰਵੰਤਾ£
(ਅੰਗ 596)

ਅਤੇ
ਪਾਂਚ ਤਤ ਕੋ ਤਨੁ ਰਚਿਓ, ਜਾਨਹੁ ਚਤੁਰ ਸੁਜਾਨ£
(ਅੰਗ 1426)

ਕਿਤਨਾ ਚਤੁਰ ਸਿਆਣਾ ਹੈ ਉਹ ਕਾਰੀਗਰ ਪਰਮੇਸ਼ਰ ਜਿਸ ਨੇ ਪੰਜਾਂ ਤੱਤਾਂ ਨੂੰ ਮਿਲਾ ਕੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਸਰੀਰ, ਜੇਰ ਤੋਂ ਪੈਦਾ (ਪਸ਼ੂ ਅਤੇ ਇਨਸਾਨ ਆਦਿਕ) ਹੋਣ ਵਾਲੇ ਸਰੀਰ, ਉਤਭੁਜ (ਮਿੱਟੀ) ਤੋਂ ਪੈਦਾ ਹੋਣ ਵਾਲੇ ਸਰੀਰ (ਬਨਸਪਤੀ ਆਦਿਕ) ਤੇ ਸੇਤਜ (ਪਸੀਨੇ, ਨਮੀ) ਤੋਂ ਪੈਦਾ ਹੋਣ ਵਾਲੇ ਸਰੀਰ ਬਣਾ ਦਿਤੇ ਅਤੇ ਫਿਰ ਦੋ, ਚਾਰ, ਛੇ ਕਿਸਮ ਦੀਆਂ ਜੂਨੀਆਂ ਹੀ ਨਹੀਂ ਬਣਾਈਆਂ, ਲੱਖਾਂ ਕਿਸਮ ਦੀਆਂ ਜੂਨੀਆਂ ਬਣਾ ਦਿਤੀਆਂ।

ਕੱਲੀ-ਕੱਲੀ ਜੂਨ ਵਿਚ ਕਰੋੜਾਂ ਦੇ ਹਿਸਾਬ ਨਾਲ ਜੀਵ ਪੈਦਾ ਕਰ ਦਿਤੇ ਅਤੇ ਉਸ ਤੋਂ ਬਾਅਦ ਹੋਰ ਕਮਾਲ ਦੀ ਗੱਲ, ਏਨੇ ਜੀਵ-ਜੰਤੂ ਪੈਦਾ ਕਰਨ ਤੋਂ ਬਾਅਦ ਕੋਈ ਕਿਸੇ ਵਰਗਾ ਨਹੀਂ ਬਣਾਇਆ। ਸੱਭ ਕੁੱਝ ਅਲੱਗ ਅਲੱਗ। ਹੱਥਾਂ ਦੇ ਫ਼ਿੰਗਰ ਪ੍ਰਿੰਟ ਸੱਭ ਦੇ ਅਲੱਗ-ਅਲੱਗ ਨੇ।

ਮੇਰੇ ਕਰਤੇ ਇਕ ਖੇਲ ਰਚਾਇਆ।
ਕੋਈ ਨਾ ਕਿਸ ਹੀ ਜੇਹਾ ਉਪਾਇਆ।

ਸੱਚ ਜਾਣਿਉ, ਕੁਦਰਤ ਦੀ ਇਸ ਰਚਨਾ ਨੂੰ ਜਦੋਂ ਨੇੜੇ ਹੋ ਕੇ, ਗਹਿਰਾਈ ਵਿਚ ਜਾ ਕੇ (ਮਨ ਦੀ ਗਹਿਰਾਈ ਵਿਚ, ਸਮੁੰਦਰੀ ਗਹਿਰਾਈ ਨਹੀਂ) ਤੱਕੋਗੇ ਤਾਂ ਤੁਸੀ ਅਪਣੇ ਆਪ ਵਿਸਮਾਦ ਦੀ ਅਵਸਥਾ ਵਿਚ ਪਹੁੰਚ ਜਾਉਗੇ ਅਤੇ ਤੁਹਾਡੇ ਮੂੰਹ ਤੋਂ ਆਪ ਹੀ ਨਿਕਲੇਗਾ, ''ਵਾਹਿ ਮੇਰੇ ਕਰਤੇ ਵਾਹਿ, ਤੂੰ ਧੰਨ ਹੈ ਤੇਰੀ ਰਚਨਾ ਵੀ ਧੰਨ ਹੈ।'' ਤੁਸੀ ਆਖੋਗੇ ਕਿ ਭਾਈ ਸਾਬ੍ਹ ਗੱਲ 'ਕੇਸਾਂ' ਬਾਰੇ ਕਰਨ ਲੱਗੇ ਸੀ, ਪਰ ਲੈ ਕਿਸੇ ਹੋਰ ਪਾਸੇ ਗਏ। ਜੀ ਹਾਂ ਜੋ ਗੱਲ ਮੈਂ ਆਪ ਸਾਰਿਆਂ ਨੂੰ ਦਸਣੀ ਚਾਹੁੰਦਾ ਹਾਂ, ਉਸ ਦੇ ਵਾਸਤੇ ਏਨੀ ਕੁ ਭੂਮਿਕਾ ਬਣਾਉਣੀ ਜ਼ਰੂਰੀ ਸੀ ਕਿਉਂਕਿ ਕੇਸ ਵੀ ਕੁਦਰਤ ਦੀ ਹੀ ਇਕ ਰਚਨਾ ਹਨ, ਕਿਸੇ ਮਨੁੱਖ ਦੀ ਨਹੀਂ।

ਕਾਦਰ ਦੀ ਰਚਨਾ ਨੂੰ ਸਮਝਣ ਵਾਸਤੇ ਕਾਦਰ ਦੇ ਨੇੜੇ ਜਾਣਾ ਹੀ ਪਵੇਗਾ। ਗੱਲ ਜਨਵਰੀ 1999 ਦੀ ਹੈ। ਉਨ੍ਹਾਂ ਦਿਨਾਂ ਵਿਚ ਮੈਂ ਮੋਹਾਲੀ, ਫੇਜ਼-7, ਇੰਡਸਟਰੀ ਏਰੀਆ ਵਿਚ ਨਵਾਂ-ਨਵਾਂ ਅਪਣਾ ਕੰਮ ਸ਼ੁਰੂ ਕੀਤਾ ਸੇ। ਇਕ ਦਿਨ ਮੇਰਾ ਇਕ ਮੁਲਾਜ਼ਮ ਕੰਮ ਤੇ ਨਾ ਆਇਆ। ਇਸ ਕਰ ਕੇ ਮੈਂ ਆਪ ਡਰਿੱਲ ਮਸ਼ੀਨ ਤੇ ਕੰਮ ਕਰਨ ਲੱਗ ਪਿਆ। ਕੰਮ ਕਰਦੇ ਕਰਦੇ ਮੈਨੂੰ  ਡਰਿੱਲ ਮਸ਼ੀਨ ਦੇ ਬੇਸ ਪਲੇਟ ਨੂੰ ਅਡਜਸਟ ਕਰਨ ਦੀ ਲੋੜ ਮਹਿਸੂਸ ਹੋਈ। ਕਾਹਲੀ-ਕਾਹਲੀ ਵਿਚ ਮੈਂ ਮਸ਼ੀਨ ਨੂੰ ਬੰਦ ਕਰਨੀ ਭੁੱਲ ਗਿਆ ਅਤੇ ਸਾਹਮਣੇ ਵਾਲੇ ਪਾਸੇ ਨੂੰ ਝੁਕ ਕੇ ਬੇਸ ਪਲੇਟ ਨੂੰ ਠੀਕ ਕਰਨ ਲੱਗ ਪਿਆ

ਕਿ ਅਚਾਨਕ ਮੇਰੀ ਦਾੜ੍ਹੀ ਦਾ ਸੱਜਾ ਪਾਸਾ ਡਰਿੱਲ ਮਸ਼ੀਨ ਵਿਚ ਫੱਸ ਗਿਆ ਅਤੇ ਸੈਕਿੰਡ ਤੋਂ ਵੀ ਪਹਿਲਾਂ ਮੇਰੇ ਸੱਜੇ ਪਾਸੇ ਦੀ ਦਾੜ੍ਹੀ ਜੜ੍ਹ ਤੋਂ ਪੁੱਟੀ ਗਈ। ਮੈਂ ਅਪਣੀ ਸੱਜੀ ਗੱਲ੍ਹ ਤੇ ਹੱਥ ਰੱਖ ਕੇ ਬੈਠ ਗਿਆ। ਦਰਦ ਨਾਲ ਮੇਰੀ ਜਾਨ ਤੇ ਬਣ ਆਈ ਸੀ। 3-4 ਮਿੰਟ ਮੈਂ ਉਸੇ ਹਾਲਤ ਵਿਚ ਬੈਠਾ ਰਿਹਾ। ਉਸ ਤੋਂ ਬਾਅਦ ਮੈਂ ਅਪਣਾ ਹੱਥ ਹਟਾ ਕੇ ਵੇਖਿਆ ਕਿ ਖ਼ੂਨ ਤਾਂ ਨਹੀਂ ਨਿਕਲਿਆ। ਖੈਰ ਖ਼ੂਨ ਨਹੀਂ ਸੀ ਨਿਕਲਿਆ ਪਰ ਮੇਰੀ ਸੱਜੀ ਗੱਲ੍ਹ ਇਕਦਮ ਲਾਲ ਹੋ ਗਈ। ਮੇਰੇ ਇਕ ਮੁਲਾਜ਼ਮ ਨੇ ਚੰਗੀ ਤਰ੍ਹਾਂ ਵੇਖਿਆ ਅਤੇ ਦਸਿਆ ਕਿ ਖ਼ੂਨ ਤਾਂ ਨਹੀਂ ਹੈ ਪਰ ਗੱਲ੍ਹ ਪੂਰਾ ਇਕਦਮ ਲਾਲ ਹੋ ਗਿਆ ਹੈ।

ਮੈਂ ਤੁਰਤ ਅਪਣੇ ਚਿਹਰੇ ਨੂੰ ਅਪਣੀ ਸ਼ਾਲ ਨਾਲ ਢੱਕ ਲਿਆ, ਕਿਉਂਕਿ ਠੰਢ ਵੀ ਕਾਫ਼ੀ ਸੀ ਅਤੇ ਇਕ ਪਾਸੇ ਦੀ ਦਾੜ੍ਹੀ ਪੁੱਟੀ ਹੋਣ ਕਰ ਕੇ ਮੇਰੀ ਸ਼ਕਲ ਵੀ ਵਿਗੜ ਗਈ ਸੀ। ਮੈਂ ਸੋਚਾਂ ਵਿਚ ਪੈ ਗਿਆ ਕਿ ਪਤਾ ਨਹੀਂ ਨਵੇਂ ਵਾਲ ਆਉਣਗੇ ਵੀ ਜਾਂ ਨਹੀਂ? ਕੀ ਮੇਰੀ ਸ਼ਕਲ ਸਾਰੀ ਉਮਰ ਇਸੇ ਤਰ੍ਹਾਂ ਹੀ ਰਹੇਗੀ? ਉਸ ਰਾਤ ਮੈਂ ਸੌਂ ਨਾ ਸਕਿਆ ਅਤੇ ਘਰ ਵਿਚ ਕਿਸੇ ਨੂੰ ਇਸ ਘਟਨਾ ਬਾਰੇ ਨਾ ਦਸਿਆ। ਦੂਜੇ ਦਿਨ ਸਵੇਰੇ ਮੈਂ ਗੁਰਦੁਆਰੇ ਗਿਆ ਅਤੇ ਸਤਿਗੁਰਾਂ ਅੱਗੇ ਅਰਦਾਸ ਕੀਤੀ ਕਿ ਹੈ ਸਤਿਗੁਰੂ ਜੀਉ ਮੇਰੇ ਜਿਹੜੇ ਕੇਸ ਮਸ਼ੀਨ ਵਿਚ ਆ ਕੇ ਪੁੱਟੇ ਗਏ ਹਨ ਉਹ ਵਾਪਸ ਆ ਜਾਣ, ਪਾਤਸ਼ਾਹ ਜੀਉ ਮੈਨੂੰ ਕੇਸਾਂ ਦਾ ਦਾਨ ਦੇ ਦੇਵੋ ਜੀ।

ਘਰ ਆ ਕੇ ਮੈਂ ਇਹ ਗੱਲ ਅਪਣੀ ਜੀਵਨ ਸਾਥਣ ਨੂੰ ਦੱਸੀ ਅਤੇ ਉਹ ਕਾਫ਼ੀ ਘਬਰਾਈ ਅਤੇ ਫ਼ਟਾਫਟ ਡਾਬਰ ਹੇਅਰ ਵਾਟਿਕਾ ਤੇਲ ਲੈ ਆਈ ਅਤੇ ਕਹਿਣ ਲੱਗੀ ਕਿ ਇਹ ਤੇਲ ਦੀ ਵਰਤੋਂ ਨਾਲ ਵਾਲ ਦੁਬਾਰਾ ਆ ਜਾਣਗੇ। ਸੱਚ ਜਾਣਿਉ ਇਕ ਹਫ਼ਤੇ ਵਿਚ ਮੇਰੀ ਸੱਜੀ ਗੱਲ੍ਹ ਤੇ ਨਵੇਂ ਰੋਮ ਆ ਗਏ ਅਤੇ 8-9 ਮਹੀਨੇ ਵਿਚ ਮੇਰੀ ਦਾੜ੍ਹੀ ਅਪਣੇ ਪੁਰਾਣੇ ਰੂਪ ਵਿਚ ਆ ਗਈ। ਮੇਰੀ ਦਾੜ੍ਹੀ ਦੀ ਖੱਬੀ ਲੱਟ ਅਤੇ ਸੱਜੀ ਲੱਟ ਦੋਵੇਂ ਇਕਦਮ ਬਰਾਬਰ ਹੋ ਗਈਆਂ ਅਤੇ ਕੋਈ ਕਹਿ ਵੀ ਨਹੀਂ ਸਕਦਾ ਕਿ ਕਦੇ ਮੇਰੇ ਨਾਲ ਇਸ ਤਰ੍ਹਾਂ ਦਾ ਹਾਦਸਾ ਵੀ ਹੋਇਆ ਹੋਵੇਗਾ। 

ਇਕ ਦਿਨ ਅਚਾਨਕ ਚਾਹ ਪੀਂਦੇ ਸਮੇਂ ਮੈਨੂੰ ਮੇਰੇ ਮੁਲਾਜ਼ਮ ਨੇ ਕਿਹਾ, ''ਸਰ ਤੁਹਾਡੀ ਦਾੜ੍ਹੀ ਤਾਂ ਬਿਲਕੁਲ ਬਰਾਬਰ ਹੋ ਗਈ ਹੈ।''
ਮੈਂ ਕਿਹਾ, ''ਹਾਂ, ਬਿਲਕੁਲ ਠੀਕ ਹੋ ਗਈ ਹੈ।''
ਉਸ ਨੇ ਫਿਰ ਡਰਦੇ-ਡਰਦੇ ਪੁਛਿਆ ਕਿ ''ਸਰ ਤੁਸੀ ਦੂਜੇ ਪਾਸੇ ਦੀ ਦਾੜ੍ਹੀ ਕੱਟ ਕੇ ਬਰਾਬਰ ਕੀਤੀ ਹੈ?''
ਮੈਂ ਕਿਹਾ, ''ਤੈਨੂੰ ਪਤਾ ਹੋਣਾ ਚਾਹੀਦੈ ਕਿ ਮੈਂ ਵਾਲ ਕੱਟਣ ਦੇ ਵਿਰੁਧ ਹਾਂ।''

ਉਸ ਨੇ ਜਵਾਬ ਦਿਤਾ, ''ਸਰ ਮੈਨੂੰ ਪਤੈ। ਬਸ ਐਵੇਂ ਹੀ ਪੁੱਛ ਲਿਆ।'' ਏਨਾ ਕਹਿ ਕੇ ਉਹ ਅਪਣੇ ਕੰਮ ਤੇ ਚਲਾ ਗਿਆ। ਪਰ ਉਸ ਦੇ ਇਸ ਸਵਾਲ ਨੇ ਮੇਰੇ ਦਿਮਾਗ਼ ਵਿਚ ਹਲਚਲ ਪੈਦਾ ਕਰ ਦਿਤੀ ਕਿ ਜੇ ਸੱਜੇ ਪਾਸੇ ਦੀ ਦਾੜ੍ਹੀ 8-9 ਮਹੀਨੇ ਵਿਚ ਵੱਧ ਕੇ ਅਪਣੇ ਅਸਲੀ ਰੂਪ ਵਿਚ ਆ ਸਕਦੀ ਹੈ ਤਾਂ ਖੱਬੇ ਪਾਸੇ ਦੇ ਕੇਸਾਂ ਨੂੰ ਵੀ ਵਧਣਾ ਚਾਹੀਦਾ ਸੀ। ਉਸ ਦਿਨ ਤੋਂ ਬਾਅਦ ਮੈਂ ਕੇਸਾਂ ਵਲ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿਤਾ ਅਤੇ ਜਿਥੋਂ ਵੀ ਮੈਨੂੰ ਕੇਸਾਂ ਬਾਰੇ ਜਾਣਕਾਰੀ ਮਿਲਦੀ, ਮੈਂ ਹਾਸਲ ਕਰਨੀ ਸ਼ੁਰੂ ਕਰ ਦਿਤੀ।

ਜਿਵੇਂ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਸਾਡਾ ਸਰੀਰ ਕੁਦਰਤ ਦੀ ਇਕ ਬੇਮਿਸਾਲ ਕਾਰੀਗਰੀ ਹੈ। ਇਹ ਅਪਣੇ ਸਿਸਟਮ ਦਾ ਕੰਟਰੋਲ ਖ਼ੁਦ ਕਰਦਾ ਹੈ। ਇਸ ਲਈ ਇਹ ਅਪਣੇ ਵੱਖ-ਵੱਖ ਊਰਜਾ ਸਰੋਤਾਂ ਤੋਂ ਊਰਜਾ ਲੈਂਦਾ ਰਹਿੰਦਾ ਹੈ। ਰੋਟੀ ਖਾਣੀ, ਪਾਣੀ ਪੀਣਾ ਅਤੇ ਹੋਰ ਪਦਾਰਥ ਖਾਣੇ ਸਾਡੇ ਵੱਸ ਵਿਚ ਹੈ। ਪਰ ਇਨ੍ਹਾਂ ਪਦਾਰਥਾਂ ਨੂੰ ਹਜ਼ਮ ਕਰਨਾ ਅਤੇ ਉਨ੍ਹਾਂ ਵਿਚੋਂ ਊਰਜਾ ਲੈਣੀ, ਇਹ ਸਰੀਰ ਦਾ ਅਪਣਾ ਕੰਮ ਹੈ ਇਸ ਨੇ ਕਿੰਨਾ ਖ਼ੂਨ ਬਣਾਉਣਾ ਹੈ, ਕਿੰਨੀ ਚਰਬੀ ਬਣਾਉਣੀ ਹੈ। ਇਹ ਸਾਰਾ ਕੁੱਝ ਇਹ ਆਪ ਕਰਦਾ ਹੈ। ਵਾਧੂ ਊਰਜਾ ਨੂੰ ਇਹ ਚਰਬੀ ਦੇ ਰੂਪ ਵਿਚ ਜਮ੍ਹਾ ਕਰ ਲੈਂਦਾ ਹੈ

ਤਾਕਿ ਕਿਸੇ ਵੇਲੇ ਜੇ ਰੋਟੀ ਨਾ ਮਿਲੇ ਤਾਂ ਇਹ ਚਰਬੀ ਤੋਂ ਊਰਜਾ ਲੈ ਕੇ ਅਪਣਾ ਕੰਮ ਜਾਰੀ ਰੱਖ ਸਕੇ। ਕੇਸ ਵੀ ਸਰੀਰ ਦਾ ਇਕ ਊਰਜਾ ਸਰੋਤ ਹੀ ਹਨ। ਜਿਵੇਂ ਦਰੱਖ਼ਤ ਦੇ ਪੱਤੇ ਸੂਰਜ ਦੀ ਗਰਮੀ ਤੋਂ ਭੋਜਨ ਤਿਆਰ ਕਰ ਕੇ ਵਾਪਸ ਦਰੱਖ਼ਤ ਨੂੰ ਦਿੰਦੇ ਹਨ, ਠੀਕ ਉਸੇ ਤਰ੍ਹਾਂ ਸਾਡੇ ਕੇਸ ਵੀ ਸਾਡੇ ਸਰੀਰ ਨੂੰ ਊਰਜਾ ਤਿਆਰ ਕਰ ਕੇ ਦਿੰਦੇ ਹਨ। ਪਰਮਾਤਮਾ ਨੇ ਬੰਦੇ ਨੂੰ ਇਕ ਕਿਸਮ ਦਾ ਸੋਲਰ ਸਿਸਟਮ ਹੀ ਦਿਤਾ ਹੋਇਆ ਹੈ। ਜਦੋਂ ਕੋਈ ਆਦਮੀ ਸਰੀਰ ਦੇ ਇਸ ਊਰਜਾ ਸਰੋਤ ਨੂੰ ਨਸ਼ਟ ਕਰਦਾ ਹੈ, ਸਰੀਰ ਦਾ ਸਾਰਾ ਧਿਆਨ ਅਪਣੇ ਇਸ ਊਰਜਾ ਸਰੋਤ ਵਲ ਜਾਂਦਾ ਹੈ, ਕਿ ਕਿਸੇ ਨੇ ਮੇਰਾ ਊਰਜਾ ਸਰੋਤ ਨਸ਼ਟ ਕਰ ਦਿਤਾ ਹੈ।

ਮੈਂ ਸੱਭ ਤੋਂ ਪਹਿਲਾਂ ਇਸ ਨੂੰ ਠੀਕ ਕਰਾਂ। ਇਸੇ ਕਰ ਕੇ ਵਾਲ ਕੱਟਣ ਤੋਂ ਬਾਅਦ ਬੜੀ ਛੇਤੀ ਨਾਲ ਵਧਦੇ ਨੇ। ਮਿਸਾਲ ਦੇ ਤੌਰ ਤੇ ਜਦੋਂ ਤਕ ਇਨਸਾਨ ਦੀ ਆਮਦਨ ਠੀਕ-ਠਾਕ ਰਹਿੰਦੀ ਹੈ, ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਉਸ ਨੂੰ ਸੱਭ ਕੁੱਝ ਚੰਗਾ ਲਗਦਾ ਹੈ, ਪਰ ਜਿਉਂ ਹੀ ਉਸ ਦੀ ਆਮਦਨ ਬੰਦ ਹੋ ਜਾਂਦੀ ਹੈ, ਉਸ ਨੂੰ ਕੁੱਝ ਵੀ ਚੰਗਾ ਨਹੀਂ ਲਗਦਾ। ਉਸ ਦਾ ਸਾਰਾ ਧਿਆਨ ਅਪਣੇ ਆਮਦਨ ਸਰੋਤ ਵਲ ਚਲਾ ਜਾਂਦਾ ਹੈ। ਜਿਵੇਂ ਵੀ ਹੋਵੇ ਪਹਿਲਾਂ ਮੈਂ ਅਪਣੀ ਆਮਦਨ ਚਾਲੂ ਕਰਾਂ, ਬਾਕੀ ਗੱਲਾਂ ਬਾਅਦ ਵਿਚ। ਹੋਰ ਵੇਖੋ, ਜੋ ਲੋਕ ਸ਼ੇਵ ਕਰਦੇ ਨੇ ਉਨ੍ਹਾਂ ਦੀ ਦਾੜ੍ਹੀ ਹਫ਼ਤੇ ਵਿਚ 3-4 ਮਿਲੀਮੀਟਰ ਵੱਧ ਜਾਂਦੀ ਹੈ ਅਤੇ ਉਹ ਫਿਰ ਸ਼ੇਵ ਕਰ ਦਿੰਦੇ ਹਨ।

ਅਗਲੇ ਹਫ਼ਤੇ ਉਹ ਫਿਰ ਓਨੀ ਹੀ ਵੱਧ ਜਾਂਦੀ ਹੈ ਅਤੇ ਉਹ ਫਿਰ ਸ਼ੇਵ ਕਰਦੇ ਨੇ। ਹੁਣ ਜ਼ਰਾ ਹਿਸਾਬ ਲਾਉ, ਇਕ ਹਫ਼ਤੇ ਵਿਚ 3 ਮਿਲੀਮੀਟਰ ਯਾਨੀ ਕਿ ਮਹੀਨੇ ਵਿਚ 12 ਮਿਲੀਮੀਟਰ ਮਤਲਬ ਅੱਧਾ ਇੰਚ, ਸਾਲ ਵਿਚ 6 ਇੰਚ, 10 ਸਾਲ ਵਿਚ 60 ਇੰਚ ਯਾਨੀ 5 ਫੁੱਟ, 20 ਸਾਲ ਵਿਚ 10 ਫੁੱਟ, 40 ਸਾਲ ਵਿਚ 20 ਫੁੱਟ ਦੇ ਹਿਸਾਬ ਨਾਲ ਉਨ੍ਹਾਂ ਨੇ ਅਪਣੀ ਦਾੜ੍ਹੀ ਸ਼ੇਵ ਕਰ ਦਿਤੀ ਹੈ। ਸਰੀਰ ਕਿਤਨਾ ਜ਼ੋਰ ਲਾਉਂਦਾ ਹੈ ਅਪਣਾ ਊਰਜਾ ਸਰੋਤ ਪੂਰਾ ਕਰਨ ਵਾਸਤੇ ਪਰ ਇਨਸਾਨ ਅਨਜਾਣਪੁਣੇ ਵਿਚ ਉਸ ਨੂੰ ਨਸ਼ਟ ਕਰੀ ਜਾਂਦਾ ਹੈ ਅਤੇ ਜੋ ਲੋਕ ਦਾੜ੍ਹੀ ਕੇਸ ਨਹੀਂ ਕਟਦੇ ਉਨ੍ਹਾਂ ਦੇ ਦਾੜ੍ਹੀ ਕੇਸ ਇਕ ਹੱਦ ਤੋਂ ਵਧਦੇ ਨਹੀਂ

ਭਾਵ ਕਿ ਸਿਰ ਦੇ ਵਾਲ ਇਕ ਜਾਂ ਡੇਢ ਫ਼ੁੱਟ ਤੇ ਦਾੜ੍ਹੀ ਦੇ ਵਾਲ 7-8 ਇੰਚ ਤੋਂ ਵੱਧ ਨਹੀਂ ਹੁੰਦੇ। ਕਾਰਨ ਸਾਫ਼ ਹੈ, ਸਰੀਰ ਅਪਣਾ ਊਰਜਾ ਸਰੋਤ ਹਰ ਹਾਲਤ ਵਿਚ ਪੂਰਾ ਰਖਣਾ ਚਾਹੁੰਦਾ ਹੈ। ਇਹ ਸਿਸਟਮ ਪਰਮਾਤਮਾ-ਅਕਾਲ ਪੁਰਖ ਦਾ ਬਣਾਇਆ ਹੋਇਆ ਹੈ। ਕਿਸੇ ਆਮ ਆਦਮੀ ਦਾ ਨਹੀਂ। ਇਸੇ ਕਰ ਕੇ ਗੁਰੂ ਸਾਹਿਬਾਂ ਨੇ ਅਪਣੇ ਆਪ ਨੂੰ ਸਾਬਤ-ਸੂਰਤ ਰਖਿਆ ਅਤੇ ਸਾਰੀ ਲੋਕਾਈ ਨੂੰ ਸਾਬਤ ਸੂਰਤ ਰਹਿਣ ਦਾ ਉਪਦੇਸ਼ ਦਿਤਾ। ਉਨ੍ਹਾਂ ਨੇ ਪਰਮੇਸ਼ਰ ਨੂੰ ਵੀ ਅਪਣੀ ਬਾਣੀ ਵਿਚ ਕੇਸ਼ਵ (ਕੇਸਾਂ ਵਾਲਾ) ਲਮੜੇ ਵਾਲਾਂ (ਲੰਮੇ ਕੇਸਾਂ ਵਾਲਾ) ਕਹਿ ਕੇ ਸੰਬੋਧਨ ਕੀਤਾ ਹੈ।

ਜਿਹੜੇ ਮੇਰੇ ਵੀਰ ਦਾੜ੍ਹੀ ਕੇਸਾਂ ਨੂੰ ਕਟਦੇ ਨੇ, ਉਹ ਸ਼ੀਸ਼ੇ ਅੱਗੇ ਖਲੋ ਕੇ ਰੱਬ ਨੂੰ ਅਸਿੱਧੇ ਤੌਰ ਤੇ ਇਹ ਸੁਨੇਹਾ ਦਿੰਦੇ ਨੇ ਕਿ ਰੱਬਾ ਤੂੰ ਸੱਭ ਕੁੱਝ ਠੀਕ ਬਣਾਇਆ, ਪਰ ਆਹ ਜਿਹੜੇ ਕੇਸ ਮੂੰਹ ਤੇ ਲਾ ਦਿਤੇ ਨੇ, ਇਹ ਗ਼ਲਤ ਕੀਤਾ ਹੈ। ਕੀ ਪਰਮਾਤਮਾ ਵੀ ਕੋਈ ਗ਼ਲਤੀ ਕਰਦਾ ਹੈ? ਨਹੀਂ ਬਿਲਕੁਲ ਨਹੀਂ ਉਹ ਅਭੁੱਲ ਹੈ।
ਅਸੀਂ ਹੀ ਭੁੱਲਣਹਾਰ ਹੋ ਸਕਦੇ ਹਾਂ ਅਤੇ ਹਾਂ, ਪਰ ਗੁਰੂ ਪਰਮੇਸ਼ਰ ਕਦੇ ਵੀ ਭੁੱਲਣਹਾਰ ਨਹੀਂ ਹੋ ਸਕਦਾ:

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ।।
(ਅੰਗ 60)

ਰਵਿੰਦਰ ਨਾਥ ਟੈਗੋਰ ਬਾਰੇ ਮੈਨੂੰ ਇਕ ਗੱਲ ਚੇਤੇ ਆ ਗਈ। ਉਹ ਇਹ ਕਿ ਪਹਿਲਾਂ ਉਹ ਰੋਜ਼ਾਨਾ ਸ਼ੇਵ ਕਰਦੇ ਸਨ। ਇਹ ਸਿਲਸਿਲਾ ਕਈ ਸਾਲ ਚਲਦਾ ਰਿਹਾ। ਅਚਾਨਕ ਉਨ੍ਹਾਂ ਨੇ ਸ਼ੇਵ ਕਰਨੀ ਬੰਦ ਕਰ ਦਿਤੀ ਅਤੇ ਅਪਣੇ ਸਿਰ ਦੇ ਕੇਸ ਵੀ ਰੱਖ ਲਏ। ਜਦੋਂ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਦਾੜ੍ਹੀ ਕੇਸ ਰੱਖਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਬੜਾ ਖ਼ੂਬਸੂਰਤ ਸੀ। ਕਹਿਣ ਲੱਗੇ, ''ਮੈਂ ਰੋਜ਼ਾਨਾ ਸ਼ੇਵ ਕਰਦਾ ਸਾਂ। ਅਗਲੇ ਦਿਨ ਫੇਰ ਦਾੜ੍ਹੀ ਆ ਜਾਣੀ। ਮੈਂ ਫਿਰ ਸ਼ੇਵ ਕਰਨੀ, ਦਾੜ੍ਹੀ ਨੇ ਫੇਰ ਆ ਜਾਣਾ। ਮੈਂ ਸੋਚਿਆ ਇਹ ਸਿਲਸਿਲਾ ਕਦੋਂ ਤਕ ਚਲੇਗਾ।

ਇਸ ਦਾ ਅੰਤ ਹੋਣਾ ਚਾਹੀਦਾ ਹੈ, ਅਤੇ ਅੰਤ ਇਹ ਹੈ ਕਿ ਉਸ ਪ੍ਰਮਾਤਮਾ ਅੱਗੇ, ਜਿਸ ਨੇ ਇਹ ਸਾਰਾ ਸਿਸਟਮ ਬਣਾਇਆ ਹੈ, ਅਪਣੀ ਹਾਰ ਮੰਨ ਲਵੋ। ਅਤੇ ਮੈਂ ਉਸ ਪ੍ਰਮਾਤਮਾ ਅੱਗੇ ਅਪਣੇ ਗੋਡੇ ਟੇਕ ਦਿਤੇ ਅਤੇ ਅਪਣੇ ਆਪ ਨੂੰ ਉਸ ਦੇ ਹਵਾਲੇ ਕਰ ਦਿਤਾ। ਪੂਰਣ ਆਤਮਸਮਰਪਣ ਕਰ ਦਿਤਾ ਅਤੇ ਉਸ ਦਿਨ ਤੋਂ ਮੈਂ ਸ਼ੇਵ ਕਰਨੀ ਤੇ ਸਿਰ ਦੇ ਵਾਲ ਕਟਵਾਉਣੇ ਬੰਦ ਕਰ ਦਿਤੇ।'' ਅੱਗੇ ਚੱਲ ਕੇ ਉਹ ਹਿੰਦੁਸਤਾਨ ਦੇ ਮਹਾਨ ਕਵੀ ਬਣੇ ਅਤੇ ਉਨ੍ਹਾਂ ਦੀ ਇਕ ਕਵਿਤਾ 'ਜਨ ਗਨ ਮਨ' ਨੂੰ ਰਾਸ਼ਟਰੀ ਗੀਤ ਦਾ ਦਰਜਾ ਹਾਸਲ ਹੋਇਆ। ਜਿਸ ਬੰਦੇ ਦੇ ਅਪਣੇ ਧਰਮ ਗ੍ਰੰਥਾਂ ਵਿਚ ਮੁੰਡਨ (ਵਾਲ ਉਤਾਰਨਾ) ਵਰਗੀ ਰਸਮ ਪ੍ਰਧਾਨ ਹੋਵੇ

ਉਸ ਨੇ ਪ੍ਰਮਾਤਮਾ ਅੱਗੇ ਅਪਣੀ ਹਾਰ ਮੰਨ ਕੇ ਅਪਣੇ ਕੇਸ ਰੱਖ ਲਏ ਅਤੇ ਇਕ ਅਸੀਂ ਹਾਂ ਅਹਿਸਾਨਫ਼ਰਾਮੋਸ਼, ਹਰਾਮਖੋਰ, ਅਕ੍ਰਿਤਘਣ ਜਿਨ੍ਹਾਂ ਦੇ ਗੁਰੂ ਸਾਹਿਬਾਂ ਨੇ, ਬਾਪ-ਦਾਦਿਆਂ ਨੇ, ਮਾਤਾਵਾਂ ਨੇ, ਇਨ੍ਹਾਂ ਕੇਸਾਂ ਦੀ ਖ਼ਾਤਰ, ਅਪਣੇ ਸਾਹਿਬਜ਼ਾਦੇ ਕੁਰਬਾਨ ਕਰ ਦਿਤੇ, ਚਰਖੜੀਆਂ ਤੇ ਚੜ੍ਹ ਗਏ। ਖੋਪਰੀ ਤਕ ਲੁਹਾਂ ਲਈ, ਸਵਾ-ਸਵਾ ਮਣ ਦੇ ਪੀਸਣੇ ਜੇਲਾਂ ਦੇ ਅੰਦਰ ਪੀਸੇ, ਅਸਹਿ ਅਤੇ ਅਕਹਿ ਤਸੀਹੇ ਝੱਲੇ, ਇਨ੍ਹਾਂ ਸਾਰੀਆਂ ਗੱਲਾਂ ਦੇ ਪਤਾ ਹੋਣ ਦੇ ਬਾਵਜੂਦ (ਰੋਜ਼ਾਨਾ ਅਰਦਾਸ ਵਿਚ ਸੁਣਦੇ ਹੀ ਹਾਂ) ਅੱਜ ਅਸੀ ਕੀ ਮੁੱਲ ਪਾਇਆ ਉਨ੍ਹਾਂ ਦੀਆਂ ਕੁਰਬਾਨੀਆਂ ਦਾ?

ਏਹੀ ਕਿ ਸਿਰ-ਮੂੰਹ ਮੁਨਵਾ ਕੇ, ਕੰਨਾਂ ਵਿਚ ਨਤੀਆਂ (ਵਾਲੀਆਂ) ਪਾ ਕੇ, ਸੀਂਹ ਦੇ ਕੰਡਿਆਂ ਵਾਂਗ ਅਪਣੇ ਸਿਰ ਦੇ ਵਾਲ ਖੜੇ ਕਰ ਕੇ (ਜੈੱਲ ਲਾ ਕੇ) ਬੇਸ਼ਰਮਾਂ ਵਾਂਗ ਗੁਰਦੁਆਰੇ ਜਾ ਕੇ, 10 ਰੁਪਏ ਗੋਲਕ ਵਿਚ ਪਾ ਦਿਤੇ, 10 ਰੁਪਏ ਕੀਰਤਨੀਏ ਸਿੰਘ ਨੂੰ ਦੇ ਦਿਤੇ, 10 ਰੁਪਏ ਲੰਗਰਾਂ ਵਿਚ ਵੀ ਪਾ ਦਿਤੇ, ਕੜਾਹ ਪ੍ਰਸ਼ਾਦਿ ਦੀ ਪਰਚੀ ਵੀ ਲੈ ਲਈ ਅਤੇ ਹੋਰ ਸੇਵਾ ਵੀ ਕਰ ਲਈ, ਕੀ ਹੁਣ ਗੁਰੂ ਸਾਹਿਬ ਸਾਡੇ ਤੇ ਪ੍ਰਸੰਨ ਹੋ ਜਾਣਗੇ? ਨਹੀਂ ਬਿਲਕੁਲ ਨਹੀਂ, ਭੁਲੇਖਾ ਹੈ, ਮੇਰੇ ਵੀਰੋ, ਮੇਰੇ ਬੱਚਿਉ ਗੁਰੂ ਸਾਹਿਬ ਜੀ ਨੇ ਸਾਫ਼-ਸਾਫ਼ ਕਹਿ ਦਿਤਾ ਹੈ ਕਿ ਮੈਨੂੰ ਤੁਹਾਡੀ ਮਾਇਆ ਦੀ ਲੋੜ ਨਹੀਂ।

ਪ੍ਰਮਾਤਮਾ ਨੂੰ ਰੁਪਏ ਪੈਸੇ ਨਾਲ ਨਹੀਂ ਖ਼ਰੀਦਿਆ ਜਾ ਸਕਦਾ। ਉਸ ਨੂੰ ਪਾਉਣ ਦਾ ਇਕੋ-ਇਕ ਤਰੀਕਾ ਹੈ, ਉਹ ਹੈ ਆਤਮਸਮਰਪਣ। ਉਸ ਦੇ ਅੱਗੇ ਸਮਰਪਣ ਕਰ ਦੇਵੇ:
ਕੰਚਨ ਸਿਉ ਪਾਈਐ ਨਹੀਂ ਤੋਲ।
ਮਨੁ ਦੇ ਰਾਮ ਲੀਆ ਹੈ ਮੋਲਿ।।
(ਅੰਗ 327)

ਯਾਦ ਰੱਖੋ, ਜਦੋਂ ਤਕ ਸਾਡਾ ਮਨ ਪੁੱਠੇ ਪਾਸੇ ਚੱਲ ਰਿਹਾ ਹੈ, ਗੁਰੂ ਘਰ ਵਿਚ ਸਾਡਾ ਮੱਥਾ ਟੇਕਿਆ ਵੀ ਪ੍ਰਵਾਨ ਨਹੀਂ ਜੇ ਹੋਣਾ। ਗੁਰੂ ਸਾਹਿਬ ਰੋਜ਼ ਸਾਨੂੰ ਆਸਾ ਦੀ ਵਾਰ ਵਿਚ ਤਾੜਨਾ ਕਰਦੇ ਨੇ:
ਸੀਸਿ ਨਿਵਾਇਐ ਕਿਆ ਥੀਐ ਜਾਂ ਰਿਦੈ ਕੁਸੁਧੇ ਜਾਹਿ£
(ਅੰਗ 470)

ਇਸ ਤੋਂ ਪਹਿਲਾਂ ਕਿ ਮੌਤ ਸਾਨੂੰ ਅਪਣੇ ਆਗੋਸ਼ ਵਿਚ ਲੈ ਲਵੇ, ਆ ਜਾਉ ਅਪਣੇ ਸਿੱਖੀ ਸਰੂਪ ਵਿਚ ਵਾਪਸ। ਸਮਝੋ ਪਰਮਾਤਮਾ ਦੀ ਇਸ ਖ਼ੂਬਸੂਰਤ ਰਚਨਾ ਨੂੰ। ਅਪਣੇ ਮਾੜੇ ਕਰਮਾਂ ਕਰ ਕੇ ਹੀ ਕੋਈ ਉਸ ਤੋਂ ਦੂਰ ਚਲਾ ਜਾਂਦਾ ਹੈ, ਅਤੇ ਅਪਣੇ ਚੰਗੇ ਕਰਮਾਂ ਕਰ ਕੇ ਹੀ ਕੋਈ ਪ੍ਰਮਾਤਮਾ ਦੇ ਨੇੜੇ ਹੋ ਜਾਂਦਾ ਹੈ। ਰੋਜ਼ ਪੜ੍ਹਦੇ ਹਾਂ: 
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ।।
(ਅੰਗ 8)

ਉਸ ਦੇ ਹੁਕਮ ਵਿਚ ਚਲਿਆਂ ਹੀ ਅਸੀ ਉਸ ਦੇ ਅੱਗੇ ਸਚਿਆਰ (ਸੱਚੇ) ਹੋ ਸਕਦੇ ਹਾਂ ਅਤੇ ਉਸ ਪਰਮਾਤਮਾ ਵਿਚ ਲੀਨ ਹੋ ਸਕਦੇ ਹਾਂ। ਏਹੀ ਇਕ ਰਸਤਾ ਹੈ ਮਨੁੱਖਾ ਜੀਵਨ ਨੂੰ ਸਫ਼ਲ ਬਣਾਉਣ ਦਾ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ। 
(ਅੰਗ 1)

ਭੁਲ ਚੁਕ ਦੀ ਖਿਮਾਂ
ਵਾਹਿਗੁਰੂ ਜੀ ਦਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।

ਰਣਬੀਰ ਸਿੰਘ
ਸੰਪਰਕ : 94633-86747