ਕਵਿਤਾ/ ਹਾਉਸ ਵਾਈਫ/ ਬਿੰਦਰ ਜਾਨ
Tue 19 Mar, 2019 0ਰੋਟੀ ਮਿੱਲ ਗਈ ਪੱਕੀ ਪਕਾਈ
ਰੀਝਾਂ ਲਾ ਲਾ ਸ਼ਭ ਨੇ ਖਾਈ
ਇੱਕ ਇੱਕ ਰੋਟੀ ਖਾ ਗਏ ਵਾਧੂ
ਕਹਿੰਦੇ ਬੜੀ ਸੁਆਦ ਬਣਾਈ
ਰੱਜ ਗਿਆ ਜਦੋਂ ਸਾਰਾ ਟੱਬਰ
ਗ੍ਰਹਿਣੀ ਦੀ ਫ਼ਿਰ ਵਾਰੀ ਆਈ
ਰੋਟੀਆਂ ਵਾਲਾ ਖੋਲਿਆ ਡੱਬਾ
ਬਾਸੀ ਰੋਟੀਆਂ ਬਚੀਆਂ ਢਾਈ
ਰਹੀ ਵੰਡਦੀ ਭੱਜ ਭੱਜ ਸਭ ਨੂੰ
ਆਪਣੇ ਲਈ ਨਾ ਕੋਈ ਬਚਾਈ
ਸੁੱਕੇ ਟੁੱਕਰ ਚੱਬ ਕੇ ਸੌਂ ਗਈ
ਸੁੱਧ ਬੁੱਧ ਖੋ ਇੱਕ ਮਾਂ ਦੀ ਜਾਈ
ਸ਼ਭ ਤੋਂ ਪਹਿਲਾਂ ਫੇਰ ਉਠ ਗਈ
ਕਦੀ ਨਾ ਉਸਨੇ ਢੇਰੀ ਢਾਈ
ਆਵੇਗਾ ਕਦੇ ਸੁੱਖ ਦਾ ਸਾਹ ਵੀ
ਖੁਦ ਹੀ ਜਾਵੇ ਮਨ ਸਮਝਾਈ
ਚੌਵੀ ਘੰਟੇ ਚੈਨ ਨਾ ਮਿਲਿਆ
ਕਦਰ ਕਿਸੇ ਨੇ ਫੇਰ ਨਾ ਪਾਈ
ਬਣਦੇ ਫਰਜ਼ ਨਿਭਾਓਦੀ ਭਾਂਵੇ
ਮਾਪੇ ਸੌਹਰੇ ਕਹਿਣ ਪਰਾਈ
ਕਾਹਦਾ ਦੋਸ਼ ਕਿਸੇ ਨੂੰ ਦੇਣਾ
ਆਪਣੇ ਹੀ ਨੇ ਜਦ ਹਰਜਾਈ
ਹਾਉਸ ਵਾਈਫ ਨੂੰ ਵੇਲੵੀ ਦੱਸਦੇ
ਨਾਲੇ ਜਾਂਦੇ ਕੰਮ ਗਿਣਾਈ
ਮੁੱਢੋਂ ਪਿਸਦੀ ਆ ਰਹੀ ਔਰਤ
ਅੱਜ ਵੀ ਇਹੀ ਕਹਾਣੀ ਭਾਈ
ਨਿੱਤ ਸੁਲਗਦੀ ਸੀਨੵੇ ਅੰਦਰ
ਮਰਦ ਸਮਾਜ ਦੀ ਤੀਲੀ ਲਾਈ
ਕਦੋਂ ਰੁਕੇਗੀ ਇਹ ਵੰਡ ਕਾਣੀ
ਕਦੋਂ ਟੁੱਟੇਗੀ ਰੀਤ ਚਲਾਈ
ਹੱਕ ਬਰਾਬਰ ਕਦੋਂ ਮਿਲੇਗਾ
ਕੌਣ ਕਰੂ ਬਿੰਦਰਾ ਸੁਣਵਾਈ
ਅਰਜ਼ ਕਰਾ ਕਦੀ ਨਾਪੋ ਲੋਕੋ
ਵੱਗਦੇ ਨੈਣਾ ਦੀ ਗਹਿਰਾਈ
Binder jaan e sahit….
Comments (0)
Facebook Comments (0)