
ਕਵਿਤਾਵਾਂ/ ਇਹ ਨਜ਼ਮ/ ਰਵੇਲ ਸਿੰਘ ਇਟਲੀ
Fri 22 Mar, 2019 0
1. ਇਹ ਨਜ਼ਮ
ਇਹ ਨਜ਼ਮ ਤੇਰੇ ਹੈ ਨਾਂ ਯਾਰਾ।
ਨਾ ਐਵੇਂ ਦਈਂ ਗੁਆ ਯਾਰਾ।
ਹੁਣ ਤੇਰੀ ਯਾਦ ਸਤਾਂਦੀ ਹੈ,
ਕਿਤੇ ਮਿਲ ਯਾਰਾ ਕਦੇ ਆ ਯਾਰਾ।
ਕੁੱਝ ਅੱਖਰਾਂ ਦੀ ਸੌਗਾਤ ਹੈ ਇਹ,
ਦਿਆਂ ਤੈਨੂੰ ਇਹ ਪੜ੍ਹਾ ਯਾਰਾ।
ਇਹ ਕਲਮਾਂ ਦੀ ਯਾਰੀ ਹੁੰਦੀ ,
ਇੱਕ ਵਹਿੰਦਾ ਹੈ ਦਰਿਆ ਯਾਰਾ।
ਨਾ ਸੁਕਦਾ ਹੈ ਨਾ ਰੁਕਦਾ ਹੈ,
ਨਾ ਦਿਲ ਨੂੰ ਲਾਉਂਦਾ ਢਾਅ ਯਾਰਾ।
ਹਰ ਵੇਲੇ ਇਹ ਹੀ ਚਾਹੁੰਦਾ ਹਾਂ,
ਨਾ ਹੋਈਏ ਕਦੇ ਜੁਦਾ ਯਾਰਾ।
ਇਹ ਚੰਗਾ ਹੈ ਜਾਂ ਮਾੜਾ ਹੈ,
ਨਾ ਸੋਚੀਂ ਲਾਭ ਨਫਾ ਯਾਰਾ।
ਇਹ ਪੜ੍ਹ ਕੇ ਕਿਧਰੇ ਸਾਂਭ ਲਵੀਂ,
ਤੂੰ ਡਾਢਾ ਬੇਪਰਵਾਹ ਯਾਰਾ।
2, ਅੱਜ ਦੀ ਗੱਲ
ਛੱਡੋ ਕੱਲ ਦੀ ਗੱਲ,
ਕਰੋ ਅੱਜ ਦੀ ਗੱਲ।
ਲਾਰੇ ਲੱਪਿਆਂ ਦੀ ਗੱਲ ,
ਸੁਣੋ ਪੱਜ ਦੀ ਗੱਲ।
ਕਿਵੇਂ ਡਕਾਰ ਕੇ ਹੁਣ,
ਅਣਗਿਣਤ ਚੂਹੇ,
ਬਿੱਲੇ ਕਰਨ ਲੱਗੇ,
ਵੇਖੋ ਹੱਜ ਦੀ ਗੱਲ।
ਹੁਣ ਸਾਧ ਬਣੇ ,
ਡਾਕੂ ਚੋਰ ਸੀ ਜੋ,
ਗੱਲ ਛਾਨਣੀ ਦੀ ਤੇ ,
ਛੱਡੋ ਛੱਜ ਦੀ ਗੱਲ।
ਬਹੁਤਾ ਖਾ ਖਾ ਕੇ,
ਭੁੱਖੇ ਹੋਰ ਵਧੀ,
ਸੁਣੋ ਭੁੱਖ ਦੀ ਗੱਲ।
ਨਾਲੇ ਰੱਜ ਦੀ ਗੱਲ।
ਬਸ ਕੁਰਸੀ ਲਈ ,
ਭੇੜ ਸਾਨ੍ਹਾਂ ਦੇ ,
ਸੁਣੋ ਕੰਨ ਲਾ ਕੇ,
ਗੱਜ ਵੱਜ ਦੀ ਗੱਲ।
ਰਵੇਲ ਸਿੰਘ ਇਟਲੀ
Comments (0)
Facebook Comments (0)