ਕਈ ਦਿਨ ਬੀਤ ਜਾਣ ‘ਤੇ ਵੀ `ਨਾ ਪ੍ਰਸ਼ਾਸ਼ਨ ਤੇ ਨਾ ਸਰਕਾਰ` ਨੇ ਫੜੀ ਬਾਂਹ

ਕਈ ਦਿਨ ਬੀਤ ਜਾਣ ‘ਤੇ ਵੀ `ਨਾ ਪ੍ਰਸ਼ਾਸ਼ਨ ਤੇ ਨਾ ਸਰਕਾਰ` ਨੇ ਫੜੀ ਬਾਂਹ

ਭਿੱਖੀਵਿੰਡ (ਹਰਜਿੰਦਰ ਸਿੰਘ ਗੋਲ੍ਹਣ)-

ਲਿਬਨਾਨ ਸਰਕਾਰ ਨੇ ਮੇਰੇ ਭਰਾ ਗੁਰਵਲਜੀਤ ਸਿੰਘਦੇ ਕਾਤਲਾਂ ਨੂੰ ਸਜ਼ਾ ਤਾਂ ਪਤਾ ਨਹੀ ਕਦੋਂ ਦੇਣੀ ਹੈ, ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਉਸਦੀ ਲਾਸ਼ ਨੂੰ ਵਾਪਸ ਭਾਰਤ ਨਾ ਭੇਜ ਕੇ ਸਾਡੇ ਪਰਿਵਾਰ ‘ਤੇ ਕਹਿਰ ਕਮਾ ਰਹੀ ਹੈ। ਇਹ ਸ਼ਬਦ ਉਸ ਕਿਸਮਤ ਦੀ ਮਾਰੀ ਭੈਣ ਕਿਰਨਦੀਪ ਕੌਰ ਵਾਸੀ ਬਲ੍ਹੇਰ ਦੇ ਹਨ, ਜਿਸ ਦਾ ਭਰਾ ਗੁਰਲਵਜੀਤ ਸਿੰਘ (19) ਛੋਟੀ ਉਮਰੇ ਰੋਜ਼ੀ-ਰੋਟੀ ਖਾਤਰ ਅੱਠ ਮਹੀਨੇ ਪਹਿਲਾਂ ਵਿਦੇਸ਼ ਦੀ ਧਰਤੀ ਲਿਬਨਾਨ ‘ਚ ਗਿਆ ਸੀ ਅਤੇ ਦਸ ਦਿਨ ਪਹਿਲਾਂ ਲਿਬਨਾਨ ਦੇ ਸ਼ਹਿਰ ਯਾਲਾ ਵਿਖੇ ਉਥੋਂ ਦੇ ਵਸਨੀਕ ਮੁਸਲਮਾਨ ਵਿਅਕਤੀਆਂ ਵੱਲੋਂ ਗੁਰਲਵਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਆਪਣੇ ਨੌਜਵਾਨ ਪੁੱਤਰ ਦੀ ਕਤਲ ਬਾਰੇ ਸੁਣ ਕੇ ਪਿਤਾ ਹਰਦੇਵ ਸਿੰਘ ਤੇ ਦੋ ਮਾਸੂਮ ਭਰਾ ਗਮ ਵਿਚ ਡੁੱਬੇ ਲਾਸ਼ ਦੀ ਉਡੀਕ ਕਰ ਰਹੇ ਹਨ, ਉਥੇ ਮਾਂ ਗੁਰਮੀਤ ਕੌਰ ਅਜੇ ਤੱਕ ਇਹ ਮੰਨਣ ਨੂੰ ਤਿਆਰ ਨਹੀ ਹੈ ਕਿ ਉਸਦਾ ਗੁਰਲਵਜੀਤ ਸਿੰਘ ਜਾਲਮ ਦਰਿੰਦੇ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਚੁੱਕਾ ਹੈ। ਆਪਣੇ ਭਰਾ ਦੀ ਮੌਤ ਤੋਂ ਭੈ-ਭੀਤ ਹੋਈ ਭੈਣ ਕਿਰਨਦੀਪ ਕੌਰ ਨੇ ਹਾਉਕੇ ਭਰਦਿਆਂ ਕਿਹਾ ਕਿ ਜੇਕਰ ਸਾਡੇ ਭਰਾ ਨੇ ਕੋਈ ਗਲਤੀ ਕੀਤੀ ਸੀ ਤਾਂ ਉਸਨੇ ਕਾਨੂੰਨ ਅਨੁਸਾਰ ਸਜ਼ਾ ਕੱਟ ਕੇ ਵਾਪਸ ਘਰ ਆ ਜਾਣਾ ਸੀ, ਪਰ ਜ਼ਾਲਮ ਦਰਿੰਦੇ ਨੇ ਮੇਰੇ ਭਰਾ ਨੂੰ ਗੋਲੀਆਂ ਮਾਰ ਕੇ ਸਾਡੇ ਘਰ ਦਾ ਚਿਰਾਗ ਬੁਝਾ ਕੇ ਰੱਖ ਦਿੱਤਾ ਹੈ, ਜਿਸ ਦਾ ਸਾਨੂੰ ਭਾਰੀ ਗਮ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਭੈਣ ਕਿਰਨਦੀਪ ਕੌਰ ਨੇ ਸਮਾਜਸੇਵੀ ਸੰਸਥਾਵਾਂ ਤੇ ਵਿਦੇਸ਼ ਮੰਤਰਾਲੇ ਕੋਲੋਂ ਜੋਰਦਾਰ ਮੰਗ ਕੀਤੀ ਕਿ ਮੇਰੇ ਭਰਾ ਗੁਰਲਵਜੀਤ ਸਿੰਘ ਦੀ ਲਾਸ਼ ਨੂੰ ਵਾਪਸ ਭਾਰਤ ਲਿਆਉਣ ਲਈ ਤੁਰੰਤ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਉਸਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰ ਸਕੀਏ।