ਕਸ਼ਮੀਰੀ ਵਿਅਕਤੀ ਦਾ ਪੁਲਸ ਪ੍ਰਸ਼ਾਸਨ ਵਲੋਂ ਥਹੁ-ਪਤਾ ਨਾ ਦੱਸਣ ਕਾਰਣ ਜਥੇਬੰਦੀਆਂ ਵਲੋਂ ਸੰਘਰਸ਼ ਦਾ ਐਲਾਨ!
Sat 25 Jan, 2020 0
ਡਾ ਅਜੀਤਪਾਲ ਸਿੰਘ
ਬੀਤੀ 23 ਜਨਵਰੀ ਨੂੰ ਸਿਵਲ ਵਰਦੀ ‘ਚ ਆਏ ਅਣਪਛਾਤੇ ਵਿਅਕਤੀਆਂ,, ਸਰਦੀਆਂ ‘ਚ ਸ਼ਾਲ ਲੋਈਆਂ ਵੇਚਣ ਵਾਲੇ ਬਸ਼ੀਰ ਅਹਿਮਦ ਨਾਂ ਦੇ ਕਸ਼ਮੀਰੀ ਵਿਅਕਤੀ ਨੂੰ ਥਾਣਾ ਸਦਰ ਦੇ ਬਿਲਕੁਲ ਨਜ਼ਦੀਕ ਤੋਂ ਜਬਰਦਸਤੀ ਦਿਲੀ ਨੰਬਰ ਦੀ ਗੱਡੀ ‘ਚ ਬਿਠਾ ਕੇ ਅਣਦੱਸੀ ਜਗ੍ਹਾ ਲੈ ਗਏ ਸਨ। ਇਸ ਬਾਰੇ ਬਠਿੰਡਾ ਪੁਲਸ ਵਲੋਂ ਪ੍ਰੈਸ ਨੂੰ ਬਸ਼ੀਰ ਅਹਿਮਦ ਨੂੰ ਕਿਸੇ ਬਾਹਰਲੇ ਸੂਬੇ ਦੀ ਪੁਲਸ ਵਲੋਂ ਗਿਰਫਤਾਰ ਕੀਤੇ ਜਾਣ ਬਾਰੇ ਅਲੱਗ ਅਲੱਗ ਕਹਾਣੀ ਦੱਸੀ ਜਾ ਰਹੀ ਸੀ ਪਰ ਹਾਲੇ ਤੱਕ ਪੁਲਸ ਪ੍ਰਸ਼ਾਸਨ ਨੇ ਪਰਚਾ ਨੰਬਰ, ਥਾਣਾ ਅਤੇ ਹੋਰ ਥਹੁ ਪਤਾ ਪਰਿਵਾਰ ਨੂੰ ਨਹੀਂ ਦਸਿਆ। ਪੁਲਸ ਪ੍ਰਸ਼ਾਸਨ ਦੇ ਇਸ ਗੈਰ-ਸਹਿਯੋਗੀ, ਬੇਨਿਯਮੇ ਤੇ ਟਰਕਾਊ ਰਵਈਏ ਤੋਂ ਅੱਕ ਕੇ ਅੱਜ ਜਥੇਬੰਦੀਆਂ ਨੇ ਬਸ਼ੀਰ ਅਹਿਮਦ ਦਾ ਪਤਾ ਲਗਾਉਣ ਲਈ ਸੰਘਰਸ਼ ਦਾ ਐਲਾਨ ਕਰ ਦਿਤਾ ਹੈ ਅਤੇ ਇਸ ਬਾਰੇ ਅਗਲੀ ਰੂਪ ਰੇਖਾ ਉਲੀਕਣ ਲਈ ਸਮੂਹ ਭਰਾਤਰੀ ਜਥੇਬੰਦੀਆਂ ਦੀ 27 ਜਨਵਰੀ ਨੂੰ ਟੀਚਰ ਹੋਮ ਵਿਖੇ ਮੀਟਿੰਗ ਸੱਦੀ ਗਈ ਹੈ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਬਠਿੰਡਾ ਦੇ ਪ੍ਰਧਾਨ ਬੱਗਾ ਸਿੰਘ, ਸਕੱਤਰ ਪ੍ਰਿਤਪਾਲ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਅੱਜ ਭਰਾਤਰੀ ਜਥੇਬੰਦੀਆਂ ਅਤੇ ਬਸ਼ੀਰ ਅਹਿਮਦ ਦੇ ਪਰਿਵਾਰਕ ਮੈਂਬਰਾਂ ਦੇ ਇਕ ਭਰਵੇਂ ਵਫਦ ਨੂੰ ਡੀਐਸਪੀ ਆਸ਼ਵੰਤ ਸਿੰਘ ਅੰਬੇਦਕਰ ਪਾਰਕ ‘ਚ ਮਿਲੇ ਅਤੇ ਦਸਿਆ ਕਿ ਬਸ਼ੀਰ ਅਹਿਮਦ ਨੂੰ ਦਿਲੀ ਦੇ ਨਾਰਕੋਟਿਕ ਬਿਊਰੋ ਦੀ ਪੁਲੀਸ ਕਿਸੇ ਵਿਚ ਪੁਛਗਿਛ ਵਾਸਤੇ ਸੰਮਨ ਤਾਮੀਲ ਕਰਾਉਣ ਆਈ ਸੀ ਤਾਂ ਬਸ਼ੀਰ ਅਹਿਮਦ ਆਪਣੀ ਮਰਜੀ ਨਾਲ ਪੁਲੀਸ ਨਾਲ ਦਿਲੀ ਚਲਾ ਗਿਆ। ਅਗੇ ਸਬੰਧਤ ਅਧਿਕਾਰੀ ਨੇ ਦਸਿਆ ਕਿ ਪੰਜਾਬ ਪੁਲੀਸ ਦਾ ਦਿਲੀ ਪੁਲੀਸ ਨਾਲ ਰਾਬਤਾ ਹੈ ਅਤੇ ਅਗਰ ਪਰਿਵਾਰ ਚਾਹੁੰਦਾ ਹੈ ਤਾਂ ਉਹ ਪੁਲਸ ਨਾਲ ਭੇਜ ਕੇ ਬਸ਼ੀਰ ਅਹਿਮਦ ਨੂੰ ਮਿਲਵਾ ਸਕਦੇ ਹਨ। ਅਗੇ ਉਹਨਾਂ ਕਿਹਾ ਕਿ ਬਸ਼ੀਰ ਅਹਿਮਦ ਕਿਸੇ ਕੇਸ ‘ਚ ਦੋਸ਼ੀ ਨਾਮਜਦ ਨਹੀਂ ਹੈ ਅਤੇ ਦਿਲੀ ਪੁਲਸ ਇਕ ਦੋ ਦਿਨ ‘ਚ ਉਸਨੂੰ ਛੱਡ ਦੇਵੇਗੀ। ਜਦ ਵਫਦ ਨੇ ਉਹਨਾਂ ਨੂੰ ਬਸ਼ੀਰ ਅਹਿਮਦ ਨੂੰ ਜਿਸ ਪਰਚੇ ‘ਚ ਪੁਛਗਿਛ ਲਈ ਸੰਮਨ ਜਾਰੀ ਕੀਤੇ ਸਨ, ਉਸ ਦਾ ਨੰਬਰ ਵਗੈਰਾ ਪੁਛਿਆ ਅਤੇ ਇਹ ਕਿ ਕੀ ਦਿਲੀ ਪੁਲਸ ਨੇ ਬਸ਼ੀਰ ਅਹਿਮਦ ਨੂੰ ਨਾਲ ਲਿਜਾਣ ਬਾਰੇ ਬਠਿੰਡਾ ਪੁਲਸ ਨੂੰ ਸੂਚਿਤ ਕੀਤਾ ਤਾਂ ਉਹ ਕੋਈ ਤਸਲੀਬਖਸ਼ ਜਵਾਬ ਨਹੀਂ ਦੇ ਸਕੇ। ਵਫਦ ਨੇ ਇਹ ਵੀ ਕਿਹਾ ਕਿ ਬਸ਼ੀਰ ਅਹਿਮਦ ਨਾਲ ਉਹਨਾਂ ਦੇ ਪਰਿਵਾਰ ਦੀ ਫੋਨ ਤੇ ਗੱਲ ਕਰਵਾ ਦਿਉ ਤਾਂ ਇਸ ਤੋਂ ਵੀ ਉਹਨਾਂ ਜੁਆਬ ਦੇ ਦਿਤਾ। ਬਾਅਦ ‘ਚ ਵਫਦ ਨੇ ਪੁਲਸ ਪ੍ਰਸ਼ਾਸਨ ਪਾਸ ਮੰਗ ਰਖੀ ਕਿ ਪੁਲਸ ਪ੍ਰਸ਼ਾਸਨ ਆਪਣੇ ਖਰਚੇ ਤੇ ਪਰਿਵਾਰ ਨੂੰ ਦਿਲੀ ਬਸ਼ੀਰ ਅਹਿਮਦ ਨਾਲ ਮਿਲਵਾ ਕੇ ਲਿਆਵੇ ਕਿਉਂਕਿ ਪਰਿਵਾਰ ਬਹੁਤ ਗਰੀਬ ਹੈ ਤਾਂ ਪ੍ਰਸ਼ਾਸਨ ਨੇ ਇਸਦਾ ਵੀ ਕੋਈ ਹੁੰਘਾਰਾ ਨਹੀਂ ਭਰਿਆ। ਜਥੇਬੰਦੀਆਂ ਨੇ ਪੁਲਸ ਦੇ ਇਸ ਪੱਖ ਕਿ ਬਸ਼ੀਰ ਅਹਿਮਦ ਆਪਣੀ ਮਰਜੀ ਨਾਲ ਦਿਲੀ ਪੁਲਸ ਨਾਲ ਗਿਆ ਹੈ ਨੂੰ ਸਿਰੇ ਤੋਂ ਖਾਰਜ ਕਰ ਦਿਤਾ ਹੈ। ਜੇ ਬਸ਼ੀਰ ਅਹਿਮਦ ਆਪਣੀ ਮਰਜੀ ਨਾਲ ਪੁਲਸ ਨਾਲ ਗਿਆ ਹੈ ਤਾਂ ਉਸਨੂੰ ਫੋਨ ਤੇ ਆਪਣੇ ਪਰਿਵਾਰ ਨਾਲ ਗੱਲ ਕਿਉਂ ਨਹੀਂ ਕਰਨ ਦਿਤੀ ਜਾ ਰਹੀ। ਜਥੇਬੰਦੀਆਂ ਦਾ ਮਤ ਹੈ ਕਿ ਬਾਹਰਲੀ ਪੁਲਸ ਨੂੰ ਵਗੈਰ ਸਥਾਨਕ ਮਦਦ ਤੋਂ ਗਲੀਆਂ ‘ਚ ਸਮਾਨ ਵੇਚ ਰਹੇ ਬਸ਼ੀਰ ਅਹਿਮਦ ਦਾ ਪਤਾ ਲਗ ਹੀ ਨਹੀਂ ਸਕਦਾ ਸੀ ਅਤੇ ਹੁਣ ਜਦ ਪੁਲਸ ਕਹਿ ਰਹੀ ਹੈ ਕਿ ਉਹ ਦੋਸ਼ੀ ਵਜੋਂ ਨਾਮਜਦ ਨਹੀਂ ਹੈ ਤਾਂ ਪੁਲਸ ਪਾਸ ਉਸਨੂੰ ਹਿਰਾਸਤ ‘ਚ ਰੱਖਣ ਦਾ ਕੀ ਹੱਕ ਹੈ? ਬਾਕੀ, ਪੁਲਸ ਦੇ ਆਹਲਾ ਅਧਿਕਾਰੀ ਪ੍ਰੈਸ ਪਾਸ ਵੱਖ ਵੱਖ ਬੋਲੀ ਬੋਲ ਰਹੇ ਹਨ। ਕਦੇ ਬਸ਼ੀਰ ਅਹਿਮਦ ਨੂੰ ਜੰਮੂ ਪੁਲਸ ਵਲੋਂ ਗਿਰਫਤਾਰ ਕੀਤਾ ਦਸਿਆ ਜਾ ਰਿਹਾ ਹੈ ਤੇ ਹੁਣ ਦਿਲੀ ਦੀ ਗੱਲ ਕੀਤੀ ਜਾ ਰਹੀ ਹੈ। ਇਹ ਸਾਰੀ ਸਥਿਤੀ ਪੁਲਸ ਪ੍ਰਸ਼ਾਸਨ ਦੇ ਪੱਖ ਨੂੰ ਸ਼ੱਕੀ ਬਣਾਉਂਦੀ ਹੈ। ਜਥੇਬੰਦੀਆਂ ਨੇ ਪੁਲਸ ਪ੍ਰਸ਼ਾਸਨ ਦੇ ਪੱਖ ਨੂੰ ਪੁ੍ਰੀ ਤਰ੍ਹਾਂ ਰੱਦ ਕਰਦਿਆਂ ਮੰਗ ਕੀਤੀ ਹੈ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ; ਪਰਿਵਾਰਕ ਮੈਂਬਰਾਂ ਨੂੰ ਬਸ਼ੀਰ ਅਹਿਮਦ ਦਾ ਥਹੁ ਪਤਾ ਦਸਿਆ ਜਾਵੇ; ਬਸ਼ੀਰ ਅਹਿਮਦ ਨੂੰ ਜਿਸ ਮਾਮਲੇ ‘ਚ ਪੁਛਗਿਛ ‘ਚ ਸ਼ਾਮਲ ਦਿਖਾਇਆ ਜਾ ਰਿਹਾ ਹੈ ਉਸਦੀ ਜਾਣਕਰੀ ਜਨਤਕ ਕੀਤੀ ਜਾਵੇ। ਜਥੇਬੰਦੀਆ ਦਾ ਮਤ ਹੈ ਕਿ ਅਗਰ ਬਸ਼ੀਰ ਅਹਿਮਦ ਖਿਲਾਫ ਕੋਈ ਮਾਮਲਾ ਹੈ ਤਾਂ ਵੀ ਕਾਨੂੰਨ ਅਨੁਸਾਰ ਉਸ ਖਿਲਾਫ ਕਾਰਵਾਈ ਚਲਾਈ ਜਾਵੇ ਅਤੇ ਇਸ ਤਰ੍ਹਾਂ ਬਿਨਾਂ ਰਿਕਾਰਡ ਅਣਦਸੀ ਜਗ੍ਹਾ ਤੇ ਕਿਸੇ ਵਿਅਕਤੀ ਨੂੰ ਹਿਰਾਸਤ ‘ਚ ਰੱਖਣ ਦਾ ਪੁਲਸ ਪਾਸ ਕੋਈ ਹੱਕ ਨਹੀਂ ਹੈ।
ਅੱਜ ਦੇ ਵਫਦ ‘ਚ ਸਭਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬੀਕੇਯੂ (ਡਕੌਂਦਾ) ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਨਾਗਰਿਕ ਏਕਤਾ ਮੰਚ, ਪੰਜਾਬ ਸਟੂਡੈਂਟਸ ਯੂਨੀਅਨ ਤੇ ਮੁਸਲਿਮ ਸਮਾਜ ਦੇ ਆਗੂਆ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਜਿਹਨਾਂ ‘ਚ ਹਰਜਿੰਦਰ ਬੱਗੀ, ਜੱਗਾ ਸਿੰਘ, ਅਮਰਜੀਤ ਹਨੀ, ਅਸ਼ਵਨੀ ਘੁਦਾ, ਗੁਰਜਿੰਦਰ ਵਿਦਿਆਰਥੀ, ਸਲੀਮ ਖਾਨ ਪ੍ਰਮੁਖ ਸਨ। ਜਥੇਬੰਦੀਆਂ ਨੇ ਇਸ ਮੌਕੇ ਪ੍ਰਸ਼ਾਸਨ ਨੂੰ ਮੰਗ ਪਤਰ ਵੀ ਸੌਂਪਿਆ।
Comments (0)
Facebook Comments (0)