ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੁਆਲੇ ਕੀਤੀ ਜਾ ਰਹੀ ਹੈ ਭਾਰੀ ਤਬਾਹੀ

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੁਆਲੇ ਕੀਤੀ ਜਾ ਰਹੀ ਹੈ ਭਾਰੀ ਤਬਾਹੀ

ਸੀ 7ਨਿਊਜ਼ :

ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਦੇ ਦਰਖਤਾਂ ਦੀ ਕਟਾਈ ਅਤੇ ਖੇਤਾਂ ਦੀ ਤਬਾਹੀ ਨੂੰ ਲੈ ਕੇ ਅਮਰੀਕਾ ਦੇ ਸਿੱਖ ਸੰਸਥਾ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਜ਼ਿਆਦਾਤਰ ਸਿੱਖ ਅਸਲ ਵਿਰਾਸਤੀ ਗੁਰਦੁਆਰਿਆਂ ਨੂੰ ਸੰਗਮਰਮਰੀ ਇਮਾਰਤਾਂ ਵਿਚ ਤਬਦੀਲ ਕਰਨ ਕਾਰਣ ਪਾਕਿਸਤਾਨ ਜਾਣ ਵਿਚ ਦਿਲਚਸਪੀ ਨਹੀਂ ਰੱਖਦੇ। ਅਮਰੀਕਨ ਸਿੱਖ ਕੌਂਸਲ (ASC) ਨੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਵਿਖੇ ਦਰਸ਼ਨੀ ਡਿਉਢੀ ਢਾਹੁਣ ਦੇ ਮਾਮਲੇ ‘ਤੇ ਚਿੰਤਾ ਜ਼ਾਹਿਰ ਕੀਤੀ, ਜਿਸ ਬਾਰੇ ਸਿੱਖ ਚਿੰਤਕਾਂ ਵੱਲੋਂ ਸਖ਼ਤ ਨਿਖੇਧੀ ਵੀ ਕੀਤੀ ਗਈ। ਅਮਰੀਕਨ ਸਿੱਖ ਕੌਂਸਲ (ASC) ਦੇ ਬੁਲਾਰੇ ਜੋ ਕਿ ਆਪਣਾ ਨਾਂਅ ਗੁਪਤ ਰੱਖਣਾ ਚਾਹੁੰਦੇ ਹਨ, ਨੇ ਕਿਹਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਸ-ਪਾਸ ਦੇ ਬਾਗ਼ ਅਤੇ ਖੇਤਾਂ ਨੂੰ ਨਵੀਂ ਇਮਾਰਤ ਅਤੇ ਸਰੋਵਰ ਦੀ ਉਸਾਰੀ ਕਰਨ ਲਈ ਢਾਹ ਦਿੱਤਾ ਗਿਆ ਹੈ। ਉਹਨਾਂ ਕਿਹਾ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਖੇਤ ਸਨ, ਉਹਨਾਂ ਸਥਾਨਾਂ ‘ਤੇ ਹੋਰ ਵਿਕਾਸ ਲਈ ਪਾਰਕ, ਹੋਟਲ ਅਤੇ ਹੋਰ ਵਪਾਰਕ ਇਮਾਰਤਾਂ ਆਦਿ ਦਾ ਨਿਰਮਾਣ ਕੀਤਾ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਇਹ ਸਿੱਖ ਭਾਈਚਾਰੇ ਨੂੰ ਮਨਜ਼ੂਰ ਨਹੀਂ ਹੈ, ਇਸੇ ਕਾਰਨ ਵੱਡੀ ਗਿਣਤੀ ਵਿਚ ਸਿੱਖ ਪਾਕਿਸਤਾਨ ਵਿਚ ਸਥਿਤ ਧਾਰਮਿਕ ਸਥਾਨਾਂ ‘ਤੇ ਨਹੀਂ ਜਾਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਗੁਰਦੁਆਰਿਆਂ ਦੀ ਕਾਰ ਸੇਵਾ ਭਾਰਤੀ ਕਾਰਸੇਵਾ ਵਾਲੇ ਬਾਬਿਆਂ ਨੂੰ ਦਿੱਤੀ ਹੈ, ਜੋ ਕਿ ਪੁਰਾਤਨ ਵਿਰਾਸਤ ਨੂੰ ਸੰਗਮਰਮਰ ਅਤੇ ਸੀਮੇਂਟ ਦੀਆਂ ਇਮਾਰਤਾਂ ਵਿਚ ਬਦਲ ਰਹੇ ਹਨ। ਉਹਨਾਂ ਦੱਸਿਆ ਕਿ ਏਐਸਸੀ ਨੇ ਨਾ ਸਿਰਫ ਆਨ ਲਾਈਨ ਪਟੀਸ਼ਨ ਲਾਂਚ ਕੀਤੀ ਸਗੋਂ ਪਾਕਿਸਤਾਨੀ ਅਧਿਕਾਰੀਆਂ ਗੁਰੂ ਨਾਨਕ ਦੇਵ ਜੀ ਦੀ 104 ਏਕੜ ਜ਼ਮੀਨ ਅੰਦਰ ਕੋਈ ਵੀ ਨਵੀਂ ਉਸਾਰੀ ਨਾ ਕਰਨ ਬਾਰੇ ਕਈ ਵਾਰ ਲਿਖਿਆ ਹੈ। ਬਾਬੇ ਨਾਨਕ ਵੱਲੋਂ ਵਾਹੀ ਜਾਣ ਵਾਲੀ 104 ਏਕੜ ਜ਼ਮੀਨ ਵਿਚੋਂ 30 ਏਕੜ ਨੂੰ ਬਚਾਉਣ ਲਈ ਪਾਕਿਸਤਾਨ ਸਰਕਾਰ ਦੀ ਘੋਸ਼ਣਾ ਬਾਰੇ ਉਹਨਾਂ ਕਿਹਾ ਕਿ ਇਹ ਹਿੱਸਾ ਬਹੁਤ ਘੱਟ ਹੈ। ਉਹਨਾਂ ਕਿਹਾ ਕਿ ਕੰਪਲੈਕਸ ਦੇ ਆਸ ਪਾਸ ਬਾਕੀ ਜ਼ਮੀਨ ‘ਤੇ ਹੋਟਲਾਂ ਆਦਿ ਦੀ ਉਸਾਰੀ ਕੀਤੀ ਜਾਵੇਗੀ। ਗੁਰੂ ਨਾਨਕ ਦੇਵ ਜੀ ਦੇ ਪਿੰਡ ਕਰਤਾਰਪੁਰ ਦੀ ਪਵਿੱਤਰਤਾ ਸਾਡੀਆਂ ਅੱਖਾਂ ਸਾਹਮਣੇ ਭੰਗ ਹੋ ਰਹੀ ਹੈ।