
ਜੈਕਾਰਿਆਂ ਦੀ ਗੂੰਜ ਨਾਲ 100 ਸਿੱਖ ਸ਼ਰਧਾਲੂਆਂ ਦਾ ਜਥਾ ਬੰਗਲਾਦੇਸ਼ ਰਵਾਨਾ ਹੋਇਆ।
Mon 15 Apr, 2024 0
ਚੋਹਲਾ ਸਾਹਿਬ, 15 ਅਪ੍ਰੈਲ ( ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਅੱਜ ਸੰਪਰਦਾਇ ਸਕੱਤਰ ਹਰਭਜਨ ਸਿੰਘ ਨੇ ਦੱਸਿਆ ਕਿ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਕਾਰ ਸੇਵਾ 2004 ਤੋਂ ਚਲ ਰਹੀ ਹੈ। ਸਿੱਖ ਸੰਗਤਾਂ ਲਈ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਵੈਸਾਖੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ, ਸਾਲ ਵਿਚ ਦੋ ਵਾਰ ਜਥਾ ਭੇਜਿਆ ਜਾਂਦਾ ਹੈ। ਇਸ ਵਾਰ 19 ਅਪ੍ਰੈਲ ਨੂੰ ਗੁਰਦੁਆਰਾ ਨਾਨਕਸ਼ਾਹੀ ਢਾਕਾ (ਬੰਗਲਾਦੇਸ਼) ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਜਾਣਾ ਹੈ, ਜਿਸ ਵਿਚ ਸ਼ਾਮਲ ਹੋਣ ਲਈ ਅੱਜ ਅੰਮ੍ਰਿਤਸਰ ਤੋਂ 100 ਸਿੰਘ ਸਿੰਘਣੀਆਂ ਦਾ ਜਥਾ ਰਵਾਨਾ ਹੋਇਆ ਅੱਜ ਸੰਪ੍ਰਦਾਇ ਕਾਰ ਸੇਵਾ ਦੇ ਜਥੇਦਾਰ ਬੀਰਾ ਸਿੰਘ ਜੀ ਨੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਉਪਰੰਤ ਸਿਰੋਪਾਉ ਦੇ ਕੇ ਜਥੇ ਦੀ ਰਵਾਨਗੀ ਕਰਵਾਈ। ਉਹਨਾਂ ਦੱਸਿਆ ਕਿ ਸੰਤ ਬਾਬਾ ਸੁੱਖਾ ਸਿੰਘ ਕਲਕੱਤੇ ਤੋਂ ਸੰਗਤਾਂ ਦੇ ਨਾਲ ਸ਼ਾਮਲ ਹੋਣਗੇ। ਜਥਾ 17 ਅਪ੍ਰੈਲ ਨੂੰ ਹਾਵੜਾ ਪਹੁੰਚੇਗਾ ਅਤੇ 18 ਅਪ੍ਰੈਲ ਨੂੰ ਅੰਤਰਰਾਸ਼ਟਰੀ ਬੱਸਾਂ ਰਾਹੀਂ ਹਾਵੜਾ ਤੋਂ ਢਾਕਾ ਪਹੁੰਚੇਗਾ। 19 ਨੂੰ ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿਖੇ ਖਾਲਸਾ ਸਾਜਨਾ ਦਿਹਾਂੜੇ ਦੇ ਸਬੰਧ ਵਿਚ ਗੁਰਮਤਿ ਸਮਾਗਮ ਹੋਵੇਗਾ। 20 ਅਪ੍ਰੈਲ ਨੂੰ ਸਿੱਖ ਟੈਂਪਲ ਅਸਟੇਟ ਚਿਟਾਗਾਂਗ ਦੇ ਦਰਸ਼ਨ ਕਰੇਗਾ। 21 ਅਪ੍ਰੈਲ ਨੂੰ ਸੰਤ ਬਾਬਾ ਸੁੱਖਾ ਸਿੰਘ ਇਤਿਹਾਸਕ ਗੁਰਦੁਆਰਾ ਪਾ: ਨੌਵੀਂ ਗੁਰਦੁਆਰਾ ਸੰਗਤ ਟੋਲਾ ਦੇ ਦਰਬਾਰ ਹਾਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ। 22 ਅਪ੍ਰੈਲ ਨੂੰ ਗੁਰੂ ਨਾਨਕ ਮੰਦਰ ਮੈਮਨ ਸਿੰਘ ਦੇ ਦਰਸ਼ਨ ਕਰਵਾਏ ਜਾਣਗੇ ਅਤੇ 23 ਅਪ੍ਰੈਲ ਨੂੰ ਢਾਕਾ ਵਿਖੇ ਨਗਰ ਕੀਰਤਨ ਸਜਾਇਆ ਜਾਵੇਗਾ। 24 ਅਪ੍ਰੈਲ ਨੂੰ ਢਾਕਾ ਤੋਂ ਹਾਵੜਾ ਪਹੁੰਚੇਗਾ ਅਤੇ 25 ਅਪ੍ਰੈਲ ਨੂੰ ਹਾਵੜਾ ਤੋਂ ਚੱਲ ਕੇ 27 ਨੂੰ ਅੰਮ੍ਰਿਤਸਰ ਵਾਪਸੀ ਹੋਵੇਗੀ। ਇਸ ਯਾਤਰਾ ਵਿਚ ਦੇ ਪ੍ਰਬੰਧਾਂ ਵਿਚ ਬੰਗਲਾਦੇਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਢਾਕਾ, ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਲਕੱਤਾ ਵਲੋਂ ਵਿਸ਼ੇਸ਼ ਸਹਿਯੋਗ ਕੀਤਾ ਜਾਂਦਾ ਹੈ। ਇਸ ਮੌਕੇ ਸੰਗਤ ਵਿਚ ਹਰਬੰਸ ਸਿੰਘ, ਪਰਵਿੰਦਰ ਸਿੰਘ ਡੰਡੀ, ਮੋਹਰ ਸਿਂਘ ਰੋਪੜ, ਪ੍ਰੀਤਮ ਸਿੰਘ ਮੁਕਤਸਰ, ਬੀਬੀ ਪਰਵੀਨ ਕੌਰ, ਗੁਰਮੀਤ ਕੌਰ, ਦਰਸ਼ਨ ਸਿੰਘ ਫਿਰੋਜ਼ਪੁਰ, ਗੁਰਦੀਪ ਸਿੰਘ ਅਟਾਰੀ, ਹਰਭਜਨ ਸਿੰਘ ਜਸਬੀਰ ਸਿੰਘ ਅਤੇ ਹੋਰ ਕਈ ਪਤਵੰਤੇ ਸ਼ਾਮਲ ਸਨ।
Comments (0)
Facebook Comments (0)