ਬੱਸ ਦੀ ਤਾਕੀ 'ਚ ਖੜ੍ਹਨਾ ਪਿਆ ਮਹਿੰਗਾ, ਸਿਰ ਸੜ੍ਹਕ 'ਤੇ ਵੱਜਣ ਨਾਲ ਮੌਤ

ਬੱਸ ਦੀ ਤਾਕੀ 'ਚ ਖੜ੍ਹਨਾ ਪਿਆ ਮਹਿੰਗਾ, ਸਿਰ ਸੜ੍ਹਕ 'ਤੇ ਵੱਜਣ ਨਾਲ ਮੌਤ

ਕਪੂਰਥਲਾ:

ਜ਼ਿਲ੍ਹਾ ਕਪੂਰਥਲਾ ਦੇ ਸੁਭਾਨਪੁਰ ਨਡਾਲਾ ਰੋਡ ਤੇ ਪਿੰਡ ਮੁੱਦੋਵਾਲ ਨੇੜੇ ਬੱਸ ਅਤੇ ਕਾਰ ਦਰਮਿਆਨ ਹੋਈ ਟੱਕਰ ਕਾਰਨ, ਬੱਸ ਸਵਾਰ, ਇਕ ਵਿਅਕਤੀ ਦੀ ਮੌਤ ਅਤੇ ਕਾਰ ਸਵਾਰ ਦੋ ਔਰਤਾਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਪਹੁੰਚੇ ਪੁਲਿਸ ਥਾਣਾ ਸੁਭਾਨਪੁਰ ਦੇ ਤਫ਼ਤੀਸ਼ੀ ਅਫ਼ਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਕ ਕਾਰ ਜਿਸ ਦਾ ਨੰਬਰ ਪੀ ਬੀ 09 ਏ ਐਫ਼ 1732 ਹੈ ਤੇ ਸਵਾਰ ਕੁਝ ਵਿਅਕਤੀ ਜਲੰਧਰ ਤੋਂ ਅਪਣੇ ਪਿੰਡ ਨੰਗਲ ਲੁਬਾਣਾ ਪਰਤ ਰਹੇ ਸਨ।  ਜਦ ਉਹ ਪਿੰਡ ਮੁੱਦੋਵਾਲ ਨੇੜੇ ਪਹੁੰਚੇ ਤਾ ਇਕ ਪ੍ਰਾਈਵੇਟ ਬੱਸ ਦੀ ਸਾਈਡ ਲੱਗਣ ਕਾਰਨ ਬੱਸ ਦੀ ਅਗਲੀ ਬਾਰੀ ਵਿਚ ਖੜ੍ਹਾ ਵਿਅਕਤੀ ਹੇਠਾ ਡਿੱਗ ਪਿਆ ਜਿਸ ਦੇ ਸਿਰ ਵਿਚ ਸੱਟ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਦੀ ਪਹਿਚਾਣ ਜਸਵਿੰਦਰ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਸ਼ਹੀਦ  ਊਧਮ ਸਿੰਘ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਵਜੋ ਹੋਈ ਹੈ ਅਤੇ ਕਾਰ ਸਵਾਰ  ਜਸਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਅਤੇ ਜਗਜੀਤ ਸਿੰਘ ਪੁੱਤਰ ਸਵਰਨ ਸਿੰਘ ਦੋਵੇਂ  ਵਾਸੀ ਪਿੰਡ ਨੰਗਲ ਲੁਬਾਣਾ ਵਾਲ ਵਾਲ ਬਚ ਗਏ ਅਤੇ ਜਸਵੀਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਟਾਂਡਾ ਰਾਮ ਸਹਾਏ ਅਤੇ ਜਸਪ੍ਰੀਤ ਕੌਰ ਪਤਨੀ ਗੁਰਬਚਨ ਸਿੰਘ ਵਾਸੀ ਪਿੰਡ ਨੰਗਲ ਲੁਬਾਣਾ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਤੁਰਤ ਨੇੜੇ ਦੇ ਇਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬੱਸ ਨੰਬਰ ਪੀ ਬੀ 09 ਐਫ 4483 ਜਿਸ ਨੂੰ ਹਰਭਜਨ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਇਬਰਾਹਿਮਵਾਲ ਡਰਾਈਵਰ ਚਲਾ ਰਿਹਾ ਸੀ ਦੇ ਵਿਰੁਧ ਥਾਣਾ ਸੁਭਾਨਪੁਰ ਪੁਲਿਸ ਨੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।