ਸ਼ਰਾਬ ਲਈ ਪੈਸੇ ਨਾ ਦੇਣ 'ਤੇ ਗੋਲੀਆਂ ਨਾਲ ਭੁੰਨੀ ਮਾਂ

ਸ਼ਰਾਬ ਲਈ ਪੈਸੇ ਨਾ ਦੇਣ 'ਤੇ ਗੋਲੀਆਂ ਨਾਲ ਭੁੰਨੀ ਮਾਂ

 ਬਠਿੰਡਾ ਦੇ ਪਿੰਡ ਮਹਿਮਾ ਸਰਜਾ 'ਚ ਇਕ ਕਲਯੁੱਗੀ ਪੁੱਤ ਨੇ ਸ਼ਰਾਬ ਲਈ ਪੈਸੇ ਨਾ ਦੇਣ ਉੱਤੇ ਆਪਣੀ ਮਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਕ ਪਿੰਡ ਮਹਿਮਾ ਸਰਜਾ ਦਾ ਗੁਰਤੇਜ ਸਿੰਘ ਸ਼ਰਾਬ ਪੀਣ ਦਾ ਆਦੀ ਹੈ। ਉਸ ਨੇ ਸ਼ਰਾਬ ਦੇ ਲਈ ਆਪਣੀ ਮਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਪਰ ਮਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਦੋਹਾਂ ਵਿਚਾਲੇ ਝਗੜਾ ਹੋ ਗਿਆ ਅਤੇ ਗੁੱਸੇ 'ਚ ਗੁਰਤੇਜ ਸਿੰਘ ਨੇ ਆਪਣੀ ਮਾਂ ਮਨਜੀਤ ਕੌਰ 'ਤੇ ਚਾਰ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ਉੱਤੇ ਮੌਕੇ 'ਤੇ ਪਹੁੰਚੀ ਥਾਣਾ ਸਬੰਧਤ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿ੍ਰਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਗੁਰਤੇਜ ਸਿੰਘ ਦੇ ਜੀਜੇ ਨੇ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਗੁਰਤੇਜ ਨੇ ਆਪਣੀ ਮਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਉਨਾਂ ਦੱਸਿਆ ਕਿ ਫਿਲਹਾਲ ਅਜੇ ਮੁਲਜ਼ਮ ਫਰਾਰ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।