ਸੱਤਾ ਤੋਂ ਬਾਹਰ ਹੋਣੀ ਚਾਹੀਦੀ ਹੈ ਮੋਦੀ ਸਰਕਾਰ - ਮਨਮੋਹਨ ਸਿੰਘ

ਸੱਤਾ ਤੋਂ ਬਾਹਰ ਹੋਣੀ ਚਾਹੀਦੀ ਹੈ ਮੋਦੀ ਸਰਕਾਰ - ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਬਾਹਰ ਦਾ ਰਾਹ ਵਿਖਾਇਆ ਜਾਣਾ ਚਾਹੀਦਾ ਹੈ ਕਿਉਂਕਿ ਪੰਜ ਸਾਲ ਦਾ ਉਨ੍ਹਾਂ ਦਾ ਕਾਰਜਕਾਲ ਦੇਸ਼ ਦੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ ਅਤੇ ਲੋਕਤੰਤਰ ਦੀ ਹਰ ਸੰਸਥਾ ਲਈ ਮਾੜਾ ਰਿਹਾ ਹੈ। ਉਨ੍ਹਾਂ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ ਕਿ ਦੇਸ਼ ਵਿਚ ਮੋਦੀ ਦੀ ਲਹਿਰ ਚੱਲ ਰਹੀ ਹੈ। ਲੋਕਾਂ ਨੇ ਅਜਿਹੀ ਸਰਕਾਰ ਨੂੰ ਬਾਹਰ ਕਰਨ ਦਾ ਮਨ ਬਣਾ ਲਿਆ ਹੈ ਜੋ ਦੇਸ਼ ਦੇ ਵਿਕਾਸ ਲਈ ਨਹੀਂ ਬਲਕਿ ਅਪਣੀ ਸਿਆਸੀ ਹੋਂਦ ਨੂੰ ਲੈ ਕੇ ਚਿੰਤਾ ਵਿਚ ਹੈ। ਮੋਦੀ ਸਰਕਾਰ 'ਤੇ ਵੱਡਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਨੋਟਬੰਦੀ ਸ਼ਾਇਦ ਆਜ਼ਾਦ ਭਾਰਤ ਦੇ ਸੱਭ ਤੋਂ ਵੱਡਾ ਘਪਲਾ ਸੀ। ਬਿਨਾਂ ਸੱਦੇ ਪਾਕਿਸਤਾਨ ਜਾਣ ਤੋਂ ਲੈ ਕੇ ਅਤਿਵਾਦੀ ਹਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਪਾਕਿਸਤਾਨੀ ਖ਼ੂਫ਼ੀਆ ਏਜੰਸੀ ਆਈਐਸਆਈ ਨੂੰ ਪਠਾਨਕੋਟ ਹਵਾਈ ਟਿਕਾਣੇ 'ਤੇ ਸੱਦਣ ਤਕ ਪਾਕਿਸਤਾਨ 'ਤੇ ਮੋਦੀ ਦੀ ਲਾਪਰਵਾਹੀ ਦੀ ਨੀਤੀ ਹੈ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਆਰਥਕ ਮੰਦੀ ਵਲ ਵੱਧ ਰਿਹਾ ਹੈ। ਮੋਦੀ ਸਰਕਾਰ ਨੇ ਦੇਸ਼ ਦੇ ਅਰਥਚਾਰੇ ਨੂੰ ਮਾੜੀ ਸਥਿਤੀ ਵਿਚ ਪਹੁੰਚਾ ਦਿਤਾ ਹੈ। ਲੋਕ ਰੋਜ਼ ਦੀ ਬਿਆਨਬਾਜ਼ੀ ਤੇ ਮੌਜੂਦਾ ਸਰਕਾਰ ਦੇ ਦਿਖਾਵਟੀ ਬਦਲਾਅ ਤੋਂ ਤੰਗ ਆ ਚੁੱਕੇ ਹਨ। ਭਾਜਪਾ ਦੇ ਬੜਬੋਲੇਪਨ ਦੇ ਵਿਰੋਧ ਵਿਚ ਲੋਕਾਂ 'ਚ ਇਕ ਖ਼ਾਮੋਸ਼ ਲਹਿਰ ਹੈ। ਇਨ੍ਹਾਂ ਚੋਣਾਂ ਵਿਚ ਰਾਸ਼ਟਰਵਾਦ ਅਤੇ ਅਤਿਵਾਦ ਦੇ ਮੁੱਦੇ 'ਤੇ ਭਾਜਪਾ ਦਾ ਧਿਆਨ ਕੇਂਦਰਤ ਕਰਨ ਦੀ ਕੋਸ਼ਿਸ਼ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਵਚਨਬੱਧਤਾ 'ਤੇ ਸਵਾਲ ਚੁੱਕੇ।
ਇਹ ਦੁਖ ਦੀ ਗੱਲ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਸੁਰੱਖਿਆ ਮਾਮਲਿਆਂ ਦੀ ਮੰਤਰੀ ਮੰਡਲ ਦੀ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਨ ਦੀ ਥਾਂ ਮੋਦੀ ਜਿਮ ਕਾਰਬੇਟ ਪਾਰਕ ਵਿਚ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੇ ਸਨ। ਪੁਲਵਾਮਾ ਹਮਲਾ ਅਤਿਵਾਦ ਨਾਲ ਨਜਿੱਠਣ ਲਈ ਸਰਕਾਰ ਦੀਆਂ ਤਿਆਰੀਆਂ ਦੀ ਪੋਲ ਖੋਲ੍ਹਦਾ ਹੈ। ਕੌਮੀ ਸੁਰੱਖਿਆ 'ਤੇ ਮੋਦੀ ਸਰਕਾਰ ਦਾ ਰਿਕਾਰਡ ਮਾੜਾ ਹੈ ਕਿਉਂਕਿ ਇਸ ਸਮੇਂ ਦੌਰਾਨ ਅਤਿਵਾਦ ਦੀਆਂ ਘਟਨਾਵਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪੰਜ ਸਾਲਾਂ ਵਿਚ ਸਿਰਫ਼ ਜੰਮੂ-ਕਸ਼ਮੀਰ ਵਿਚ ਹੀ ਅਤਿਵਾਦੀ ਹਮਲਿਆਂ ਦੀਆਂ ਘਟਨਾਵਾਂ ਵਿਚ 176 ਫ਼ੀ ਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਰਕਾਰ ਨੂੰ ਸੱਤਾ ਤੋਂ ਬਾਹਰ ਦਾ ਰਾਹ ਵਿਖਾਇਆ ਜਾਣਾ ਚਾਹੀਦਾ ਹੈ। ਬੈਂਕਾਂ ਨਾਲ ਧੋਖਾਧੜੀ ਕਰ ਕੇ ਦੇਸ਼ ਤੋਂ ਫ਼ਰਾਰ ਹੋਣ ਵਾਲੇ ਲੋਕਾਂ ਅਤੇ ਉਚ ਸਿਆਸੀ ਅਹੁਦਿਆਂ 'ਤੇ ਬੈਠੇ ਲੋਕਾਂ ਵਿਚਾਲੇ ਯਕੀਨੀ ਤੌਰ 'ਤੇ ਮਿਲੀਭੁਗਤ ਹੈ। ਭਾਜਪਾ ਰੋਜ਼ਾਨਾ ਨਵੇਂ ਵਿਚਾਰਾਂ ਦੀ ਖੋਜ ਕਰ ਰਹੀ ਹੈ। ਇਹ ਦੇਸ਼ ਲਈ ਕੌਮੀ ਸੁਰੱਖਿਆ ਦੀ ਨਜ਼ਰ ਤੋਂ ਦਿਵਾਲੀਆਪਨ ਵਿਖਾਉਂਦੀ ਹੈ। ਮੋਦੀ ਸਰਕਾਰ ਦੇ ਪੰਜ ਸਾਲ ਦਾ ਕਾਰਜਕਾਲ ਸ਼ਾਸਨ ਅਤੇ ਜਵਾਬਦੇਹੀ ਵਿਚ ਅਸਫ਼ਲਤਾ ਦੀ ਇਕ ਦੁਖਦ ਕਹਾਣੀ ਹੈ। ਉਨ੍ਹਾਂ ਕਿਹਾ ਕਿ ਸਾਲ 2014 ਵਿਚ ਨਰਿੰਦਰ ਮੋਦੀ ਅੱਛੇ ਦਿਨਾਂ ਦਾ ਵਾਅਦਾ ਕਰ ਕੇ ਸੱਤਾ ਵਿਚ ਆਏ ਸਨ ਪਰ ਉਨ੍ਹਾਂ ਦੇ ਇਹ ਪੰਜ ਸਾਲ ਦੇਸ਼ ਦੇ ਹਰ ਵਰਗ ਲਈ ਵਿਨਾਸ਼ਕਾਰੀ ਰਹੇ ਹਨ। ਲੋਕਾਂ ਨੇ ਅਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦਾ ਮਨ ਬਣਾ ਲਿਆ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਚੋਣ ਦੀ ਰਾਸ਼ਟਰਪਤੀ ਪ੍ਰਣਾਲੀ ਚੋਣ ਲੋਕਤੰਤਰ ਲਈ ਸਹੀ ਹੈ ਤਾਂ ਉਨ੍ਹਾਂ ਕਿਹਾ ਕਿ ਭਾਰਤ ਵਿਚ ਅਗਵਾਈ ਕਾਫ਼ੀ ਅਹਿਮ ਹੈ। ਇਕੱਲਾ ਵਿਅਕਤੀ ਨਾ ਤਾਂ ਭਾਰਤ ਦੇ 130 ਕਰੋੜ ਲੋਕਾਂ ਦੀਆਂ ਇੱਛਾਵਾਂ ਦੀ ਅਗਵਾਈ ਕਰ ਸਕਦਾ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕਰ ਸਕਦਾ ਹੈ। ਇਸ ਲਈ ਇਸ ਵਿਚਾਰ ਨੂੰ ਭਾਰਤ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ। ਵਿਦੇਸ਼ ਨੀਤੀ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਕੌਮੀ ਹਿਤਾਂ ਨੂੰ ਪਹਿਲ ਦਿਤੀ ਹੈ ਨਾ ਕਿ ਕਿਸੇ ਵਿਅਕਤੀ ਦੇ ਅਕਸ ਦੀ ਉਸਾਰੀ ਨੂੰ।