ਦਿੱਲੀ ‘ਚ ਸਿੱਖ ਨਾਲ ਕੁੱਟਮਾਰ ਦਾ ਮਾਮਲਾ ਭਖਿਆ, ਕੈਪਟਨ ਤੇ ‘ਆਪ’ ਨੇ ਮੰਗੀ ਜਾਂਚ
Tue 18 Jun, 2019 0ਚੰਡੀਗੜ੍ਹ: ਦਿੱਲੀ ਦੇ ਮੁਖਰਜੀ ਨਗਰ ਵਿੱਚ ਸਿੱਖ ਤੇ ਉਨ੍ਹਾਂ ਦੇ ਮੁੰਡੇ ਨਾਲ ਕੀਤੀ ਕੁੱਟਮਾਰ ਦਾ ਮਾਮਲਾ ਗਰਮਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਸਿਆਸੀ ਹਸਤੀਆਂ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਪੁਲਿਸ ਵੱਲੋਂ ਸਿੱਖ ਟੈਂਪੂ ਚਾਲਕ ਨਾਲ ਕੀਤੀ ਗਈ ਅਣਮਨੁੱਖੀ ਕੁੱਟਮਾਰ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਸ ਘਟਨਾ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ।
ਕੈਪਟਨ ਨੇ ਕਿਹਾ ਕਿ ਟੈਂਪੂ ਚਾਲਕ ਸਰਬਜੀਤ ਸਿੰਘ ਤੇ ਉਨ੍ਹਾਂ ਦੇ ਪੁੱਤਰ ਬਲਵੰਤ ਸਿੰਘ ਨਾਲ ਕੁੱਟਮਾਰ ਦੀ ਘਟਨਾ ਸ਼ਰਮਨਾਕ ਹੈ। ਪੀੜਤ ਸਰਬਜੀਤ ਤੇ ਉਨ੍ਹਾਂ ਦਾ 15 ਸਾਲਾ ਮੁੰਡਾ ਬਲਵੰਤ ਸਿੰਘ ਪੁਲਿਸ ‘ਤੇ ਗੰਭੀਰ ਇਲਜ਼ਾਮ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਾਲੇ ਉਨ੍ਹਾਂ ਨੂੰ ਬਗੈਰ ਸੀਸੀਟੀਵੀ ਵਾਲੇ ਕਮਰੇ ਵਿੱਚ ਲੈ ਕੇ ਜਾਣ ਦੀਆਂ ਗੱਲਾਂ ਕਰ ਰਹੇ ਸੀ। ਉੱਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ। ਇਸ ਦੌਰਾਨ ਪੁਲਿਸ ਨੇ ਮੁੰਡੇ ‘ਤੇ ਰਿਵਾਲਵਰ ਤਾਣ ਰੱਖਿਆ ਸੀ।
ਉੱਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮਨਜੀਤ ਸਿੰਘ ਜੀਕੇ ਇਸ ਘਟਨਾ ਨੂੰ 1984 ਦੇ ਸਿੱਖ ਦੰਗਿਆਂ ਦੇ ਬਰਾਬਰ ਦੱਸ ਰਹੇ ਹਨ। ਉਨ੍ਹਾਂ ਵੀ ਪੁਲਿਸ ਮੁਲਾਜ਼ਮਾਂ ਖ਼ਿਲਾਫ ਸਖ਼ਤ ਕਾਰਵਾਈ ਮੰਗੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਅਣਉਚਿਤ ਹੈ। ਉਨ੍ਹਾਂ ਵੀ ਇਸ ਪੂਰੀ ਘਟਨਾ ਦੀ ਨਿਰਪੱਖ ਜਾਂਚ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸੇ ਤਰ੍ਹਾਂ ਪੰਜਾਬ ਵਿੱਚ ਆਮ ਆਦਮੀ ਦੀ ਇਕਾਈ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ ਤੇ ਮਨਜੀਤ ਸਿੰਘ ਬਿਲਾਸਪੁਰ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤੁਰੰਤ ਬਰਖ਼ਾਸਤ ਕਰਕੇ ਉਨ੍ਹਾਂ ‘ਤੇ ਫ਼ੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇ। ‘ਆਪ’ ਵਿਧਾਇਕਾਂ ਨੇ ਪੂਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਕਸੂਰ ਆਟੋ ਚਾਲਕ ਦਾ ਹੀ ਕਿਉਂ ਨਾ ਹੋਵੇ, ਪਰ ਦਿੱਲੀ ਪੁਲਸ ਨੇ ਦਿਨ ਦਿਹਾੜੇ ਵਹਿਸ਼ੀ-ਪੁਣੇ ਦਾ ਪ੍ਰਦਰਸ਼ਨ ਕੀਤਾ ਹੈ।
Comments (0)
Facebook Comments (0)