ਬੇਅਦਬੀ ਦੇ ਮੁੱਖ ਮੁਲਜ਼ਮ ਬਿੱਟੂ ਮਨਚੰਦਾ ਦੇ ਕਤਲ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਤੋਂ ਕੀਤੀ ਨਾਂਹ

ਬੇਅਦਬੀ ਦੇ ਮੁੱਖ ਮੁਲਜ਼ਮ ਬਿੱਟੂ ਮਨਚੰਦਾ ਦੇ ਕਤਲ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਤੋਂ ਕੀਤੀ ਨਾਂਹ

ਕਟਕਪੂਰਾ: ਬਰਗਾੜੀ ਵਿੱਚ  ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕੇਸ ਦੇ ਮੁੱਖ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਉਰਫ ਬਿੱਟੂ ਮਨਚੰਦਾ ਦਾ ਨਾਭਾ ਜੇਲ੍ਹ ’ਚ ਦੋ ਕੈਦੀਆਂ  ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਵਲੋਂ ਕਤਲ ਕਰ ਦਿੱਤਾ।

ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਪਿਛਲੇ ਸਾਲ 13 ਜੂਨ ਨੂੰ ਪੰਜਾਬ ਪੁਲੀਸ ਦੀ ਸਪੈਸ਼ਲ ਜਾਂਚ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਕੁਝ ਸਮਾਂ ਮਾਡਰਨ ਜੇਲ੍ਹ ਫ਼ਰੀਦਕੋਟ ਵਿੱਚ ਰੱਖਣ ਮਗਰੋਂ ਸੁਰੱਖਿਆ ਦੇ ਲਿਹਾਜ਼ ਨਾਲ ਉਸ ਨੂੰ ਨਾਭਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜੇਲ੍ਹ ਵਿੱਚ ਕਤਲ ਦੇ ਦੋਸ਼ ’ਚ ਬੰਦ ਦੋ ਕੈਦੀਆਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਬਿੱਟੂ ਦੀ ਹੱਤਿਆ ਕਰ ਦਿੱਤੀ।

ਕਤਲ ਕਰ ਦਿਤੇ ਜਾਣ ਤੋਂ ਬਾਅਦ ਭਾਵੇਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ ਹੈ ਅਤੇ ਅੱਜ ਸਵੇਰੇ ਕਰੀਬ 7:00 ਵਜੇ ਬਿੱਟੂ ਦੀ ਲਾਸ਼ ਸਥਾਨਕ ਡੇਰਾ ਸਿਰਸਾ ਦੀ ਬਰਾਂਚ ‘ਚ ਰੱਖੀ ਗਈ ਹੈ ਪਰ ਉਸਦਾ ਅੰਤਮ ਸਸਕਾਰ ਕਰਨ ਬਾਰੇ ਕੋਈ ਸਹਿਮਤੀ ਨਹੀਂ ਹੋ ਰਹੀ। ਡੇਰਾ ਸਿਰਸਾ ਦੀ 45 ਮੈਂਬਰੀ ਕਾਰਜਕਾਰੀ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਮਹਿੰਦਰਪਾਲ ਬਿੱਟੂ ਦੀ ਮ੍ਰਿਤਕ ਦੇਹ ਦਾ ਉਦੋਂ ਤਕ ਸਸਕਾਰ ਨਹੀਂ ਹੋਵੇਗਾ, ਜਦੋਂ ਤੱਕ ਪੰਜਾਬ ਸਰਕਾਰ ਸੂਬੇ ਵਿੱਚ ਡੇਰਾ ਪ੍ਰੇਮੀਆਂ ਖ਼ਿਲਾਫ਼ ਬੇਅਦਬੀ ਦੀਆਂ ਘਟਨਾਵਾਂ ਲਈ ਦਰਜ ਸਾਰੇ ਕੇਸਾਂ ਨੂੰ ਰੱਦ ਨਹੀਂ ਕਰਦੀ। ਕਮੇਟੀ ਨੇ ਬਿੱਟੂ ਦੀ ਹੱਤਿਆ ਦੀ ਸਾਜ਼ਿਸ਼ ਘੜਨ ਵਾਲੇ ‘ਅਸਲ ਗੁਨਾਹਗਾਰਾਂ’ ਨੂੰ ਸਲਾਖਾਂ ਪਿੱਛੇ ਡੱਕਣ ਦੀ ਵੀ ਮੰਗ ਕੀਤੀ ਹੈ। ਕਮੇਟੀ ਨੇ ਦਾਅਵਾ ਕੀਤਾ ਕਿ ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ’ਚ ਵਾਪਰੀ ਇਹ ਘਟਨਾ ਚਾਣਚੱਕ ਨਹੀਂ, ਬਲਕਿ ਇਹ ਗੰਭੀਰ ਸਾਿਜ਼ਸ਼ ਦਾ ਹਿੱਸਾ ਹੈ ਤੇ ਇਸ ਪਿੱਛੇ ਕਥਿਤ ‘ਵੱਡੇ ਲੋਕਾਂ’ ਦਾ ਹੱਥ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਕੁਮਾਰ ਸੌਰਭ, ਐੱਸਐੱਸਪੀ ਰਾਜਬਚਨ ਸਿੰਘ ਤੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਡੇਰਾ ਪ੍ਰੇਮੀਆਂ ਦੇ 45 ਮੈਂਬਰੀ ਦਲ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮਹਿੰਦਰਪਾਲ ਬਿੱਟੂ ਦੇ ਸਸਕਾਰ ਬਾਰੇ ਮਨਾਉਣ ਦੀ ਕੋਸ਼ਿਸ਼ ਕੀਤੀ। ਡੇਰਾ ਪ੍ਰੇਮੀਆਂ ਦੇ ਹਾਲਾਂਕਿ ਆਪਣੀਆਂ ਮੰਗਾਂ ’ਤੇ ਬਜ਼ਿੱਦ ਰਹਿਣ ਕਰਕੇ ਮੀਟਿੰਗ ਬੇਸਿੱਟਾ ਰਹੀ।