ਨੈਸ਼ਨਲ ਹਾਈਵੇਅ 'ਤੇ ਇਕ ਚਲਦੀ ਗੱਡੀ 'ਚ ਲੱਗੀ ਅੱਗ
Fri 5 Jul, 2019 0ਰੋਪੜ :
ਖੇਤਰ 'ਚ ਨੈਸ਼ਨਲ ਹਾਈਵੇਅ 'ਤੇ ਇਕ ਚਲਦੀ ਗੱਡੀ 'ਚ ਅੱਗ ਲੱਗ ਗਈ। ਸ਼ਰਧਾਲੂਆਂ ਨੂੰ ਲੈ ਜਾ ਰਿਹਾ ਇਹ ਟਾਟਾ ਵੇਂਜਰ ਵਾਹਨ ਦੇਖਦੇ ਹੀ ਦੇਖਦੇ ਅੱਗ ਦਾ ਗੋਲਾ ਬਣ ਗਿਆ। ਇਸ 'ਚ ਸਵਾਰ 8 ਲੋਕ ਕਿਸੇ ਤਰ੍ਹਾਂ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਨਿਕਲੇ। ਇਹ ਸ਼ਰਧਾਲੂ ਅੰਮ੍ਰਿਤਸਰ ਤੋਂ ਅਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਹਾਦਸਾ ਪਿੰਡ ਰਾਮਪੁਰ ਸਾਨੀ ਕੋਲ ਸੜਕ 'ਤੇ ਇਕ ਜਾਨਵਰ ਦੇ ਅਚਾਨਕ ਗੱਡੀ ਦੇ ਸਾਹਮਣੇ ਆਉਣ ਕਾਰਨ ਹੋਇਆ। ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ।
ਜਾਣਕਾਰੀ ਮੁਤਾਬਕ ਸਾਰੇ ਸ਼ਰਧਾਲੂ ਅੰਮ੍ਰਿਤਸਰ ਦੇ ਨੇੜੇ ਗੁਰੂ ਦੇ ਬਾਗ਼ ਪਿੰਡ ਦੇ ਰਹਿਣ ਵਾਲੇ ਹਨ। ਹਾਦਸਾ ਨੰਗਲ-ਉਨਾ ਐੱਨਐੱਚ 503 ਤੇ ਰਾਮਪੁਰ ਸਹਨੀ ਪਿੰਡ ਦੇ ਸੀਐੱਨਜੀ ਸਟੇਸ਼ਨ ਕੋਲ ਹੋਇਆ। ਗੱਡੀ ਦੇ ਚਾਲਕ ਸੂਰਜ ਸਿੰਘ ਨੇ ਦਸਿਆ ਕਿ ਉਹ ਅੰਮ੍ਰਿਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਉਹ ਬੁੱਧਵਾਰ ਰਾਤ ਕਰੀਬ 11 ਵਜੇ ਅੰਮ੍ਰਿਤਸਰ ਤੋਂ ਚੱਲੇ ਸਨ। ਉਹ ਹਿਮਾਚਲ ਬਾਰਡਰ ਕ੍ਰਾਸ ਕਰ ਕੇ ਪੰਜਾਬ 'ਚ ਪਹੁੰਚੇ ਤਾਂ ਨਵਾਂ ਨੰਗਲ ਦੇ ਸੁੰਨਸਾਨ ਇਲਾਕੇ 'ਚ ਨਿਕਲੀ ਗਾਂ ਗੱਡੀ ਦੇ ਅੱਗੇ ਆ ਗਈ। ਗੱਡੀ ਤੇਜ਼ ਹੋਣ ਕਾਰਨ ਉਹ ਗਾਂ ਨਾਲ ਟਕਰਾ ਗਈ। ਇਸ ਤੋਂ ਬਾਅਦ ਗੱਡੀ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਕੇ ਪਲਟ ਗਈ।
ਚਾਲਕ ਨੇ ਦਸਿਆ ਕਿ ਇਸ ਨਾਲ ਗੱਡੀ 'ਚ ਅੱਗ ਲੱਗ ਗਈ ਤੇ ਸਾਰੇ ਦਰਵਾਜ਼ੇ ਬੰਦ ਹੋ ਗਏ। ਗੱਡੀ 'ਚ ਸਵਾਰ 8 ਲੋਕਾਂ ਨੇ ਮੁਸ਼ਕਲ ਨਾਲ ਸ਼ੀਸ਼ੇ ਤੋੜ ਕੇ ਬਾਹਰ ਨਿਕਲ ਕੇ ਅਪਣੀ ਜਾਨ ਬਚਾਈ। ਸਾਰਿਆਂ ਦੇ ਬਾਹਰ ਨਿਕਲਦੇ ਹੀ ਗੱਡੀ ਅੱਗ ਦਾ ਗੋਲਾ ਬਣ ਗਈ। ਰਾਹਤ ਦੀ ਗੱਲ ਹੈ ਕਿ ਅੱਗ ਲੱਗਣ 'ਤੇ ਪਹਿਲਾਂ ਸਾਰੇ ਲੋਕ ਗੱਡੀ ਤੋਂ ਬਾਹਰ ਆ ਚੁੱਕੇ ਸਨ।
Comments (0)
Facebook Comments (0)