
ਮੇਰੀ ਸਰਕਾਰ ਨੇ ਕਦੇ ਖਾਲਿਸਤਾਨ ਦੀ ਹਮਾਇਤ ਨਹੀਂ ਕੀਤੀ- ਸਟੀਫਨ ਹਾਰਪਰ
Mon 8 Jul, 2019 0
ਪੋਸਟ ਬਿਉਰੋ : ਕੈਨੇਡਾ ਇੰਡੀਆ ਫਾਉਂਡੇਸ਼ਨ ਵੱਲੋਂ ਆਯੋਜਿਤ ਗਲੋਬਲ ਇੰਡੀਅਨ ਅਵਾਰਡ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਬੋਲਦੇ ਹੋਏ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਕਿ ਉਸਦੀ ਸਰਕਾਰ ਅਤੇ ਕੰਜ਼ਰਵੇਟਿਵ ਪਾਰਟੀ ਨੇ ਖਾਲਿਸਤਾਨੀਆਂ ਅਤੇ ਉਹਨਾਂ ਹੋਰਾਂ ਨਾਲ ਸਬੰਧ ਕਾਇਮ ਕਰਨ ਤੋਂ ਇਨਕਾਰ ਕੀਤਾ ਜਿਹੜੇ ਭਾਰਤ ਦੇ ਟੁਕੜੇ ਕਰਨ ਦੇ ਚਾਹਵਾਨ ਹਨ।
ਵਰਨਣਯੋਗ ਹੈ ਕਿ ਸਟੀਫਨ ਹਾਰਪਰ ਇੰਟਰਨੈਸ਼ਨਲ ਡੈਮੋਕਰੈਟਿਕ ਯੂਨੀਅਨ ਦੇ ਚੇਅਰਮੈਨ ਹਨ ਜੋ ਕਿ ਵਿਸ਼ਵ ਦੀਆਂ ਮੱਧ-ਸੱਜੇ ਪੱਖੀ 80 ਸਿਆਸੀ ਪਾਰਟੀਆਂ ਦਾ ਗਠਜੋੜ ਹੈ ਜਿਸ ਵਿੱਚ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਅਤੇ ਭਾਰਤ ਤੋਂ ਭਾਰਤੀ ਜਨਤਾ ਪਾਰਟੀ ਸ਼ਾਮਲ ਹਨ। ਕੈਨੇਡਾ ਇੰਡੀਆ ਫਾਉਂਡੇਸ਼ਨ ਵੱਲੋਂ ਇਸ ਸਾਲ ਦਾ ਗਲੋਬਲ ਇੰਡੀਅਨ ਅਵਾਰਡ ਸਟੀਫਨ ਹਾਰਪਰ ਨੂੰ ਦਿੱਤਾ ਗਿਆ ਹੈ ਜਿਸਦੇ ਸਬੰਧ ਵਿੱਚ ਉਹ ਆਏ ਹੋਏ ਸਨ। ਸਟੀਫਨ ਹਾਰਪਰ ਮੁਤਾਬਕ ਉਹ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਦਦ ਕਰਨ ਲਈ ਤਿਆਰ ਹਨ।
ਕੈਨੇਡਾ ਇੰਡੀਆ ਫਾਉਂਡੇਸ਼ਨ ਦੇ ਗਲੋਬਲ ਇੰਡੀਅਨ ਅਵਾਰਡ 2008 ਵਿੱਚ ਆਰੰਭ ਹੋਏ ਸਨ ਜਦੋਂ ਭਾਰਤ ਵਿੱਚ ਇਨਫਰਮੇਸ਼ਨ ਤਕਨਾਲੋਜੀ ਦਾ ਨਵਾਂ ਇਨਕਲਾਬ ਪੈਦਾ ਕਰਨ ਵਾਲੇ ਸੈਮ ਪਿਟਰੋਡਾ ਨੂੰ ਇਹ ਅਵਾਰਡ ਦਿੱਤਾ ਗਿਆ ਸੀ। ਇਸਤੋਂ ਬਾਅਦ ਤੁਲਸੀ ਤਾਂਤੀ, ਟਤਨ ਟਾਟਾ, ਦੀਪਕ ਚੋਪੜਾ, ਨਰਾਇਣ ਮੂਰਥੀ, ਸੁਭਾਸ਼ ਚੰਦਰ, ਸਵਾਮੀ ਰਾਮਦੇਵ ਅਤੇ ਛੋਟੀ ਉਮਰ ਦੇ ਬੱਚੇ ਸਪਰਸ਼ ਸ਼ਾਹ ਨੂੰ ਇਹ ਅਵਾਰਡ ਮਿਲੇ। ਸਟੀਫਨ ਹਾਰਪਰ ਪਹਿਲੇ ਅਵਾਰਡ ਜੇਤੂ ਹਨ ਜਿਹਨਾਂ ਦਾ ਮੂਲ ਭਾਰਤ ਨਾਲ ਜੁੜਿਆ ਨਹੀਂ ਹੈ PT
Comments (0)
Facebook Comments (0)