ਬਰਸਾਤੀ ਰੁੱਤ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ ਵਿਸ਼ੇਸ ਉਪਰਾਲੇ-ਸ੍ਰੀ ਸੰਦੀਪ ਰਿਸ਼ੀ

ਬਰਸਾਤੀ ਰੁੱਤ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ ਵਿਸ਼ੇਸ ਉਪਰਾਲੇ-ਸ੍ਰੀ ਸੰਦੀਪ ਰਿਸ਼ੀ

ਤਰਨ ਤਾਰਨ, 31 ਜੁਲਾਈ 2019 : 

ਪਿਛਲੇ ਦਿਨਾਂ ਵਿੱਚ ਪਈ ਭਾਰੀ ਬਾਰਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਬਰਸਾਤੀ ਰੁੱਤ ਦੀਆਂ ਬਿਮਾਰੀਆਂ ਦੇ ਪ੍ਰਸਾਰ ਨੂੰ ਰੋਕਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।ੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪਾਬੰਦ ਕੀਤਾ ਗਿਆ ਹੈ, ਕਿ ਉਹ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਬਿਮਾਰੀਆਂ ਦੀ ਰੋਕਥਾਮ ਲਈ ਵੀ ਪ੍ਰਭਾਵੀ ਕਦਮ ਚੁੱਕਣ। 

ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਜ਼ਿਲੇ ਦੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਛੱਪੜਾਂ ਜਾਂ ਹੋਰ ਥਾਂਵਾਂ ਜਿੱਥੇ ਬਾਰਿਸ਼ ਦਾ ਪਾਣੀ ਜਮਾਂ ਹੋਇਆ ਹੈ, ਉਥੇ ਐਂਟੀ ਲਾਰਵਾ ਸਪ੍ਰੇਅ ਪਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਅਤੇ ਟੀਮਾਂ ਕੰਮ ਕਰ ਰਹੀਆਂ ਹਨ।ਜ਼ਿਆਦਾ ਪ੍ਰਭਾਵਿਤ ਖੇਤਰਾਂ ਵਿਚ ਕਲੋਰੀਨ ਦੀਆਂ ਗੋਲੀਆਂ ਪਾਣੀ ਸਾਫ ਕਰਨ ਲਈ ਵੰਡੀਆਂ ਜਾ ਰਹੀਆਂ ਹਨ।

ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਇਸ ਰੁੱਤ ਵਿਚ ਅਕਸਰ ਪਾਣੀ ਵਿਚ ਅਸ਼ੁੱਧੀਆਂ ਅਤੇ ਹਾਨੀਕਾਰਕ ਜਿਵਾਣੂ ਪਣਪ ਜਾਂਦੇ ਹਨ।ਇਸ ਲਈ ਚਾਹੀਦਾ ਹੈ ਕਿ ਪਾਣੀ ਨੂੰ ਉਬਾਲ ਕੇ ਠੰਡਾ ਕਰਕੇ ਪੀਓ।ਉਨਾਂ ਨੇ ਕਿਹਾ ਕਿ ਜੇਕਰ ਦਸਤ ਹੋਣ ਤਾਂ ਓ. ਆਰ. ਐਸ. ਦਾ ਘੋਲ ਬਣਾ ਕੇ ਮਰੀਜ਼ ਨੂੰ ਦੇਣਾ ਚਾਹੀਦਾ ਹੈ ਅਤੇ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਰਾਬਤਾ ਕਰਨਾ ਚਾਹੀਦਾ ਹੈ। 

ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਏ ਦਾ ਮੱਛਰ ਅਜਿਹੇ ਮੌਸਮ ਵਿਚ ਤੇਜ਼ੀ ਨਾਲ ਵੱਧਦਾ ਹੈ। ਇਸ ਲਈ ਲੋਕ ਆਪਣੇ ਘਰਾਂ ਵਿਚ ਪਏ ਪੁਰਾਣੇ ਸਮਾਨ, ਗਮਲਿਆਂ ਜਾਂ ਹੋਰ ਥਾਂਵਾਂ ‘ਤੇ ਪਾਣੀ ਜਮ੍ਹਾਂ ਨਾ ਹੋਣ ਦੇਣ।ਕੂਲਰਾਂ ਦਾ ਪਾਣੀ ਵੀ ਹਰ ਹਫ਼ਤੇ ਬਦਲਿਆ ਜਾਵੇ।ਉਨਾਂ ਨੇ ਕਿਹਾ ਕਿ ਜੇਕਰ ਅਸੀਂ ਮੱਛਰ ਦੇ ਪ੍ਰਸਾਰ ਨੂੰ ਰੋਕ ਲਵਾਂਗੇ ਤਾਂ ਮਲੇਰੀਆ ਡੇਂਗੂ ਨਹੀਂ ਫੈਲੇਗਾ।ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਨਗਰ ਕੌਂਸਲਾਂ ਨਾਲ ਤਾਲਮੇਲ ਕਰਕੇ ਡੇਂਗੂ ਦੇ ਲਾਰਵੇ ਦੀ ਪੜਤਾਲ ਕਰ ਰਹੀਆਂ ਹਨ।