ਤੀਹਰੇ ਕਤਲ ਕਾਂਡ ਮਾਮਲੇ 'ਚ ਪੁਲਿਸ ਨੇ ਮੁੱਖ ਦੋਸ਼ੀ ਸਮੇਤ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਤੀਹਰੇ ਕਤਲ ਕਾਂਡ ਮਾਮਲੇ 'ਚ ਪੁਲਿਸ ਨੇ ਮੁੱਖ ਦੋਸ਼ੀ ਸਮੇਤ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਜ਼ਿਲਾ ਤਰਨਤਾਰਨ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਵਿਖੇ ਪ੍ਰੇਮ ਵਿਆਹ ਕਰਵਾਏ ਜਾਣ ਤੋਂ ਖਫ਼ਾ ਹੋਏ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਪਿਤਾ, ਭਰਾ ਅਤੇ ਭੈਣ ਨੂੰ ਕਤਲ ਕਰਨ ਦੇ ਮਾਮਲੇ 'ਚ ਪੁਲਸ ਨੇ ਮੁੱਖ ਮੁਲਜ਼ਮ ਲੜਕੀ ਦੇ ਭਰਾ ਅਤੇ ਜੀਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦ ਕਿ ਬਾਕੀ ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ. (ਆਈ) ਹਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਨੌਸ਼ਹਿਰਾ ਨਿਵਾਸੀ ਹਰਮਨ ਸਿੰਘ ਪੁੱਤਰ ਜੋਗਿੰਦਰ ਸਿੰਘ ਦਾ ਪ੍ਰੇਮ ਸਬੰਧ ਪਿੰਡ 'ਚ ਹੀ ਗੁਆਂਢ ਰਹਿੰਦੇ ਬੀਰ ਸਿੰਘ ਦੀ ਲੜਕੀ ਬੇਵੀ ਨਾਲ ਚੱਲਦਾ ਸੀ ਜਿਨਾ ਨੇ ਕਰੀਬ ਡੇਢ ਮਹੀਨਾ ਪਹਿਲਾਂ ਅਦਾਲਤ ਵਿਚ ਵਿਆਹ ਕਰਵਾ ਲਿਆ। ਜਿਸ ਕਾਰਨ ਲੜਕੀ ਦਾ ਪਰਿਵਾਰ ਬਹੁਤ ਜ਼ਿਆਦਾ ਨਾਰਾਜ਼ ਸੀ। ਜਿਸ ਦੇ ਚੱਲਦਿਆਂ 30 ਜੁਲਾਈ ਦੀ ਰਾਤ ਕਰੀਬ 1 ਵਜੇ ਲੜਕੀ ਦੇ ਪਿਤਾ ਬੀਰ ਸਿੰਘ, ਭਰਾ ਸੁੱਖ, ਅਰਸ਼ਦੀਪ ਸਿੰਘ, ਵਰਦੀਪ ਸਿੰਘ, ਭੂਆ ਦੇ ਲੜਕੇ ਹੈਪੀ, ਮਨੀ, ਗੋਵਿੰਦਾ ਵਾਸੀਆਨ ਅਟਾਰੀ, ਤਾਏ ਦਾ ਲੜਕਾ ਬਿਕਰਮ ਸਿੰਘ, ਬਚਿੱਤਰ ਸਿੰਘ, ਜੱਗਾ ਵਾਸੀਆਨ ਅੰਮ੍ਰਿਤਸਰ ਅਤੇ ਜਵਾਈ ਜੋਬਨਜੀਤ ਸਿੰਘ ਵਾਸੀ ਢੰਡ ਸਮੇਤ 2-3 ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਘਰ 'ਚ ਦਾਖਲ ਹੋ ਕੇ ਲੜਕੇ ਦੇ ਪਿਤਾ ਜੋਗਿੰਦਰ ਸਿੰਘ, ਭਰਾ ਪਵਨਦੀਪ ਸਿੰਘ ਅਤੇ ਭੈਣ ਪ੍ਰਭਜੀਤ ਕੌਰ ਦਾ ਕਤਲ ਕਰ ਦਿੱਤਾ। ਜਦ ਕਿ ਹਰਮਨ ਸਿੰਘ ਆਪਣੀ ਪਤਨੀ ਬੇਵੀ ਸਮੇਤ ਜਾਨ ਬਚਾਉਣ ਵਿਚ ਕਾਮਯਾਬ ਹੋ ਗਿਆ ਸੀ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਉਕਤ ਲੋਕਾਂ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਅਤੇ ਸਬ ਡਵੀਜ਼ਨ ਤਰਨਤਾਰਨ ਦੇ ਡੀ.ਐੱਸ.ਪੀ. ਕਮਲਜੀਤ ਸਿੰਘ ਔਲਖ ਦੀ ਅਗਵਾਈ ਹੇਠ ਥਾਣਾ ਮੁਖੀ ਰਣਜੀਤ ਸਿੰਘ ਵੱਲੋਂ ਛਾਪੇਮਾਰੀ ਕਰਦਿਆਂ 31 ਜੁਲਾਈ ਨੂੰ ਮਾਮਲੇ ਵਿਚ ਨਾਮਜ਼ਦ ਜੋਬਨਜੀਤ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਢੰਡ ਨੂੰ ਪਿੰਡ ਮਾਣਕਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਜਦ ਕਿ 1 ਅਗਸਤ ਨੂੰ ਇਸ ਕੇਸ 'ਚ ਮੁੱਖ ਮੁਲਜ਼ਮ ਬੀਰ ਸਿੰਘ ਪੁੱਤਰ ਗੁਰਮੇਜ ਸਿੰਘ ਨੂੰ ਵੀ ਪੁਲਸ ਨੇ ਪਿੰਡ ਭੂਸੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੋਗਿੰਦਰ ਸਿੰਘ ਉਸ ਦਾ ਧਰਮੀ ਭਰਾ ਬਣਿਆ ਹੋਇਆ ਸੀ ਅਤੇ ਦੋਵਾਂ ਪਰਿਵਾਰਾਂ ਵਿਚ ਕਾਫੀ ਗੂੜੇ ਸਬੰਧ ਸਨ।
ਪਰ ਜੋਗਿੰਦਰ ਸਿੰਘ ਦੇ ਲੜਕੇ ਹਰਮਨ ਸਿੰਘ ਨੇ ਮਾੜੀ ਕਰਤੂਤ ਕਰਦਿਆਂ ਉਸ ਦੀ ਲੜਕੀ ਬੇਵੀ ਨੂੰ ਘਰੋਂ ਭਜਾ ਕੇ ਵਿਆਹ ਕਰਵਾ ਲਿਆ ਜਿਸ ਕਾਰਨ ਗੁੱਸੇ ਵਿਚ ਆ ਕੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਐੱਸ.ਪੀ. ਹਰਜੀਤ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮਾਂ ਕੋਲੋਂ ਵਾਰਦਾਤ 'ਚ ਵਰਤੇ ਗਏ ਹਥਿਆਰਾਂ ਦੀ ਬਰਾਮਦਗੀ ਅਤੇ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।