
ਬੰਨ੍ਹ ਟੁੱਟਣ ਕਾਰਨ ਫਿਲੌਰ ਦੇ ਕਈ ਪਿੰਡਾਂ 'ਚ ਭਰਿਆ ਪਾਣੀ , ਮੁੱਖ ਮੰਤਰੀ ਵੱਲੋਂ ਹੜ੍ਹਾਂ ਵਾਲੇ ਇਲਾਕਿਆਂ ਦਾ ਦੌਰਾ
Mon 19 Aug, 2019 0
ਭਾਖੜੇ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਫਿਲੌਰ ਇਲਾਕੇ ਅੰਦਰ ਹੜ੍ਹ ਦੇ ਹਾਲਾਤ ਬਣ ਚੁੱਕੇ ਹਨ। ਅੱਜ ਸਵੇਰ ਤੋਂ ਫਿਲੌਰ ਦੇ ਪਿੰਡਾਂ ਮੌ ਸਾਹਿਬ, ਮਿਉਵਾਲ ਦੇ ਨਜ਼ਦੀਕ 4 ਥਾਵਾਂ ਤੋਂ ਬੰਨ੍ਹ ਟੁੱਟਣ ਕਾਰਨ ਅਨੇਕਾਂ ਪਿੰਡਾਂ, ਜਿਨ੍ਹਾਂ 'ਚ ਆਲੋਵਾਲ, ਭੋਲੇਵਾਲ, ਮੌ ਸਾਹਿਬ, ਮਿਉਵਾਲ, ਗੰਨਾ ਪਿੰਡ, ਭੈਣੀ ਦੇ ਹੇਠਲੇ ਇਲਾਕੇ ਸ਼ਾਮਲ ਹਨ, ਬੁਰੀ ਤਰ੍ਹਾਂ ਨਾਲ ਪਾਣੀ ਦੀ ਲਪੇਟ 'ਚ ਆ ਚੁੱਕੇ ਹਨ। ਰਾਹਤ ਕਾਰਜਾਂ ਲਈ ਐੱਨਡੀਆਰ ਐੱਫ ਅਤੇ ਫੌਜ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਇਲਾਕੇ ਅੰਦਰ ਵਿਗੜ ਰਹੇ ਹਾਲਾਤ ਦਾ ਜਾਇਜ਼ਾ ਲੈਣ ਲਈ ਪੁੱਜੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਐੱਸ। ਐੱਸ। ਪੀ। ਨਵਜੋਤ ਸਿੰਘ ਮਾਹਲ ਅਤੇ ਏ। ਡੀ। ਸੀ। ਜਲੰਧਰ ਜਸਵੀਰ ਸਿੰਘ ਨੇ ਖ਼ੁਦ ਮੌਕੇ 'ਤੇ ਹਾਜ਼ਰ ਰਹਿ ਕੇ ਉਕਤ ਪਿੰਡਾਂ ਅੰਦਰ ਫਸੇ ਵਿਅਕਤੀਆਂ ਨੂੰ ਫੌਜ ਅਤੇ ਐੱਨ। ਡੀ। ਆਰ। ਐੱਫ। ਦੀਆ ਟੀਮਾਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਰਾਹਤ ਕਾਰਜ ਲਗਾਤਾਰ ਜੰਗੀ ਪੱਧਰ 'ਤੇ ਜਾਰੀ ਹਨ। ਪ੍ਰਸ਼ਾਸਨ ਨੇ ਹੇਠਲੇ ਇਲਾਕੇ 'ਚ ਰਹਿੰਦੇ ਲੋਕਾਂ ਨੂੰ ਜਲਦ ਰਿਲੀਫ ਸੈਂਟਰਾਂ 'ਚ ਪੁੱਜਣ ਦੀ ਅਪੀਲ ਕੀਤੀ ਹੈ।
ਮੀਂਹ ਦੇ ਚੱਲਦਿਆਂ ਮਾਛੀਵਾੜਾ ਇਲਾਕੇ 'ਚ ਬਰਸਾਤੀ ਪਾਣੀ ਨੇ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ, ਉੱਥੇ ਹੀ ਸੜਕਾਂ 'ਚ ਪਏ ਪਾੜ ਕਾਰਨ ਪਿੰਡਾਂ ਦੇ ਨਾਲ ਮਾਛੀਵਾੜਾ-ਕੁਹਾੜਾ ਮੁੱਖ ਮਾਰਗ ਵੀ ਬੰਦ ਹੋ ਗਿਆ। ਮਾਛੀਵਾੜਾ ਨੇੜੇ ਪਿੰਡ ਇਰਾਕ ਵਿਖੇ ਇੱਕ ਨਾਜਾਇਜ਼ ਕਾਲੋਨੀ ਦੇ ਮਾਲਕ ਵਲੋਂ ਸੜਕ ਹੇਠੋਂ ਪੁਲੀ ਰਾਹੀਂ ਹੁੰਦੇ ਬਰਸਾਤੀ ਪਾਣੀ ਦੇ ਵਹਾਅ ਨੂੰ ਭਰਤ ਪਾ ਕੇ ਬੰਦ ਕਰਕੇ ਪਲਾਟ ਕੱਟ ਦਿੱਤੇ ਗਏ, ਜਿਸ ਕਾਰਨ ਅਢਿਆਣਾ, ਭੱਟੀਆਂ, ਇਰਾਕ, ਰਾਣਵਾਂ ਪਿੰਡਾਂ ਦੇ ਖੇਤਾਂ ਦਾ ਪਾਣੀ ਇਰਾਕ ਪੁਲੀ ਨੇੜੇ ਇੱਕ ਤਲਾਬ ਦੇ ਰੂਪ 'ਚ ਇਕੱਠਾ ਹੋ ਗਿਆ, ਜਿਸ 'ਚ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਕਾਲੋਨੀ ਵੀ ਡੁੱਬ ਗਈ। ਆਖ਼ਰ ਪਾਣੀ ਦੀ ਧੱਕ ਨੇ ਪੁਲੀ ਰਾਹੀਂ ਬੰਦ ਕੀਤੇ ਗਏ ਪਾਣੀ ਦੇ ਵਹਾਅ ਨੂੰ ਤੇਜ਼ੀ ਨਾਲ ਖੋਲ੍ਹਿਆ, ਜਿਸ ਕਾਰਨ ਮਾਛੀਵਾੜਾ-ਕੁਹਾੜਾ ਰੋਡ ਦਾ ਇੱਕ ਪਾਸਾ ਪਾਣੀ ਦੇ ਵਹਾਅ ਨਾਲ ਡਿੱਗ ਗਿਆ ਅਤੇ ਸੜਕ ਤੋਂ ਭਾਰੀ ਵਾਹਨਾਂ ਦਾ ਲਾਂਘਾ ਬੰਦ ਹੋ ਗਿਆ। ਦੂਜੇ ਪਾਸੇ ਬੁੱਢੇ ਦਰਿਆ 'ਚ ਆਏ ਵਾਧੂ ਪਾਣੀ ਨਾਲ ਓਵਰਫ਼ਲੋ ਹੋ ਆਸ-ਪਾਸ ਦੇ ਖੇਤਾਂ 'ਚ ਫ਼ਸਲ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਪੜ ਜ਼ਿਲ੍ਹੇ ਦੇ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਰਾਹਤ ਲਈ ਤੁਰੰਤ 100 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਹੈ। ਇਹ ਰਕਮ ਇਲਾਕੇ ਦੇ ਉਨ੍ਹਾਂ ਲੋਕਾਂ ਨੂੰ ਮਿਲੇਗੀ, ਜਿਨ੍ਹਾਂ ਦਾ ਹੜ੍ਹਾਂ ਕਾਰਨ ਡਾਢਾ ਵਿੱਤੀ ਨੁਕਸਾਨ ਹੋਇਆ ਹੈ।
Comments (0)
Facebook Comments (0)