494 ਦੁੱਧ ਦੇ ਸੈਂਪਲ ਲਏ ਗਏ ਜਿਨ੍ਹਾਂ ਤੋਂ 252 'ਚ ਮਿਲਾਵਟ ਪਾਈ
Tue 9 Oct, 2018 0ਚੰਡੀਗੜ੍ਹ: 'ਤੰਦਰੁਸਤ ਪੰਜਾਬ ਮੁਹਿੰਮ' ਤਹਿਤ ਲਏ ਗਏ ਨਮੂਨਿਆਂ ਦਾ ਨਤੀਜਾ ਸਾਹਮਣੇ ਆਉਣ ਲੱਗਾ ਹੈ। ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਵੱਲੋਂ ਅਗਸਤ ਮਹੀਨੇ ਲਏ ਗਏ ਸੈਂਪਲਾਂ 'ਚੋਂ 48.6 ਫੀਸਦੀ ਗੁਣਵੱਤਾ ਜਾਂਚ 'ਚ ਫੇਲ੍ਹ ਸਾਬਤ ਹੋਏ। ਸਤੰਬਰ ਮਹੀਨੇ ਵੀ ਅੰਕੜਿਆਂ ਦੀ ਪ੍ਰਤੀਸ਼ਸ਼ਤਾ ਇਕੋ ਜਿਹੀ ਸੀ। ਪਿਛਲੇ ਛੇ ਸਾਲਾਂ 'ਚ 8000 ਅੰਕੜੇ ਇਕੱਠੇ ਕਰਨ ਵਾਲੇ ਅਧਿਕਾਰੀਆਂ ਨੇ ਪਿਛਲੇ ਦੋ ਮਹੀਨਿਆਂ 'ਚ 1500 ਅੰਕੜੇ ਇਕੱਠੇ ਕੀਤੇ ਹਨ।ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਨੇ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਉਤਪਾਦਾਂ ਦੀ ਗੁਣਵੱਤਾ ਪਰਖਣ ਲਈ ਨਮੂਨੇ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸੂਚੀ 'ਚ ਦੁੱਧ ਤੇ ਦੁੱਧ ਤੋਂ ਬਣੇ ਉਤਪਾਦ ਖਾਸ ਤੌਰ 'ਤੇ ਸ਼ਾਮਲ ਰਹਿਣਗੇ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ 494 ਦੁੱਧ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਤੋਂ 252 'ਚ ਮਿਲਾਵਟ ਪਾਈ ਗਈ। ਇਸੇ ਤਰ੍ਹਾਂ ਘਿਉ, ਮੱਖਣ, ਆਈਸ ਕਰੀਮ ਦੇ 575 ਨਮੂਨੇ ਲਏ ਗਏ ਜਿਨ੍ਹਾਂ ਵਿੱਚੋਂ 307 'ਚ ਮਿਲਾਵਟ ਦਰਜ ਕੀਤੀ ਗਈ।ਫੂਡ ਐਂਡ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਖਾਣ ਵਾਲੇ ਤੇਲ ਦੇ ਵੀ ਨਤੀਜੇ ਚਿੰਤਾਜਨਕ ਸਨ। ਕੁੱਲ 48 ਨਮੂਨਿਆਂ ਵਿੱਚੋਂ 21 'ਚ ਮਿਲਾਵਟ ਸੀ। ਨਮਕੀਨ ਦੇ ਮਾਮਲੇ 'ਚ ਮਿਲਾਵਟ 100 ਫੀਸਦੀ ਸੀ। ਇਸ ਤੋਂ ਇਲਾਵਾ ਮਠਿਆਈਆਂ 'ਚ ਵੀ 25 ਫੀਸਦੀ ਮਿਲਾਵਟ ਦੇ ਮਾਮਲੇ ਸਾਹਮਣੇ ਆਏ।
Comments (0)
Facebook Comments (0)