ਸਵਿੰਦਰ ਭੱਟੀ ਦੀਆਂ ਦਿਲ ਨੂੰ ਟੁੰਬਣ ਵਾਲੀਆਂ ਕਵਿਤਾਵਾਂ

ਸਵਿੰਦਰ ਭੱਟੀ ਦੀਆਂ ਦਿਲ ਨੂੰ ਟੁੰਬਣ ਵਾਲੀਆਂ ਕਵਿਤਾਵਾਂ

*ਦਿਲ ਉਦਾਸ ਵਿਚ*..

 

ਉਹ ਘੋਲ਼ਕੇ ਜ਼ਹਿਰ *ਗਿਲਾਸ* ਵਿਚ।

ਘੁੰਮ ਰਹੇ ਨੇ ਸਾਡੀ *ਤਲਾਸ਼* ਵਿਚ।

 

ਇੱਕ ਕਤਰਾ ਖ਼ੂਨ ਦਾ ਛੱਡਿਆ ਨੲੀਂ,

ਸਾਗ਼ਰ ਡੀਕਣ ਵਾਲੇ ਨੇ *ਪਿਆਸ* ਵਿਚ।

 

ਦੁੱਖ ਨੰਗੇ ਪੈਰਾਂ ਦਾ ਕੀ ਜਾਨਣ, 

ਹੀਰੇ ਜੜੇੰ ਜਿਨ੍ਹਾਂ ਦੇ *ਲਿਬਾਸ* ਵਿੱਚ।

 

ਮਹੁੱਬਤ ਦਾ ਮਿਆਰ ਘਟਾਉਣ ਜਿਹੜੇ, 

ਸਮਝਾਓ,ਰੱਖੀਏ ਕਿਹੜੀ *ਕਲਾਸ* ਵਿਚ।

 

ਮੈਂ ਕਿਵੇਂ ਹੋਰ ਕਰਜ਼ ਉਧਾਰ ਲਵਾਂ, 

ਪਹਿਲੇ ਮੂਲ ਹਾਲੇ ਵੀ ਨੇ *ਵਿਆਜ਼* ਵਿਚ। 

 

ਕਿਰਦਾਰ ਜਿਨ੍ਹਾਂ ਦੇ ਮਾੜੇ ਉਹੀ ਐਥੇ,

ਰਹਿਣ ਉੱਚੇ ਰੁਤਬੇ ਦੀ *ਕਿਆਸ* ਵਿਚ ।

 

ਕਦੇ ਤਾਂ ਉਹ ਵੀ ਸਾਡਾ ਮੁੱਲ ਪਾਊ,

ਜ਼ਿੰਦਗੀ ਬੀਤ ਚੱਲੀ ਜਿਸਦੀ *ਆਸ* ਵਿੱਚ ।

 

ਬਸ ਕਰੋ ਦਰਦ ਹੋਰ ਨਹੀਂ ਸਮਾ ਹੋਣੇ,

*ਭੱਟੀ ਸ਼ਾਇਰ* ਦੇ ਦਿਲ *ਉਦਾਸ* ਵਿਚ।

 

                            *ਸ਼ਾਇਰ ਭੱਟੀ*

 

*ਘੁੰਮਣ ਘੇਰੀ*.... 

〰〰〰〰

➿➿➿➿➿➿➿➿➿➿➿➿

ਇਸ਼ਕ ਵਿੱਚ ਵੀ ਸਿਆਸਤ ਖੇਡੇ,ਥਾਂ ਥਾਂ ਕਰੇ *ਘੁਟਾਲੇ*,

ਕਾਲ਼ੇ ਦਿਲ ਦਾ ਯਾਰ ਅਸਾਡਾ,ਕਰਦਾ ਘਾਲੇ਼ *ਮਾਲ਼ੇ*।

➿➿➿➿➿➿➿➿➿➿➿➿

ਸੂਲ਼ੀ ਟੰਗਕੇ ਮੌਤ ਨਾ ਦਿੰਦਾ,ਜਿੰਦ ਕੀਤੀ ਜਿਹਦੇ *ਹਵਾਲੇ*,

ਪਾ ਕੇ ਘੁੰਮਣ ਘੇਰੀ ਦੇ ਵਿੱਚ ਛੱਡ ਗਿਆ ਅੱਧ *ਵਿਚਾਲੇ*।

➿➿➿➿➿➿➿➿➿➿➿➿

ਕੰਨੀ ਮੁੰਦਰਾਂ ਹੱਥੀਂ ਕਾਸਾ ਅਸੀਂ ਹੋ ਗਏ ਆ *ਮਤਵਾਲੇ*,

ਕਰਮਾਂ ਮਾਰਿਆਂ ਨੂੰ ਹੁਣ ਲੋਕੀ ਕਹਿੰਦੇ ਕਰਮਾਂ *ਵਾਲ਼ੇ*।

➿➿➿➿➿➿➿➿➿➿➿➿

ਹਰ ਵੇਲੇ ਉਹਨੂੰ ਸਜਦੇ ਕਰੀਏ ਜ਼ੁਬਾਨ ਨੂੰ ਲਾ ਕੇ *ਤਾਲੇ*,

ਮਿਲਦਾ ਨਈਂ ਬੇਦਰਦ ਕਿਤੇ ਦਿਲ ਥਾਂ ਥਾਂ ਉਹਨੂੰ *ਭਾਲ਼ੇ*।

➿➿➿➿➿➿➿➿➿➿➿➿

ਬੜਾ ਵਰਜਿਆ ਚਾਵਾਂ ਨੂੰ ਪਰ ਕਿਹੜਾ ਸੁਪਨੇ *ਟਾਲੇ*,

ਬੇਵਸ ਹੋਈ ਜਿੰਦ ਨਿਮਾਣੀ ਪੈ ਗਈ ਕਿਹੜੇ *ਚਾਲੇ*।

➿➿➿➿➿➿➿➿➿➿➿➿

ਖੂਨ ਸਧਰਾਂ ਦਾ ਇੰਨਾ ਚੋਇਆ ਭਰ ਗਏ ਨਦੀਆਂ *ਨਾਲੇ*,

ਅੰਮ੍ਰਿਤ ਦੇ ਹੱਕਦਾਰਾਂ ਨੂੰ ਉਹ ਦੇ ਗਿਆ ਜ਼ਹਿਰ *ਪਿਆਲੇ*। 

➿➿➿➿➿➿➿➿➿➿➿➿

ਕਿੱਥੋਂ ਮੋੜ ਲਿਆਈਏ *ਭੱਟੀ* ਜੋ ਪਲ ਗਏ ਨੇ *ਗਾਲੇ*, 

ਕਿੰਝ ਸਮਝਾਵਾਂ ਚੰਦਰੇ ਦਿਲ ਨੂੰ ਜੋ ਨਿੱਤ ਉਮੀਦਾਂ *ਪਾਲੇ*।

➿➿➿➿➿➿➿➿➿➿➿➿

 

                                                        *ਸ਼ਇਰ ਭੱਟੀ*

*ਤੇਰੀ ਖਾਤਰ*.....

 

ਜਿਸਦੀ  ਜ਼ਿੰਦਗੀ ਚਲ ਰਹੀ ਤੇਰੇ *ਸਹਾਰੇ* 'ਤੇ।

ਭੋਰਾ ਤਰਸ ਤਾਂ ਕਰਿਆ ਕਰ ਉਸ *ਵਿਚਾਰੇ* 'ਤੇ।

 

ਪੋਟਾ ਪੋਟਾ ਹੋਣ ਲਈ ਜੋ ਤਿਆਰ ਤੇਰੀ ਖਾਤਰ,

ਉਹਦੀ ਧੌਣ ਕਾਹਤੋਂ ਰੱਖਦਾਂ ਨਿਤ ਤੂੰ *ਆਰੇ* 'ਤੇ।

 

ਭੁੱਲ ਕੇ ਵੀ ਸੱਜਣ ਦੀ ਪਿੱਠ 'ਤੇ ਵਾਰ ਨਾ ਕਰੀੲੇ 

ਹੋ ਜਾਂਦੇ ਕੁਰਬਾਨ ਸੱਜਣ ਬਸ ਇੱਕ *ਇਸ਼ਾਰੇ* 'ਤੇ।

 

ਉਹਦੀ ਰਿਆਸਤ ੳੁੱਤੇ ਜਦ ਤੇਰਾ ਹੀ ਕਬਜ਼ਾ ਹੈ,

ਫਿਰ ਕਿੳੁਂ ਮਾਰੇਂ ਪੱਥਰ ਉਹਦੇ ਮਹਿਲ *ਉਸਾਰੇ* 'ਤੇ।

 

ਸੁਣ ਜਿਹਨੂੰ ਅਾਪਣਾ ਕਹੀਏ ਕਦੇ ਵੀ ਭੰਡੀੲੇ ਨਾ,

ਲੋਕ ਤਾਂ ਜਾਨ ਤੱਕ ਦੇ ਦਿੰਦੇ ਨੇ ਜਾਨੋ *ਪਿਆਰੇ* 'ਤੇ।

 

ਭਰਮ 'ਚ ਸਹੀ ਅਾਪਾਂ ਜ਼ਿੰਦਗੀ ਕਟ ਲੈਣੀ ਸੀ ,

ਕਰਦਾ ਕੌਣ ਯਕੀਨ ੲੇਥੇ ਟੁੱਟਦੇ ਹੋੲੇ *ਤਾਰੇ* 'ਤੇ। 

 

ਹਮਸਫ਼ਰ ਦੇ ਵਾਂਗ ਜਿਹਦੇ ਨਾਲ ਸਫ਼ਰ ਹੋਵੇ ਕੀਤਾ,

ਡੋਬੀਂ ਦਾ ਨਹੀ ਕਦੇ ਵੀ *ਭੱਟੀ* ਲਿਆ *ਕਿਨਾਰੇ* 'ਤੇ ।

 

                                               *ਸ਼ਇਰ ਭੱਟੀ*

*ਖਾਰ*

 

ਉਹ ਪੱਤਝੜ ਯਾਰੋ ਬਣ ਜਾਦੇ,

ਜਦੋਂ ਵੀ ਅਸੀਂ ਹਾਂ *ਬਹਾਰ* ਬਣੇ।

 

ਉਹ ਨਫ਼ਰਤ ਦੇ ਨਾਲ ਭਰ ਜਾਂਦੇ,

ਜਦੋਂ ਵੀ ਅਸੀਂ ਹਾਂ *ਪਿਆਰ* ਬਣੇ।

 

ਰਸਤਾ ਬਣੇ ਉਨ੍ਹਾਂ ਦੀ ਮੰਜ਼ਿਲ ਦਾ,

ਤੇ ਉਹ ਸਾਡੇ ਲਈ *ਦੀਵਾਰ* ਬਣੇ।

 

ਹੋਰਾਂ ਖ਼ਾਤਿਰ ਢਾਲ਼ ਬਣੇ ਜੋ,

ਸਾਡੇ ਤੇ ਉਹ ਅੱਜ *ਵਾਰ* ਬਣੇ।

 

ਨਿੱਤ ਸੂਰਜ ਵਾਂਗੂੰ ਉਹ ਭਖਦੇ ਨੇ,

ਅਸੀਂ ਜਦੋਂ ਵੀ ਠੰਡੇ *ਠਾਰ* ਬਣੇ।

 

ਜਿੱਥੇ ਇਸ਼ਕ ਪੈਰਾਂ 'ਚ ਰੁਲ਼ਦਾ ਹੈ,

ਉਹ ਇਹੋ ਜਿਹਾ *ਬਜ਼ਾਰ* ਬਣੇ।

 

ਖੋਹ ਕੇ ਰੌਣਕ ਸਾਡੇ ਮੁੱਖ ਉਤੋਂ,

ਨਿੱਤ ਹੋਰਾਂ ਦਾ *ਨਿਖ਼ਾਰ* ਬਣੇ।

 

ਵੰਡਣ ਖੁਸ਼ਬੂ ਹੋਰਾਂ ਨੂੰ ਫੁੱਲ ਬਣਕੇ, 

ਬਸ ਸਾਡੇ ਲਈ ਹੀ *ਖਾਰ* ਬਣੇ।

 

ਹੋਏ ਝੂਠੇ ਸਾਬਿਤ ਸਾਡੇ ਲਈ,   

ਤੇ ਦੂਜਿਆਂ ਦਾ *ਇਤਬਾਰ* ਬਣੇ।

 

ਕੀ ਭਾਅ ਵਿਕਦੀ ਲਗ ਪਤਾ ਜਾਊ,

ਜਦੋਂ ਸ਼ਿਕਾਰੀ ਖੁਦ *ਸ਼ਿਕਾਰ* ਬਣੇ ।

 

ਫ਼ਲਸਫ਼ੇ *ਭੱਟੀ* ਮੁਹੱਬਤਾਂ ਵਾਲੇ,

ਉਹਦੀ ਨਜ਼ਰ 'ਚ *ਕਾਰੋਬਾਰ* ਬਣੇ।

 

                          *ਸ਼ਇਰ ਭੱਟੀ*

*ਅਕਲਾਂ ਵਾਲੀ ਦਾੜ*...

 

ਚਾਰੇ ਪਾਸੇ ਜਦੋਂ *ਉਜਾੜ* ।

ਦੁਨੀਆਂ ਜਾਪੇ ਦੁੱਖ *ਪਹਾੜ*।

 

ਝਾੜ ਭਲਾ ਫਿਰ ਕੀ ਮਿਲਣਾ

ਖੇਤਾਂ ਨੂੰ ਖਾ ਗੲੀ *ਵਾੜ* ।

 

ਗਰਦ ਖੂਨ ਖ਼ਰਾਬੇ ਦੀ, 

ਅਸਮਾਨੀ ਦਿੱਤੀ *ਚਾੜ੍ਹ* ।

 

ਕਿਸਾਨ ਤਾਂ ਵੀ ਗਰੀਬ,

ਚੰਗਾ ਭਾਂਵੇ ਨਿਕਲੇ *ਝਾੜ* ।

 

ਬੋਲਾਂ ਅੰਦਰ ਨੇੜਤਾ,

ਦਿਲ ਵਿੱਚ ਹੈ ਪਰ *ਪਾੜ* ।

 

ਹੀਰਾਂ ਨੇ ਵਿਚ ਖ਼ੌਫ਼ ਦੇ,

ਕਿਉਂਕਿ ਰਾਂਝੇ  ਦਿੰਦੇ *ਸਾੜ* ।

 

ਖੁਦਾ ਬੜੇ ਮੁਲਕ ਅੰਦਰ,

ਹੋਈ ਖ਼ਲਕਤ ਹੈ ਸੌ *ਫਾੜ*।

 

ਪਖੰਡੀ ਇਜ਼ਤਾਂ ਲੁੱਟਦੇ,

ਲੈ ਖ਼ੁਦਾ ਦੀ *ਆੜ੍ਹ* ।

 

ਕਦੋ ਬੇਅਕਲਾਂ ਦੀ ਉੱਗੇਗੀ,

"ਭੱਟੀ" ਅਕਲਾਂ ਵਾਲੀ *ਦਾੜ੍ਹ* ।

 

                    *ਸ਼ਇਰ ਭੱਟੀ*

*ਸੁਨੇਹੇ* 

 

ਮੌਤ ਦਿਨ ਰਾਤ ਸੁਨੇਹੇ ਹੀ *ਘੱਲ* ਰਹੀ ਏ।

ਸੁਫ਼ਨੇ ਪੂਰੇ ਨੲੀਂ ਹੋਏ ਉਮਰ *ਢਲ਼* ਰਹੀ ਏ।

 

ਪਤਾ ਨਹੀਂ ਹੋਰ ਕਿੰਨੀਆਂ ਜਾਨਾਂ ਜਾਣਗੀਆਂ,

ਹੱਦਾਂ ਤੇ ਬੇਰੋਕ ਕਾਰਵਾਈ *ਚਲ* ਰਹੀ ਏ।

 

ਖ਼ਤਮ ਹੋਣ ਤੋਂ ਪਹਿਲਾਂ ਮੈਨੂੰ ਸੰਭਾਲ਼ ਲਵੋ, 

ਦੁਹਾਈ ਇਹੀ *ਮਾਂ ਬੋਲੀ* ਦੇ ਹਰ *ਪਲ਼* ਰਹੀ ਏ।

 

ਹੈ ਕੋਨਾ ਕੋਨਾ ਭੁਚਾਲ ਦੀ ਲਪੇਟ ਵਿੱਚ, 

ਚਾਰੇ ਦਿਸ਼ਾਵਾਂ 'ਚ ਹੀ ਹੋ *ਹਲਚਲ* ਰਹੀ ਏ ।

 

ਫੇਰ ਕਿਸੇ ਘਰ 'ਚ ਹਨੇਰ ਛਾਇਆ ਏ,

ਲਾਟ ਮੜ੍ਹੀ ਦੇ ਦੀਵੇ ਦੀ ਫਿਰ *ਬਲ਼* ਰਹੀ ਏ।

 

ਗਰੀਬ ਚਾਹੁਣ ਤੇ ਵੀ ਕਦੇ ਜਿੱਤਦਾ ਨਹੀਂ,

ਬਾਜ਼ੀ ਹਮੇਸ਼ਾ ਹੀ ਅਮੀਰਾਂ ਦੇ *ਵੱਲ* ਰਹੀ ਏ।

 

ਹਵਾ ਅੰਦਰ ਮੈਂ,ਮੈਂ,ਦੀ ਦੀ ਅਵਾਜ ਗੂੰਜੇ,

ਮਨੁੱਖੀ ਬਿਰਤੀ ਕਿੰਝ ਦੁਨੀਆਂ *ਛਲ* ਰਹੀ ਏ!

 

ਜੋ ਦਿਲ 'ਚ ਆਏ *ਭੱਟੀ* ਮੂੰਹ ਤੇ ਬੋਲ ਦਿੰਦਾ, 

ਕੀ ਪਤਾ ਕਿਹੜੀ ਗੱਲ ਕਿਸਨੂੰ *ਖਲ* ਰਹੀ ਏ?

 

                                       *ਸ਼ਇਰ ਭੱਟੀ*

*ਭਰਮ*

 

ਫਲ ਮਿਹਨਤ ਦਾ ਮਿਲੇਗਾ ਇੱਕ ਦਿਨ ਜ਼ਰੂਰ ਉਸਨੂੰ,

ਰੁੱਖ ਵਾਂਗਰਾਂ ਹੀ ਜਿਸਨੇ *ਕਰਮ* ਪਾਲ਼ ਰੱਖਿਆ ਹੈ।

 

ਖੁਦ ਕਰਕੇ ਗਲਤੀ ਕਸੂਰ ਸਾਡੇ ਸਿਰ ਮੜ੍ਹ ਦਿੰਦਾ ਹੈ,  

ਅਸਾਂ ਨੇ ਸੱਜਣ ਬੜਾ *ਬੇਸ਼ਰਮ* ਪਾਲ਼ ਰੱਖਿਆ ਹੈ।

 

ਪੋਹ ਮਾਘ ਦੀਆ ਰਾਤਾਂ ਸਾਡਾ ਕੁਝ ਵਿਗਾੜ ਨਹੀਂ ਸਕਦੀਆਂ,

ਅਸੀਂ ਅਹਿਸਾਸ ਮਹਿਰਮ ਦਾ ਬੜਾ *ਗਰਮ* ਪਾਲ਼ ਰੱਖਿਆ ਹੈ।

 

ਰੋਗੀ ਤੋਂ ਅਰੋਗੀ ਕਰਨ ਲਈ ਪੈਸਾ ਵਸੂਲਣ ਮਨ ਚਾਹਿਆ,

ਵੇਖੋ ਦੇਸ਼ ਦੇ ਗੱਦਾਰਾਂ ਕੈਸਾ *ਜ਼ਰਮ* ਪਾਲ਼ ਰੱਖਿਆ ਹੈ।

 

ਕਿਤੇ ਪਰਦੇ 'ਚ ਨੇ ਅੱਖਾਂ ਵੀ ਤੇ ਕਿਤੇ ਬਿਨ ਵਸਤਰ ਨਾਚ,

ਏਥੇ ਵੱਖੋ ਵੱਖਰਾ ਹੀ ਲੋਕਾਂ ਨੇ *ਧਰਮ* ਪਾਲ਼ ਰੱਖਿਆ ਹੈ।

 

ਸਹਿਜਤਾ ਨਾਲ ਸਹਿ ਲੈਂਦਾ ਦਿਲਬਰ ਦੀ ਹਰ ਕਠੋਰਤਾ,

ਅਸੀਂ ਸੀਨੇ 'ਚ ਦਿਲ ਬੜਾ *ਨਰਮ* ਪਾਲ਼ ਰੱਖਿਆ ਹੈ।

 

ਗਲਾ ਕੱਟਣ ਵਾਲਾ ਇੱਕ ਦਿਨ ਗਲ਼ ਨਾਲ ਵੀ ਲਾਵੇ ਸ਼ਾਇਦ

*ਸ਼ਇਰ ਭੱਟੀ* ਨੇ ਕਿੰਨਾ ਵੱਡਾ *ਭਰਮ* ਪਾਲ਼ ਰੱਖਿਆ ਹੈ।

 

                                                     *ਸ਼ਇਰ ਭੱਟੀ*

ਸਿਰਜਣਾ....

 

ਇਕ ਜ਼ਿੰਦਗੀ,ਉਲਝਾ ਰੱਖੀ ਐ ਲੱਖਾਂ ਉਲਝਣਾਂ ਨੇ।

ਇਕ ਹੀ ਗੁਲਾਬ ਨਾਲ,ਕੱਡਿਆਂ ਦੀਆਂ ਦਰਜਨਾਂ ਨੇ।

 

ਦਿਲ ਅਣਗਿਣਤ ਤਕਲੀਫਾਂ ਹੈ ਸਹਿਣ ਕਰਦਾ,

ਕਿਉਂਕਿ ਮਨੁੱਖ ਪਾਲ਼ੇ ਸੁਪਨੇ,ਜਿੰਨੀਆਂ ਧੜਕਣਾ ਨੇ।

 

ਲਾਲਚ ਕਰਾ ਰਿਹਾ,ਬੇਰੋਕ ਕਤਲ ਦੀਆਂ ਸਾਜ਼ਿਸ਼ਾਂ,

ਤਾਹੀਂ ਖੰਜ਼ਰ ਦੀ ਨੋਕ ਤੇ ਅਣਗਿਣਤ ਗਰਦਨਾ ਨੇ।

 

ਮੰਜ਼ਿਲਾਂ ਸਰ ਕਰਦੇ ਬੇਈਮਾਨ ਚਲਾਕੀਆਂ ਨਾਲ, 

ਨੇਕੀ ਦੀ ਰਾਹ ਵਿੱਚ ਰੌੜੇ ਤੇ ਲੱਖਾ ਹੀ ਭਟਕਣਾ ਨੇ।

 

ਮਾਂ ਦੀਆਂ ਬਾਹਵਾਂ ਵਿਚ ਜਦੋਂ ਜਵਾਨ ਪੁੱਤ ਦੀ ਲਾਸ਼ ਹੋਵੇ,

ਇੰਝ ਹੁੰਦੀ ਹਾਲਤ ਦਿਲ ਦੀ ਜਿਵੇਂ ਸਮੁੰਦਰੀ ਹਲਚਲਾਂ ਨੇ।

 

ਪਾਪੀਓ ਕੋਈ ਚੰਦ ਵਰਗਾਂ ਪੁੰਨ ਵੀ ਕਮਾ ਲਿਆ ਕਰੋ,

ਕਰ ਰਹੇ ਹੋ ਗੁਨਾਹ ਜਿਵੇਂ ਤਾਰਿਆਂ ਦੀਆ ਸਹਿਬਰਾਂ ਨੇ।

 

ਕੁਦਰਤੀ ਸੋਮਿਆਂ ਦਾ ਦਿਨ ਰਾਤ ਹੀ ਵਿਨਾਸ਼ ਰਿਹਾ,

*ਭੱਟੀ* ਘੱਟ ਰਹੇ ਨੇ ਜੰਗਲ,ਵੱਧ ਰਹੀਆਂ ਉਲਝਣਾਂ ਨੇ।

 

ਪਲ ਕੈਦ ਕਰਨ *ਸ਼ਾਇਰ* ਅੱਖਰਾਂ ਦੀ ਜਾਦੂਗਰੀ ਨਾਲ, 

ਕਲ਼ਮ ਗਵਾਹ ਹੈ ਇਸ ਗੱਲ ਦੀ ਬੇਗਿਣਤ ਸਿਰਜਣਾ ਨੇ।

 

 

                                                     *ਸ਼ਾਇਰ ਭੱਟੀ*

ਮਿਆਰ....

 

ਉਹ ਦੂਜਿਆਂ ਦੀ ਜ਼ਿੰਦਗੀ ਸੰਵਾਰਦਾ ਰਿਹਾ ।

ਕੰਡੇ ਸਾਡਿਆਂ, ਰਾਹਾਂ 'ਚ ਖਿਲਾਰਦਾ ਰਿਹਾ ।

 

ਕੀ ਜਾਣੇ ਹਰ ਥਾਂ 'ਤੇ ਬੰਦਸ਼ਾਂ ਲਾਉਣ ਵਾਲਾ,

ਸਾਡੀ ਨਜ਼ਰ 'ਚ ਮੁੱਲ ਕੀ ਪਿਆਰ ਦਾ ਰਿਹਾ ।

 

ਕਿਵੇਂ ਬਣਦਾ ਨਾ ਪਿਅਾਰ ਦਾ ਮਜ਼ਾਕ ਦੋਸਤੋ!

ਰਕੀਬਾਂ ਦੇ ਖੰਜਰ ਸਾਡੇ ਸੀਨੇ ਉਤਾਰਦਾ ਰਿਹਾ ।

 

ਸਾਡੇ  ਦਿਲ ਦੇ ਲਹੂ ਨੂੰ ਬਣਾ ਕੇ ਵਟਣਾ , 

ਹੁਸਨ ਆਪਣੇ ਨੂੰ ਹੋਰ ਸੀ ਨਿਖਾਰਦਾ ਰਿਹਾ।

 

ਵਫ਼ਾ ਆਸ਼ਕਾਂ ਦੇ ਖੂਨ ਵਿਚ ਲੁਕੀ  ਹੁੰਦੀ ਐ,

ਸਾਰੀ ਉਮਰ ਐਵੇਂ ਪਾਣੀ ਨੂੰ ਨਿਤਾਰਦਾ ਰਿਹਾ।

 

ਸਾਰੀ ਜ਼ਿੰਦਗੀ ਲਗਾ ਦਿੱਤੀ ਅਸੀਂ ਉਹਦੇ ਲੇਖੇ,

ਕੁਝ ਪਲ ਦੇ ਕੇ ਸਾਨੂੰ ਉਹ ਚਿਤਾਰਦਾ ਰਿਹਾ ।

 

ਸਾਡੀ ਕਦੇ ਵੀ ਨਾ ਮੰਨੀ ਖਿਸਕਾਈ ਸਦਾ ਕੰਨੀ, 

ਉਹ ਵਿਰੋਧੀਆਂ ਦੀ ਸੋਚ ਨੂੰ ਵਿਚਾਰਦਾ ਰਿਹਾ ।

 

"ਭੱਟੀ" ਅਸੀ ਉਸਦੇ ਮਿਆਰ ਦੇ ‌ਬਣ ਨਾ ਸਕੇ, 

'ਤੇ ਉਹ ਵੀ ਹੁਣ ਸਾਡੇ ਨਈਂ ਮਿਆਰ ਦਾ ਰਿਹਾ।

 

                                          ਸ਼ਇਰ ਭੱਟੀ

*ਰੁਤਬਾ*......

 

ਇਹੋ ਜਿਹੀ ਉਮੀਦ ਨਹੀਂ ਸੀ ਸਾਨੂੰ ਸੱਚੇ ਪਿਆਰਾਂ ਤੋਂ

*ਧੋਖੇਬਾਜ਼ੀ ਦਾ ਰੁਤਬਾ ਮਿਲਿਆ ਹੈ ਸਾਨੂੰ ਯਾਰਾਂ ਤੋਂ*,

 

ਕੀਤੇ ਉਸਦੇ ਸੰਗ ਸੀ ਜਿਹੜੇ ਸਾਰੇ ਬੋਲ ਪੁਗਾ ਦਿੱਤੇ,

ਰੂਹ ਭੋਰਾ ਵੀ ਕਦੇ ਮੁਕਰੀ ਨਾ ਕੀਤੇ ਕੌਲ ਕਰਾਰਾਂ ਤੋਂ,

 

ਚੁੱਪ ਕਰਕੇ ਹੀ ਦੁਨੀਆਂ ਦੇ ਹੁਣ ਤਾਹਨੇ ਮਿਹਣੇ ਸਹਿੰਦੇ ਹਾਂ,

ਹੁਣ ਕਿਸੇ ਨਾਲ ਲੜ ਅਸੀਂ ਕੀ ਲੈਣਾ ਤਕਰਾਰਾਂ ਤੋਂ,

 

ਫਸ ਗਏ ਓਥੇ ਜਿੱਥੋਂ ਬਚਣਾ ਮੁਸ਼ਕਿਲ ਲਗਦਾ ਹੈ,

ਦਿਲ ਚੰਦਰਾਂ ਅਣਜਾਣ ਨਹੀਂ ਸੱਚੇ ਇਸ਼ਕ ਦੀਆਂ ਮਾਰਾਂ ਤੋਂ।

 

ਜਿਉਂਦੇ ਜੀ ਅਸੀਂ ਯਾਰੋਂ ਪੱਥਰ ਬਣ ਕੇ ਰਹਿ ਗਏ ਆਂ,

ਅੱਕ ਗਿਆ ਹੈ ਦਿਲ ਸਾਡਾ ਹੁਣ ਜਿੱਤਾਂ ਤੇ ਹਾਰਾਂ ਤੋਂ।

 

ਸੁਣਿਆ ਬਹੁਤ ਹੀ ਹੋ ਗਏ ਨੇ ਮਹਿਰਮ ਉਹਦੇ ਦਿਲ ਵਾਲੇ, 

ਉਹਦੀ ਨਜ਼ਰ 'ਚ ਯਾਰ ਤੇ ਸਸਤੇ ਮਿਲਦੇ ਨੇ ਬਜਾਰਾਂ ਤੋਂ।

 

ਹੱਦ ਤੋਂ ਵਧਕੇ ਉਹ ਸਾਡੇ ਨਾਲ ਨਫ਼ਰਤ ਲੋਕੋ ਕਰਦੇ ਨੇ,

ਪਿਆਰ ਹਾਂ ਲੱਭਦੇ ਰਹਿੰਦੇ ਫਿਰ ਵੀ ਅਸੀਂ ਉਹਦੀਆਂ ਖਾਰਾਂ ਤੋਂ।

 

*ਭੱਟੀ* ਉਸ ਵੇਲੇ ਖੁਸ਼ੀ 'ਚ ਉਨ੍ਹੇ ਮਹਿਫਲਾਂ ਖੂਬ ਸਜਾਉਣੀਆਂ ਨੇ,

ਵਿਛੜ ਗਿਆ ਜਦੋਂ ਇਕ ਪੰਛੀ ਉਡਦਾ ਹੋਇਆ ਡਾਰਾਂ ਤੋਂ।

 

ਵਿਛੜ ਗਿਆ ਜਦੋਂ ਇਕ ਪੰਛੀ ਉਡਦਾ ਹੋਇਆ ਡਾਰਾਂ ਤੋਂ।

 

                                                          *ਸ਼ਇਰ ਭੱਟੀ*

ਓਹ  ........

 

ਓਹ ਵੀ ਹੁਣ ਓਹ ਨਹੀਂ ਰਿਹਾ, 

ਸਾਡੇ ਚਿਹਰੇ ਤੇ ਗਲੋ ਨਹੀਂ ਰਿਹਾ ।

 

ਹੋਣ ਨੂੰ ਤਾਂ ਦੁਨੀਆਂ 'ਤੇ ਬਹੁਤ ਕੁਝ ਹੋ ਰਿਹਾ, 

ਪਰ ਜੋ ਹੋਣਾ ਚਾਹੀਦਾ ਉਹ ਹੋ ਨਹੀਂ ਰਿਹਾ ।

 

ਖ਼ਤਮ ਕਰਤੀ ਇਨਸਾਨੀਅਤ ਸਿਆਸਤਦਾਨਾਂ ਨੇ, 

ਪੁੱਤ, ਪੁੱਤ ਨਈਂ ਰਿਹਾ,ਪਿਓ ਪਿਓ ਨਹੀਂ ਰਿਹਾ ।

 

ਇਕ ਵਾਰ ਲੱਗ ਜਾਣ ਫੇਰ ਕਿੱਥੇ ਮਿਟਦੇ ਨੇ, 

ਦਾਗ ਗੁਨਾਹਾਂ ਦੇ ੲੇਥੇ ਕੋਈ ਧੋ ਨਹੀਂ ਰਿਹਾ।

 

ਮਿਹਨਤੀ ਹੱਥਾਂ ਨੇ ਆਫਤਾਂ ਤੋਂ ਬਚਾਇਆ ਘਰ ਨੂੰ, 

ਇਹ ਨਾ ਸਮਝਿਓ ਕਿ ਕੋਠਾ ਚੋ ਨਹੀਂ ਰਿਹਾ ।

 

ਬੇਗਾਨੇ ਖੜ੍ਹੇ ਨੇ ਹਮੇਸ਼ਾ ਹੀ ਮੇਰੇ ਪੱਖ ਵਿੱਚ, 

ਜੀਹਨੂੰ ਖਲੋਣਾ ਚਾਹੀਦਾ ਸੀ ਖਲੋ ਨਹੀਂ ਰਿਹਾ ।

 

ਹਨੇਰਾ ਪਸਰਿਆ ਚਾਰੇ ਦਿਸ਼ਾਵਾਂ ਵਿੱਚ, 

ਬਲ਼ਦਾ ਦੀਵਾ ਵੀ ਦੇ ਲੋ ਨਹੀਂ ਰਿਹਾ ।

 

ਕਰਾਮਾਤ! ਸੁਪਨੇ 'ਚ ਵੇਖੀ ਆਪਣੇ ਜਨਾਜ਼ੇ ਤੇ ,

ਵੇਖ ਕੇ ਮੈਨੂੰ ਅੱਜ ,ਉਹ ਬੂਹਾ ਢੋਹ ਨਹੀਂ ਰਿਹਾ ।

 

ਜ਼ਿੰਦਗੀ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ, 

ਬੱਸ ਹਿੰਮਤ ਹੈ  'ਭੱਟੀ' ਦੀ,ਰੋ ਨਹੀਂ ਰਿਹਾ ।

 

                                   ਸ਼ਾਇਰ ਭੱਟੀ---98729-89193