ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜਨਤਕ ਥਾਵਾਂ ‘ਤੇ ਮਾਸਕ ਨਾ ਪਹਿਨਣ ’ਤੇ ਸਖਤ ਕਾਰਵਾਈ ਹੋਵੇਗੀ: ਐਸ.ਐਮ.ਓ ਡਾ. ਨਵੀਨ ਖੁੰਗਰ
Sun 19 Apr, 2020 0ਪਿੰਡਾਂ ਦੀ ਪੰਚਾਇਤਾਂ ਲੋਕਾਂ ਦੇ ਘਰੋਂ ਬਾਹਰ ਨਿਕਲਣ ਵੇਲੇ ਮੂੰਹ ਤੇ ਮਾਸਕ ਪਾਉਣਾ ਬਣਾਉਣ ਲਾਜ਼ਮੀ, ਐਸ.ਐਮ.ਓ ਡਾ. ਖੁੰਗਰ ਦੀ ਬਲਾਕ ਦੀਆਂ ਸਮੂਹ ਆਸ਼ਾ ਵਰਕਰਾਂ ਨੂੰ ਬਤੋਰ ਮੈਂਬਰ ਸੈਕਟਰੀ, ਪੇਂਡੂ ਸਿਹਤ ਸਫਾਈ ਅਤੇ ਖੁਰਾਕ ਕਮੇਟੀਆਂ ਵਜੋਂ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਪਿੰਡ ਪੱਧਰ ਤੱਕ ਲਾਗੂ ਕਰਵਾਉਣ ਦੀ ਕੀਤੀ ਹਿਦਾਇਤ |
ਰਾਕੇਸ਼ ਬਾਵਾ / ਪਰਮਿੰਦਰ ਚੋਹਲਾ
ਮੀਆਂਵਿੰਡ, 19 ਅਪ੍ਰੈਲ 2020
ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਜਨਤਕ ਥਾਵਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਇਸ ਸਬੰਧ ਵਿਚ ਸਿਹਤ ਵਿਭਾਗ ਵੱਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ.ਨਵੀਨ ਖੁੰਗਰ ਨੇ ਦੱਸਿਆ ਕਿ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਆਦੇਸ਼ ਜਾਰੀ ਕੀਤੇ ਹਨ ਕਿ ਕੋਵਿਡ-19 ਦੀ ਇਸ ਖਤਰਨਾਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਈ ਵੀ ਨਾਗਰਿਕ ਘਰ ਤੋਂ ਬਾਹਰ ਨਿਕਲਣ ਲੱਗਿਆ ਮਾਸਕ ਦੀ ਵਰਤੋਂ ਜ਼ਰੂਰ ਕਰੇ ਅਤੇ ਇਨਾਂ ਹੁਕਮਾਂ ਨੂੰ ਲਾਗੂ ਕਰਨ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਨ੍ਹਾਂ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਪੁਲਿਸ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਜਿਹੜੇ ਵਿਅਕਤੀ ਜਨਤਕ ਸਥਾਨਾਂ ਉਤੇ ਬਿਨਾਂ ਮਾਸਕ (ਚਾਹੇ ਘਰ ਬਣਾਇਆ ਹੋਵੇ ਜਾਂ ਹੋਰ ਹੋਵੇ) ਤੋਂ ਬਿਨਾਂ ਦੇਖਿਆ ਜਾਵੇ, ਉਸ ਦਾ ਮਹਾਮਾਰੀ ਕਾਨੂੰਨ ਦੀ ਧਾਰਾਵਾਂ ਅਨੁਸਾਰ ਚਲਾਨ ਕੱਟਿਆ ਜਾਵੇ।ਉਨਾਂ ਜਨਤਕ ਤੌਰ `ਤੇ ਮਾਸਕ ਪਹਿਣਨ ਦੇ ਹੁਕਮਾਂ ਦੀ 100 ਫੀਸਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ।
ਡਾ ਨਵੀਨ ਖੁੰਗਰ ਨੇ ਦੱਸਿਆ ਕਿ ਐਪੀਡੈਮਿਕ ਡਿਜ਼ੀਜ਼ ਐਕਟ 1897 ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਰੈਗੂਲੇਸ਼ਨ ਦੇ ਰੂਲ 12 ਦੀ ਵਰਤੋਂ ਕਰਦੇ ਹੋਏ ਮਿਤੀ 5.3.2020 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਿਹਤ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਜੋ ਵਿਅਕਤੀ ਹਸਪਤਾਲਾਂ ਅਤੇ ਹੋਰ ਦਫ਼ਤਰਾਂ, ਉਦਯੋਗਾਂ ਜਾਂ ਹੋਰ ਥਾਵਾਂ ‘ਤੇ ਕੰਮ ਕਰਦੇ ਹਨ, ਤੋਂ ਇਲਾਵਾ ਆਪਣੇ ਸਾਧਨ ‘ਤੇ ਸਫਰ ਕਰਦੇ ਹੋਏ ਵੀ ਮਾਸਕ ਨੂੰ ਪਹਿਨਣਗੇ।ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਖੁੰਗਰ ਨੇ ਇਲਾਕਾ ਨਿਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਨਿਯਮ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਲਈ ਵੀ ਕਿਹਾ। ਉਹਨਾਂ ਵਿਸ਼ਵਾਸ ਦਵਾਇਆ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਰੂ ਵਾਇਰਸ ਨਾਲ ਲੜਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਘਰਾਂ ਵਿਚ ਰਹਿ ਕੇ ਅਤੇ ਇਸ ਦੀ ਲੜੀ ਨੂੰ ਤੋੜ ਕੇ ਇਸ ਵਾਇਰਸ ਵਿਰੁਧ ਜੰਗ ਜਿਤੀ ਜਾ ਸਕਦੀ ਹੈ ਜੋ ਇਕ ਇਸ ਦਾ ਇਕ ਮਾਤਰ ਸਾਧਨ ਹੈ।ਜ਼ਿਕਰਯੋਗ ਹੈ ਕਿ ਇਕ ਕਾਨੂੰਗੋ ਅਤੇ ਏ.ਸੀ.ਪੀ. ਦੀ ਹੋਈ ਮੌਤ ਦੀ ਰੌਸ਼ਨੀ ਵਿੱਚ ਪੰਜਾਬ ਸਰਕਾਰ ਵਲੋਂ ਕੋਵਿਡ-19 ਖਿਲਾਫ ਮੂਹਰਲੀ ਕਤਾਰ ਵਿੱਚ ਡਟੇ ਮੁਲਾਜ਼ਮਾਂ ਜਿਨਾਂ ਵਿੱਚ ਸਿਹਤ, ਖੇਤੀਬਾੜੀ, ਪੁਲਿਸ ਤੇ ਮਾਲ ਵਿਭਾਗ ਦਾ ਸਟਾਫ ਸ਼ਾਮਲ ਹੈ, ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਸਖਤ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਡਾ. ਵਿਪਨ ਭਾਟੀਆ, ਡਾ. ਗੁਰਬਿੰਦਰ ਸਿੰਘ, ਬਲਾਕ ਏਕ੍ਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ ਮੌਜੂਦ ਸਨ |
Comments (0)
Facebook Comments (0)