ਕਾਂਗਰਸ ਨੇ ਇਸ ਵਾਰ ਫਿਰ ਦਿੱਲੀ ਵਿਧਾਨ ਸਭਾ ਚੋਣਾਂ 2020 ਵਿਚ ਵੀ ਗਠਜੋੜ ਵਿਚ ਚੋਣਾਂ ਲੜਨ ਦਾ ਫੈਸਲਾ ਲਿਆ
Sat 18 Jan, 2020 0ਨਵੀਂ ਦਿੱਲੀ: ਮਹਾਰਾਸ਼ਟਰ ਅਤੇ ਝਾਰਖੰਡ ਵਿਚ ਚੋਣ ਨਤੀਜਿਆਂ ਤੋਂ ਸਬਕ ਲੈਂਦੇ ਹੋਏ ਕਾਂਗਰਸ ਨੇ ਇਸ ਵਾਰ ਫਿਰ ਦਿੱਲੀ ਵਿਧਾਨ ਸਭਾ ਚੋਣਾਂ 2020 ਵਿਚ ਵੀ ਗਠਜੋੜ ਵਿਚ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਇਹ ਗਠਜੋੜ ਰਾਸ਼ਟਰੀ ਜਨਤਾ ਦਲ ਦੇ ਨਾਲ ਕੀਤਾ ਜਾ ਰਿਹਾ ਹੈ। ਕਾਂਗਰਸ 66 ਸੀਟਾਂ 'ਤੇ ਚੋਣ ਲੜੇਗੀ ਜਦਕਿ ਰਾਸ਼ਟਰੀ ਜਨਤਾ ਦਲ 4 ਸੀਟਾਂ 'ਤੇ ਚੋਣ ਲੜੇਗੀ।
ਹਾਲਾਂਕਿ ਵੀਰਵਾਰ ਦੇਰ ਰਾਤ ਤੱਕ ਵੀ ਇਸ ਨੂੰ ਲੈ ਕੇ ਰਸਮੀਂ ਪੱਧਰ ਪੁਸ਼ਟੀ ਨਹੀਂ ਹੋ ਸਕੀ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਦੋਵੇਂ ਪਾਰਟੀਆਂ ਸੰਯੁਕਤ ਪ੍ਰੈੱਸ ਕਾਨਫਰੰਸ ਕਰਕੇ ਸਾਰੇ 70 ਉਮੀਦਵਾਰਾਂ ਦਾ ਐਲਾਨ ਕਰੇਗੀ। ਦਿੱਲੀ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਵੇਗਾ ਜਦੋਂ ਕਾਂਗਰਸ ਗਠਜੋੜ ਵਿਚ ਚੋਣ ਲੜੇਗੀ।
ਭਰੋਸੇਯੋਗ ਸਰੋਤਾਂ ਮੁਤਾਬਕ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਨਾਲ ਹੀ ਰਾਸ਼ਟਰੀ ਜਨਤਾ ਦਲ ਦੇ ਨਾਲ ਗਠਜੋੜ ਦਾ ਫੈਸਲਾ ਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰੀ ਜਨਤਾ ਦਲ ਨੇ 5 ਤੋਂ 10 ਸੀਟਾਂ ਦੀ ਮੰਗ ਰੱਖੀ ਹੈ ਜਦਕਿ ਕਾਂਗਰਸ ਨੇ 4 ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਇਹਨਾਂ ਸਾਰੀਆਂ ਸੀਟਾਂ 'ਤੇ ਪੂਰਵਾਂਚਲ ਦੇ ਵੋਟਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।
ਗੱਲਬਾਤ ਬਦਰਪੁਰ ਸੀਟ ਨੂੰ ਲੈ ਕੇ ਵੀ ਚੱਲ ਰਹੀ ਹੈ। ਸੂਤਰਾਂ ਅਨੁਸਾਰ ਕਾਂਗਰਸ ਨੇ ਵੀਰਵਾਰ ਦੇਰ ਰਾਤ ਤੱਕ 42 ਸੀਟਾਂ 'ਤੇ ਉਮੀਦਵਾਰ ਤੈਅ ਕਰ ਦਿੱਤੇ ਹਨ ਜਦਕਿ ਬਾਕੀ ਸੀਟਾਂ 'ਤੇ ਸ਼ੁੱਕਰਵਾਰ ਰਾਤ ਤੱਕ ਤੈਅ ਕੀਤੇ ਗਏ। ਰਾਸ਼ਟਰੀ ਜਨਤਾ ਦਲ ਨੇ ਅਪਣੇ ਉਮੀਦਵਾਰਾਂ ਦੇ ਨਾਂਅ ਤੈਅ ਕਰ ਦਿੱਤੇ ਹਨ। ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਮੰਨਿਆ ਕਿ ਰਾਸ਼ਟਰੀ ਜਨਤਾ ਦਲ ਦੇ ਨਾਲ ਸੀਟਾਂ ਦੀ ਵੰਡ 'ਤੇ ਗੱਲਬਾਤ ਚੱਲ ਰਹੀ ਹੈ।
ਉੱਥੇ ਹੀ ਪ੍ਰਦੇਸ਼ ਪ੍ਰਧਾਨ ਸੁਭਾਸ਼ ਚੋਪੜਾ ਨੇ ਸਿਰਫ ਇਹ ਕਿਹਾ ਕਿ ਕੋਈ ਵੀ ਅੰਤਿਮ ਫੈਸਲਾ ਨਹੀਂ ਹੋਇਆ ਹੈ। ਸਥਿਤੀ ਇਕ-ਦੋ ਦਿਨਾਂ ਵਿਚ ਸਪੱਸ਼ਟ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਅਪਣੀ ਚਰਮ-ਸੀਮਾ 'ਤੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ 57 ਉਮੀਦਵਾਰਾਂ ਦੀ ਸੂਚੀ ਸ਼ੁੱਕਰਵਾਰ ਨੂੰ ਜਾਰੀ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਵੀ ਦਿੱਲੀ ਦੀਆਂ ਕੁੱਲ 70 ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਦੱਸ ਦਈਏ ਕਿ ਦਿੱਲੀ ਦੀਆਂ ਸਾਰੀਆਂ 70 ਵਿਧਾਨ-ਸਭਾ ਸੀਟਾਂ ਲਈ 8 ਫਰਵਰੀ ਨੂੰ ਚੋਣਾਂ ਹੋਣਗੀਆਂ ਤੇ 11 ਫਰਵਰੀ ਨੂੰ ਨਤੀਜੇ ਐਲਾਨੇ ਜਾਣਗੇ।
Comments (0)
Facebook Comments (0)