ਪ੍ਰੀ-ਪ੍ਰਾਇਮਰੀ ਜਮਾਤਾਂ ਸਬੰਧੀ ਸਿੱਖਿਆ ਅਧਿਕਾਰੀਆਂ ਦੀ 27 ਤੋਂ 29 ਜੂਨ ਤੱਕ ਸਿਖਲਾਈ ਵਰਕਸ਼ਾਪ

ਪ੍ਰੀ-ਪ੍ਰਾਇਮਰੀ ਜਮਾਤਾਂ ਸਬੰਧੀ ਸਿੱਖਿਆ ਅਧਿਕਾਰੀਆਂ ਦੀ  27 ਤੋਂ 29 ਜੂਨ ਤੱਕ ਸਿਖਲਾਈ ਵਰਕਸ਼ਾਪ

ਐੱਸ.ਏ.ਐੱਸ. ਨਗਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ਵਿਭਾਗ ਵਲੋਂ ਸ਼ੁਰੂ ਕੀਤੀਆਂ ਗਈਆਂ ਪ੍ਰੀ-ਪ੍ਰਾਇਮਰੀ ਜਮਾਤਾਂ ਦਾ ਦੂਜਾ ਸਾਲ ਚੱਲ ਰਿਹਾ ਹੈ। ਤਿੰਨ ਤੋਂ ਛੇ ਸਾਲਾਂ ਦੇ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਗ੍ਰਹਿਣ ਕਰਨ ਲਈ ਤਿਆਰ ਕਰਨ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਯੋਜਨਾਬੰਦੀ ਤਿਆਰ ਕਰਨ ਲਈ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਅਧਿਆਪਕਾਂ ਅਤੇ ਰਿਸੋਰਸ ਪਰਸਨਾਂ ਵਲੋਂ ਓਰੀਐਂਟੇਸ਼ਨ ਪ੍ਰੋਗਰਾਮ ਅਤੇ ਪਾਇਲਟ ਪ੍ਰੋਗਰਾਮ ਚਲਾਏ ਜਾ ਰਹੇ ਹਨ।

ਇਸ ਸਬੰਧੀ ਇੰਦਰਜੀਤ ਸਿੰਘ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ 27 ਤੋਂ 29 ਜੂਨ ਤੱਕ ਸਿੱਖਿਆ ਵਿਭਾਗ ਦੇ 19 ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ), 20 ਉਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ), 14 ਡਾਇਟ ਪ੍ਰਿੰਸੀਪਲਾਂ ਅਤੇ 148 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਤਿੰਨ ਦਿਨਾਂ ਸਿਖਲਾਈ ਵਰਕਸ਼ਾਪ ਦੀ ਸ਼ੁਰੂਆਤ ਮੌਕੇ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਸਮੂਹ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ।

ਉਹਨਾਂ ਕਿਹਾ ਕਿ ਇਸ ਸਬੰਧੀ ਸਮੂਹ ਅਧਿਕਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਪ੍ਰਤੀ ਸੁਹਿਰਦਤਾ ਨਾਲ ਧਿਆਨ ਦੇਣ ਦੀ ਹਦਾਇਤਾਂ ਦਿਤੀਆਂ ਅਤੇ ਇਸ ਸਬੰਧੀ ਵਿਭਾਗ ਵਲੋਂ ਦਿਤੀ ਜਾ ਰਹੀ ਸਿਖਲਾਈ ਨੂੰ ਧਿਆਨ ਨਾਲ ਸਮਝਣ ਬਾਰੇ ਕਿਹਾ। ਉਹਨਾਂ ਕਿਹਾ ਕਿ ਸਮੂਹ ਅਧਿਕਾਰੀ ਅਪਣੇ ਨਾਲ ਪ੍ਰੀ-ਪ੍ਰਾਇਮਰੀ ਕਿੱਟ ਜੋ ਕਿ ਪਹਿਲਾਂ ਹੀ ਉਪਲਬਧ ਕਰਵਾਈ ਜਾ ਚੁੱਕੀ ਹੈ ਨਾਲ ਲੈ ਕੇ ਆਏ ਹਨ ਅਤੇ ਇਸ ਵਰਕਸ਼ਾਪ ਦੌਰਾਨ ਪ੍ਰੀ-ਪ੍ਰਾਇਮਰੀ ਜਮਾਤਾਂ ਵਿਚ ਵਿਦਿਆਰਥੀਆਂ ਨੂੰ ਕਰਵਾਈਆਂ ਜਾਣ ਵਾਲੀਆਂ ਸਿੱਖਣ-ਸਿਖਾਉਣ ਸਬੰਧੀ ਖੇਡ ਕਿਰਿਆਵਾਂ ਦੀ ਜਾਣਕਾਰੀ ਸਟੇਟ ਰਿਸੋਰਸ ਗਰੁੱਪ ਵਲੋਂ ਦਿਤੀ ਜਾਵੇਗੀ।

ਸਿਖਲਾਈ ਵਰਕਸ਼ਾਪ ਦੇ ਪਹਿਲੇ ਦਿਨ ਸਹਾਇਕ ਡਾਇਰੈਕਟਰ ਟਰੇਨਿੰਗਾਂ ਡਾ. ਜਰਨੈਲ ਸਿੰਘ ਕਾਲੇਕੇ ਨੇ ਵੀ ਸਿੱਖਿਆ ਅਧਿਕਾਰੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਐਲੀਮੈਂਟਰੀ ਸਿੱਖਿਆ ਨੇ ਅਪਣੇ-ਅਪਣੇ ਜ਼ਿਲ੍ਹਿਆਂ ਅੰਦਰ ਚਲ ਰਹੀ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਆ ਰਹੇ ਚੰਗੇ ਨਤੀਜਿਆਂ ਸਬੰਧੀ ਵੀ ਵਿਚਾਰ ਸਾਂਝੇ ਕੀਤੇ।