ਮੱਤਦਾਨ ਸਮਾਪਤੀ ਤੋਂ 48 ਘੰਟੇ ਪਹਿਲਾਂ ਦੀਆਂ ਚੋਣ ਗਤੀਵਿਧੀਆਂ ਸਬੰਧੀ ਚੋਣ ਕਮਿਸ਼ਨ ਵੱਲੋਂ ਦਿਸ਼ਾ ਨਿਰਦੇਸ਼ ਜਾਰੀ

ਮੱਤਦਾਨ ਸਮਾਪਤੀ ਤੋਂ 48 ਘੰਟੇ ਪਹਿਲਾਂ ਦੀਆਂ ਚੋਣ ਗਤੀਵਿਧੀਆਂ ਸਬੰਧੀ ਚੋਣ ਕਮਿਸ਼ਨ ਵੱਲੋਂ ਦਿਸ਼ਾ ਨਿਰਦੇਸ਼ ਜਾਰੀ

ਤਰਨ ਤਾਰਨ, 15 ਮਈ 2019

ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ 19 ਮਈ 2019 ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਲਈ 17 ਮਈ ਨੂੰ ਸ਼ਾਮ 6 ਵਜੇ ਹਰ ਤਰ੍ਹਾਂ ਦਾ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਉਨਾਂ ਦੱਸਿਆ ਕਿ ਇੰਨ੍ਹਾਂ ਆਖਰੀ 48 ਘੰਟਿਆਂ ਦੀਆਂ ਚੋਣ ਗਤੀਵਿਧੀਆਂ ਸਬੰਧੀ ਚੋਣ ਕਮਿਸ਼ਨ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਸ ਲਈ ਸਾਰੀਆਂ ਸਬੰਧਤ ਧਿਰਾਂ ਇੰਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਯਕੀਨੀ ਬਣਾਉਣ ਅਤੇ ਜੋ ਕੋਈ ਵੀ ਇੰਨਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਕੋਈ ਵੀ ਉਮੀਦਵਾਰ, ਸਿਆਸੀ ਪਾਰਟੀ ਜਾਂ ਉਨਾਂ ਦੇ ਸਮਰੱਥਕ 17 ਮਈ ਸ਼ਾਮ 6 ਵਜੇ ਤੋਂ ਬਾਅਦ ਕੋਈ ਵੀ ਚੋਣ ਸਭਾ, ਰੈਲੀ, ਜਨਤਕ ਬੈਠਕ, ਜਲੂਸ, ਰੋਡ ਸ਼ੋਅ ਨਹੀਂ ਕਰ ਸਕਣਗੇ। ਇਸੇ ਤਰ੍ਹਾਂ ਉਹ ਸਿਨੇਮਾ, ਰੇਡੀਓ ਜਾਂ ਟੀ.ਵੀ. ਵਰਗੇ ਸਾਧਨਾਂ ਨਾਲ ਆਪਣੀ ਚੋਣ ਸਮੱਗਰੀ ਪ੍ਰਦਰਸ਼ਤ ਜਾਂ ਪ੍ਰਸਾਰਿਤ ਨਹੀਂ ਕਰ ਸਕਣਗੇ।

ਉਹਨਾਂ ਕਿਹਾ ਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਤੁਰੰਤ ਬਾਅਦ ਉਮੀਦਵਾਰਾਂ ਦੇ ਉਹ ਸਾਰੇ ਸਮਰੱਥਕ ਜੋ ਸਬੰਧਤ ਹਲਕੇ ਦੇ ਵੋਟਰ ਨਹੀਂ ਹਨ ਅਤੇ ਬਾਹਰੋਂ ਆਏ ਹਨ ਉਹ ਹਲਕਾ ਛੱਡ ਜਾਣ। ਇਹ ਹੁਕਮ ਲਾਗੂ ਕਰਵਾਉਣ ਲਈ ਪੁਲਿਸ ਵਿਭਾਗ ਨੂੰ ਵੀ ਹਦਾਇਤ ਕਰ ਦਿੱਤੀ ਗਈ ਹੈ ਕਿ ਹੋਟਲਾਂ, ਧਰਮਸ਼ਾਲਾਵਾਂ ਵਰਗੀਆਂ ਸਾਰੀਆਂ ਸੰਭਾਵਿਤ ਥਾਂਵਾਂ ਦੀ ਚੈਕਿੰਗ ਕੀਤੀ ਜਾਵੇ। 

ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਵਾਲੇ ਦਿਨ ਭਾਵ 19 ਮਈ ਅਤੇ ਉਸ ਤੋਂ 1 ਦਿਨ ਪਹਿਲਾਂ ਭਾਵ 18 ਮਈ 2019 ਨੂੰ ਪ੍ਰਿੰਟ ਮੀਡੀਆ ਵਿਚ ਅਜਿਹਾ ਕੋਈ ਸਿਆਸੀ ਇਸਤਿਹਾਰ ਨਹੀਂ ਛਪ ਸਕਦਾ ਹੈ, ਜਿਸਦੀ ਰਿਟਰਨਿੰਗ ਅਫ਼ਸਰ ਦੇ ਪੱਧਰ ‘ਤੇ ਬਣੀ ਐਮ. ਸੀ. ਐਮ. ਸੀ. ਤੋਂ ਪ੍ਰੀ ਸਰਟੀਫਿਕੇਸ਼ਨ ਨਾ ਕਰਵਾਈ ਗਈ ਹੋਵੇ। ਉਨਾਂ ਨੇ ਸਮੂਹ ਪ੍ਰਿੰਟ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਕੋਈ ਵੀ ਸਿਆਸੀ ਇਸ਼ਤਿਹਾਰ ਸਵਿਕਾਰ ਕਰਨ ਸਮੇਂ ਇਹ ਯਕੀਨੀ ਬਣਾ ਲੈਣ ਕੇ ਉਸ ਨਾਲ ਐਮ. ਸੀ. ਐਮ. ਸੀ. ਦੀ ਪ੍ਰੀ ਸਰਟੀਫਿਕੇਸ਼ਨ ਦਾ ਸਰਟੀਫਿਕੇਟ ਲੱਗਿਆ ਹੋਵੇ।