
ਜਾਨ ਦੀ ਬਾਜ਼ੀ ਲਗਾ ਕੇ CRPF ਦੇ ਜਵਾਨਾਂ ਨੇ ਬਚਾਈ ਲੜਕੀ ਦੀ ਜਾਨ
Tue 16 Jul, 2019 0
ਨਵੀਂ ਦਿੱਲੀ:
ਜੰਮੂ-ਕਸ਼ਮੀਰ ਦੇ ਬਾਰਾਮੁੱਲਾ ਵਿਚ ਨਦੀ ‘ਚ ਡੁੱਬ ਰਹੀ ਇਕ 14 ਸਾਲ ਦੀ ਲੜਕੀ ਨੂੰ ਸੀਆਰਪੀਐਫ ਦੇ ਦੋ ਜਵਾਨਾਂ ਨੇ ਅਪਣੀ ਜਾਨ ਦੀ ਬਾਜ਼ੀ ਲਗਾਉਂਦੇ ਹੋਏ ਬਚਾ ਲਿਆ। ਨਦੀ ਦੇ ਤੇਜ਼ ਵਹਾਅ ਵਿਚ ਵਹਿ ਰਹੀ ਲੜਕੀ ਨੂੰ ਦੇਖ ਦੋਵੇਂ ਜਵਾਨ ਨਦੀ ਵਿਚ ਕੁੱਦ ਗਏ। ਉਹਨਾਂ ਨੇ ਸਾਥੀ ਜਵਾਨਾਂ ਦੀ ਮਦਦ ਨਾਲ ਲੜਕੀ ਨੂੰ ਬਾਹਰ ਕੱਢ ਲਿਆ।
ਸੀਆਰਪੀਐਫ ਜਵਾਨਾਂ ਦੇ ਇਸ ਸਾਹਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਇਹਨਾਂ ਜਵਾਨਾਂ ਦੀ ਕਾਫ਼ੀ ਤਾਰੀਫ਼ ਵੀ ਕਰ ਰਹੇ ਹਨ। ਸੀਆਰਪੀਐਫ ਨੇ ਇਸ ਵੀਡੀਓ ਨੂੰ ਅਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਵੀ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਕ ਕੈਪਸ਼ਨ ਲਿਖਿਆ ਹੈ, ‘176 ਬਟਾਲੀਅਨ ਦੇ ਕਾਂਸਟੇਬਲ ਐਮਜੀ ਨਾਇਡੂ ਅਤੇ ਕਾਂਸਟੇਬਲ ਐਨ ਉਪਿੰਦਰ ਨੇ ਨਦੀ ਵਿਚ ਡੁੱਬ ਰਹੀ 14 ਸਾਲ ਦੀ ਲੜਕੀ ਨੂੰ ਬਚਾਇਆ। ਬਹਾਦਰ ਲੋਕ ਸੋਚਦੇ ਨਹੀਂ ਕੁੱਦ ਜਾਂਦੇ ਹਨ’।
ਵਾਇਰਲ ਵੀਡੀਓ ਵਿਚ ਦਿਖ ਰਿਹਾ ਹੈ ਕਿ ਨਦੀ ਦਾ ਵਹਾਅ ਕਾਫ਼ੀ ਤੇਜ਼ ਹੈ। ਇਸੇ ਦੌਰਾਨ ਸੀਆਰਪੀਐਫ ਦੇ ਕੁਝ ਜਵਾਨ ਨਦੀ ਵੱਲ ਨੂੰ ਭੱਜ ਰਹੇ ਹਨ। ਇਹਨਾਂ ਜਵਾਨਾਂ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਇਸ ਲੜਕੀ ਨੂੰ ਬਾਹਰ ਕੱਢਿਆ ਹੈ। 15 ਜੁਲਾਈ ਨੂੰ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਸੀ। ਹੁਣ ਤੱਕ ਇਸ ਵੀਡੀਓ ‘ਤੇ ਕਾਫ਼ੀ ਰੀ-ਟਵੀਟਸ ਵੀ ਹੋ ਚੁੱਕੇ ਹਨ।
Comments (0)
Facebook Comments (0)