‘ਈ-ਸੇਵਾ’ ਰਾਹੀਂ ਮਿਲ ਸਕਣਗੇ ਬਿਨੈਕਾਰਾਂ ਨੂੰ ਜਾਤੀ ਪ੍ਰਮਾਣ ਪੱਤਰ-ਡਿਪਟੀ ਕਮਿਸ਼ਨਰ
Mon 3 Jun, 2019 0ਸੇਵਾ ਕੇਂਦਰਾਂ ਤੋਂ ਲਈ ਜਾ ਸਕਦੀ ਹੈ ਇਹ ਸੇਵਾ
ਤਰਨ ਤਾਰਨ, 3 ਜੂਨ 2019:
ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਤੇ ਘੱਟ ਗਿਣਤੀ ਵਿਭਾਗ ਵੱਲੋਂ ‘ਈ-ਸੇਵਾ ਪੰਜਾਬ’ ਨਾਂ ਦੀ ਆਨਲਾਈਨ ਐਪਲੀਕੇਸ਼ਨ ਲਾਗੂ ਕੀਤੀ ਹੋਈ ਹੈ। ਇਸ ਐਪਲੀਕੇਸ਼ਨ ਰਾਹੀਂ ਐਸ. ਸੀ., ਬੀ. ਸੀ. ਤੇ ਓ. ਬੀ. ਸੀ. ਵਰਗ ਦੇ ਜਾਤੀ ਪ੍ਰਮਾਣ ਪੱਤਰ ਸੇਵਾ ਕੇਂਦਰ ਰਾਹੀਂ ਅਪਲਾਈ ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜੇ ਕਿਸੇ ਨੇ ਜਾਤੀ ਸਰਟੀਫਿਕੇਟ ਲਈ ਆਨਲਾਈਨ ਅਪਲਾਈ ਕਰਨਾ ਹੈ ਤਾਂ ਈ ਸੇਵਾ ਪੋਰਟਲ ’ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀ. ਸੀ. ਤੇ ਓ. ਬੀ. ਸੀ. ਵਰਗ ਲਈ ਇਕੋ ਫਾਰਮ ਹੈ, ਜਦੋਂਕਿ ਐਸ. ਸੀ. ਵਰਗ ਲਈ ਫਾਰਮ ਵੱਖਰਾ ਹੈ, ਕਿਉਂਕਿ ਬੀ. ਸੀ. ਤੇ ਓ. ਬੀ. ਸੀ. ਵਰਗ ਨੂੰ ਜਾਤੀ ਸਰਟੀਫਿਕੇਟ ਲਈ ਨਾਲ ਆਮਦਨ ਦੇ ਵੇਰਵੇ ਵੀ ਦੇਣੇ ਪੈਂਦੇ ਹਨ। ਇਹ ਸਰਟੀਫਿਕੇਟ ਸੇਵਾ ਕੇਂਦਰ ਦੁਆਰਾ ਅਪਲਾਈ ਕੀਤੇ ਜਾਂਦੇ ਹਨ, ਪਰ ਜਾਰੀ ਕਰਨ ਲਈ ਤਹਿਸੀਲ ਪੱਧਰ ’ਤੇ ਤਹਿਸੀਲਦਾਰ ਅਤੇ ਸਬ-ਤਹਿਸੀਲ ਪੱਧਰ ’ਤੇ ਨਾਇਬ ਤਹਿਸੀਲਦਾਰ ਅਧਿਕਾਰਿਤ ਹੋਣਗੇ।
ਉਹਨਾਂ ਦੱਸਿਆ ਕਿ ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਪ੍ਰਾਪਤ ਵੀ ਸੇਵਾ ਕੇਂਦਰ ਤੋਂ ਹੀ ਕੀਤਾ ਜਾ ਸਕਦਾ ਹੈ।ਇਹ ਸਰਟੀਫਿਕੇਟ ਇੱਕ ਮਹੀਨੇ ਦੇ ਅੰਦਰ ਅੰਦਰ ਜਾਰੀ ਹੋ ਜਾਂਦਾ ਹੈ। ਇਸ ਲਈ ਸਰਕਾਰੀ ਫੀਸ ਕੋਈ ਨਹੀਂ ਹੁੰਦੀ, ਜਦੋਂਕਿ ਫੈਸਿਲੀਟੇਸ਼ਨ ਫੀਸ 50 ਰੁਪਏ ਹੁੰਦੀ ਹੈ।
ਉਹਨਾਂ ਦੱਸਿਆ ਕਿ ਜਾਤੀ ਸਰਟੀਫਿਕੇਟ ਬਣਾਉਣ ਲਈ ਰਿਹਾਇਸ਼ ਦਾ ਸਬੂਤ, ਪੜਤਾਲ ਪੱਤਰ (ਵੈਰੀਫਿਕੇਸ਼ਨ ਲੀਫ਼) (ਸਰਪੰਚ ਜਾਂ ਨੰਬਰਦਾਰ ਜਾਂ ਐਮ. ਸੀ. (ਕਿਸੇ ਇੱਕ) ਤੇ ਪਟਵਾਰੀ ਤੋਂ ਤਸਦੀਕਸ਼ੁਦਾ) ਦੀ ਕਾਪੀ, ਉਮਰ ਦੇ ਸਬੂਤ ਦੀ ਕਾਪੀ, ਰਾਸ਼ਨ ਕਾਰਡ ਜਾਂ ਉਸ ਦੀ ਜਗ੍ਹਾ ਕਿਸੇ ਹੋਰ ਸ਼ਨਾਖਤੀ ਕਾਰਡ ਦੀ ਕਾਪੀ ਅਤੇ ਸਵੈ ਘੋਸ਼ਣਾ ਪੱਤਰ ਦੀ ਕਾਪੀ ਲੋੜੀਂਦੀ ਹੁੰਦੀ ਹੈ।
Comments (0)
Facebook Comments (0)