ਅਕਾਲੀ ਦਲ ਨੂੰ ਵਿਧਾਨ ਸਭਾ 'ਚੋਂ ਉਸ ਦਿਨ ਵਾਕਆਊਟ ਕਰਨ ਦੀ ਬਿਜਾਏ ਅੰਦਰ ਬੈਠ ਕੇ ਬਹਿਸ ਕਰਨੀ ਚਾਹੀਦੀ ਸੀ :- ਮੱਕੜ

ਅਕਾਲੀ ਦਲ ਨੂੰ ਵਿਧਾਨ ਸਭਾ 'ਚੋਂ ਉਸ ਦਿਨ ਵਾਕਆਊਟ ਕਰਨ ਦੀ ਬਿਜਾਏ  ਅੰਦਰ ਬੈਠ ਕੇ ਬਹਿਸ ਕਰਨੀ ਚਾਹੀਦੀ ਸੀ :-  ਮੱਕੜ

ਐਸ ਪੀ ਸਿੱਧੂ

ਚੰਡੀਗੜ੍ਹ, 1 ਸਤੰਬਰ 2018

 ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅੱਜ ਪੂਰੇ ਪੰਜਾਬ ਵਿਚ ਕੈਪਟਨ ਸਰਕਾਰ, ਜਸਟਿਸ ਰਣਜਿਤ ਸਿੰਘ ਕਮਿਸ਼ਨ ਤੇ ਦਾਦੂਵਾਲ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਉਨ੍ਹਾਂ ਦੇ ਪੁਤਲੇ ਫੂਕੇ ਜਾ ਰਹੇ ਨੇ। ਇਸ 'ਤੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਬਿਆਨ ਸਾਹਮਣੇ ਆਇਆ ਹੈ। ਅਵਤਾਰ ਸਿੰਘ ਮੱਕੜ ਦੇ ਬਿਆਨਾਂ ਤੋਂ ਸ਼ਰੇਆਮ ਬਗਾਵਤੀ ਸੁਰ ਸੁਣਨ ਨੂੰ ਮਿਲੇ। 

ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਵਿਧਾਨ ਸਭਾ 'ਚੋਂ ਉਸ ਦਿਨ ਵਾਕਆਊਟ ਨਹੀਂ ਕਰਨਾ ਚਾਹੀਦਾ ਸੀ ਸਗੋਂ ਅੰਦਰ ਬੈਠ ਕੇ ਬਹਿਸ ਕਰਨੀ ਚਾਹੀਦੀ ਸੀ। 

ਮੱਕੜ ਨੇ ਕਿਹਾ ਕਿ ਉਹ ਅਕਾਲੀਦਲ ਵੱਲੋਂ ਫੂਕੇ ਜਾ ਰਿਹੇ ਪੁਤਲਿਆਂ ਦੇ ਹੱਕ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਵਿਚ ਪੁਤਲਾ ਫੂਕਣ ਦੀ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਲੋੜ ਹੈ ਬਜਾਏ ਕਿ ਸੜਕਾਂ 'ਤੇ ਉਤਰ ਪੁਤਲੇ ਫੂਕੇ ਜਾਣ।  

ਮੱਕੜ ਨੇ ਕਿਹਾ ਉਨ੍ਹਾਂ ਨੇ ਡੇਰਾ ਸਿਰਸਾ ਦੀ ਮਾਫੀਨਾਮੇ ਸਬੰਧੀ ਆਪਣੇ ਸੁਝਾਅ ਦਿੱਤੇ ਸਨ ਕਿ ਮਾਫੀ ਇਸ ਤਰ੍ਹਾਂ ਨਹੀਂ ਦਿੱਤੀ ਜਾ ਸਕਦੀ ਤੇ ਉਨ੍ਹਾਂ ਸਾਰੀਆਂ ਸਿੱਖ ਜਥੇਬੰਦੀਆਂ ਤੋਂ ਸਲਾਹ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਕਦੀ ਵੀ ਡੇਰਾ ਸਿਰਸਾ ਨੂੰ ਮਾਫੀ ਦੇਣ ਦੇ ਹੱਕ ਵਿਚ ਨਹੀਂ ਸਨ।