
ਸਿਰਫ਼ ਦੁਬਈ 'ਚ ਰਹਿਣ ਲਈ ਪਾਕਿਸਤਾਨੀ ਵਿਅਕਤੀ ਨੇ ਕੀਤਾ ਭਾਰਤੀ ਦਾ ਕਤਲ
Sat 4 May, 2019 0
ਦੁਬਈ :
ਸੰਯੁਕਤ ਅਰਬ ਅਮੀਰਾਤ 'ਚ ਇਕ ਪਾਕਿਸਤਾਨੀ ਵਿਅਕਤੀ 'ਤੇ ਅਪਣੇ ਇਕ ਭਾਰਤੀ ਸਹਿਕਰਮਚਾਰੀ ਦੇ ਕਤਲ ਦਾ ਮੁਕੱਦਮਾ ਚੱਲੇਗਾ। ਇਹ ਪਾਕਿਸਤਾਨੀ ਵਿਅਕਤੀ ਅਜਿਹਾ ਕੋਈ ਵੀ ਅਪਰਾਧ ਕਰਨ ਲਈ ਤਿਆਰ ਸੀ, ਜਿਸ ਨਾਲ ਸੰਯੁਕਤ ਅਰਬ ਅਮੀਰਾਤ 'ਚ ਰਹਿਣ ਦਾ ਮੌਕਾ ਮਿਲਦਾ। ਖਲੀਜ਼ ਟਾਈਮਸ ਦੀ ਰੀਪੋਰਟ ਮੁਤਾਬਕ ਇਸ ਪਾਕਿਸਤਾਨੀ ਮਜ਼ਦੂਰ 'ਤੇ ਕੱਪੜੇ ਨਾਲ ਅਪਣੇ ਇਕ ਸਾਥੀ ਦਾ ਗਲਾ ਘੁੱਟ ਕੇ ਕਤਲ ਕਰਨ ਨੂੰ ਲੈ ਕੇ ਦੁਬਈ ਦੀ ਇਕ ਅਦਾਲਤ 'ਚ ਮੁਕੱਦਮਾ ਚੱਲੇਗਾ। ਪ੍ਰੋਸੀਕਿਊਸ਼ਨ ਦੇ ਮੁਤਾਬਕ ਪਾਕਿਸਤਾਨੀ ਮਜ਼ਦੂਰ ਕੋਈ ਵੀ ਅਜਿਹਾ ਕੰਮ ਕਰਨ ਲਈ ਤਿਆਰ ਸੀ, ਜਿਸ ਨਾਲ ਉਸ ਨੂੰ ਜੇਲ ਭੇਜ ਦਿਤਾ ਜਾਵੇ ਤੇ ਉਸ ਨੂੰ ਪਾਕਿਸਤਾਨ ਨਾ ਜਾਣਾ ਪਵੇ ਕਿਉਂਕਿ ਉਸ ਦਾ ਅਪਣੇ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਸੀ। ਦੋਸ਼ੀ ਨੇ ਅਦਾਲਤ 'ਚ ਪੇਸ਼ ਹੋਣ ਦੌਰਾਨ ਅਪਣਾ ਜੁਰਮ ਕਬੂਲ ਕਰ ਲਿਆ। ਇਕ ਪੁਲਿਸ ਅਧਿਕਾਰੀ ਮੁਤਾਬਕ 26 ਫ਼ਰਵਰੀ ਨੂੰ ਨਾਦ ਅਲ ਹਮਾਰ 'ਚ ਇਕ ਕੰਪਲੈਕਸ ਦੇ ਨਿਰਮਾਣ ਵਾਲੀ ਥਾਂ ਹਮਲੇ ਦੀ ਖਬਰ ਮਿਲੀ ਸੀ। ਅਖਬਾਰ ਮੁਤਾਬਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਸੀ ਕਿ ਝਗੜਾ ਕਰਨ ਵਾਲੇ ਵਿਅਕਤੀਆਂ 'ਚੋਂ ਇਕ ਦੀ ਹਸਪਤਾਲ ਲਿਜਾਣ ਦੌਰਾਨ ਮੌਤ ਹੋ ਗਈ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਸਾਨੂੰ ਪਤਾ ਲੱਗਿਆ ਕਿ ਦੋਸ਼ੀ ਨੂੰ ਪੁਲਿਸ ਦੇ ਗਸ਼ਤੀ ਅਧਿਕਾਰੀਆਂ ਨੇ ਫੜ੍ਹ ਲਿਆ ਸੀ। ਚਸ਼ਮਦੀਦ ਨੇ ਸਾਨੂੰ ਦਸਿਆ ਕਿ ਉਸ ਨੇ ਦੋਸ਼ੀ ਨੂੰ ਪੀੜਤ ਦਾ ਗਲਾ ਘੁੱਟਦੇ ਹੋਏ ਦੇਖਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ, ''ਉਸ ਨੇ ਕਬੂਲ ਕਰ ਲਿਆ ਹੈ ਕਿ ਛੁੱਟੀ ਦੌਰਾਨ ਪੀੜਤ ਸੁੱਤਾ ਸੀ ਉਦੋਂ ਦੋਸ਼ੀ ਨੇ ਉਸ ਦਾ ਕਤਲ ਕਰ ਦਿਤਾ। ਦੋਸ਼ੀ ਨੇ ਕਿਹਾ ਕਿ ਉਸ ਨੇ ਉਸ ਨੂੰ ਗਲਾ ਘੁੱਟ ਕੇ ਮਾਰ ਦਿਤਾ ਕਿਉਂਕਿ ਉਹ ਜੇਲ ਜਾਣਾ ਚਾਹੁੰਦਾ ਸੀ, ਉਹ ਅਪਣੇ ਘਰ ਨਹੀਂ ਜਾਣਾ ਚਾਹੁੰਦਾ ਸੀ।''
Comments (0)
Facebook Comments (0)