
ਮਿਲਾਵਟਖੋਰੀ ਕਰਨ ਵਾਲੇ ਕਿਸੇ ਵੱਡੇ ਕਾਰੋਬਾਰੀ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ :- ਬ੍ਰਹਮ ਮਹਿੰਦਰਾ
Thu 6 Sep, 2018 0
ਐਸ ਪੀ ਸਿੱਧੂ
ਚੰਡੀਗੜ੍ਹ 6 ਸਤੰਬਰ 2018
ਅੱਜ ਇਥੇ ਪੰਜਾਬ ਭਵਨ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮਿਲਕ ਪਲਾਂਟ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਹਾਜਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਵਲੋਂ ਮਿਲਾਵਟਖੋਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਸੂਬਾ ਪੱਧਰੀ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਸਿਹਤ ਮੰਤਰੀ ਨੂੰ ਦੁੱਧ ਤੇ ਦੁੱਧ ਪਦਾਰਥਾਂ ਨਾਲ ਜੁੜੇ ਕਾਰੋਬਾਰੀਆਂ ਨੂੰ ਮਿਲਾਵਟਖੋਰਾਂ ਦੇ ਕਾਰਣ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ।
ਮੀਟਿੰਗ ਦੀ ਅਗਵਾਈ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਹਾਜਰ ਐਸੋਸੀਏਸ਼ਨਾਂ ਨੂੰ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਦੁੱਧ ਤੇ ਦੁੱਧ ਪਦਾਰਥ ਬਣਾਉਣ ਵਾਲੇ ਛੋਟੇ ਕਾਰੋਬਾਰੀਆਂ ਨੂੰ ਬਿਨ੍ਹਾਂ ਵਜ੍ਹਾ ਤੰਗ ਨਹੀਂ ਕੀਤਾ ਜਾਵੇਗਾ ਪਰ ਨਾਲ ਹੀ ਮਿਲਾਵਟਖੋਰੀ ਕਰਨ ਵਾਲੇ ਕਿਸੇ ਵੱਡੇ ਕਾਰੋਬਾਰੀ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਭੋਜਨ ਪਦਾਰਥਾਂ ਨਾਲ ਜੁੜੇ ਕਾਰੋਬਾਰੀ ਐਫ.ਐਸ.ਐਸ.ਏ.ਆਈ. ਵਲੋਂ ਨਿਰਧਾਰਿਤ ਪੈਮਾਨਿਆਂ ਦੀ ਇੰਨ-ਬਿੰਨ ਪਾਲਣਾ ਕਰਨ ਤੇ ਮਿਲਾਵਟਖੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿਚ ਪੰਜਾਬ ਸਰਕਾਰ ਦਾ ਸਾਥ ਦੇਣ ਤਾਂ ਜੋ ਸੂਬੇ ਦੇ ਲੋਕਾਂ ਨੂੰ ਪੋਸ਼ਟਿਕ ਤੇ ਸਿਹਮੰਦ ਭੋਜਨ ਯਕੀਨੀ ਤੌਰ 'ਤੇ ਮੁਹੱਈਆ ਕਰਵਾਇਆ ਜਾ ਸਕੇ।
ਸਿਹਤ ਮੰਤਰੀ ਨੂੰ ਐਸ਼ੋਸੀਏਸ਼ਨ ਵਲੋਂ ਇਹ ਵੀ ਦੱਸਿਆ ਗਿਆ ਕਿ ਨਕਲੀ ਦੁੱਧ ਤੇ ਘੀ ਦੀ ਵਿਕਰੀ ਕਾਰਣ ਸ਼ੁੱਧ ਦੇਸੀ ਘੀ ਤੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨੂੰ ਵੱਡੇ ਪੱਧਰ 'ਤੇ ਮਾਲ੍ਹੀ ਘਾਟਾ ਹੋ ਰਿਹਾ ਹੈ। ਮੀਟਿੰਗ ਵਿਚ ਹਾਜਰ ਫੂਡ ਸੇਫਟੀ ਕਮਿਸ਼ਨਰ ਸ੍ਰੀ ਕੇ.ਐਸ. ਪੰਨੂ ਨੇ ਦੱਸਿਆ ਕਿ ਪਿਛਲੇ ਮਹੀਨੇ ਸਿਹਤ ਵਿਭਾਗ ਵਲੋਂ ਕੀਤੀ ਗਈਆਂ ਛਾਪੇਮਾਰੀਆਂ ਦੌਰਾਨ ਅਤੇ ਦੁੱਧ ਤੇ ਦੁੱਧ ਪਦਾਰਥਾਂ ਦੇ ਭਰੇ ਸੈਂਪਲਾਂ ਵਿਚੋਂ ਲਗਭਗ 40 ਫੀਸਦੀ ਸੈਂਪਲ ਫੇਲ ਹੋਏ ਹਨ।
ਜਿਸ ਲਈ ਇਹ ਲਾਜਮੀ ਹੋ ਜਾਂਦਾ ਹੈ ਕਿ ਭੋਜਨ ਪਦਾਰਥਾਂ ਦੇ ਕਾਰੋਬਾਰ ਨਾਲ ਜੁੜੇ ਵਪਾਰੀ ਹੋਣ ਵਾਲੇ ਵਿੱਤੀ ਘਾਟੇ ਨੂੰ ਰੋਕਣ ਲਈ ਐਫ.ਐਸ.ਐਸ.ਏ.ਆਈ. ਵਲੋਂ ਨਿਰਧਾਰਿਤ ਪੈਮਾਨਿਆਂ ਦੀ ਪਾਲਣਾ ਕਰਣ। ਇਸ ਮੀਟਿੰਗ ਵਿਚ ਪਨੀਰ ਬਣਾਉਣ ਵਾਲੇ ਕਾਰੋਬਾਰੀਆਂ ਦੀ ਐਸੋਸੀਏਸ਼ਨ ਦੇ ਮੈਂਬਰ ਨੇ ਵੀ ਸਿਹਤ ਮੰਤਰੀ ਨੂੰ ਆਪਣੀਆਂ ਮੰਗਾਂ ਤੇ ਮਿਲਾਵਟਖੋਰਾਂ ਦੇ ਕਾਰਣ ਕਾਰੋਬਾਰ ਵਿਚ ਆ ਰਹੀਆਂ ਮੁਸ਼ਕਿਲਾਂ ਨਾਲ ਜਾਣੂ ਕਰਵਾਇਆ।
ਸਿਹਤ ਮੰਤਰੀ ਨੇ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਸਰਕਾਰ ਮਿਲਾਵਟਖੋਰਾਂ ਨੂੰ ਕਿਸੇ ਵੀ ਕੀਮਤ 'ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨ ਦੇਵੇਗੀ ਜਿਸ ਲਈ ਮਿਲਾਵਟਖੋਰੀ ਨੂੰ ਕਾਬੂ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸੂਬਾ ਪੱਧਰ 'ਤੇ ਮਿਲਾਵਟਖੋਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਛਾਪੇਮਾਰੀ ਦੌਰਾਨ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਕਿਸੇ ਵੀ ਨਿਰਦੋਸ਼ ਵਿਅਕਤੀ ਜਾ ਕਾਰੋਬਾਰੀ ਦਾ ਨੁਕਸਾਨ ਨਾ ਹੋਵੇ।
ਸਿਹਤ ਮੰਤਰੀ ਨੇ ਕਾਰੋਬਾਰੀਆਂ ਤੇ ਭੋਜਨ ਪਦਾਰਥਾਂ ਬਣਾਉਣ ਵਾਲੇ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੂਬੇ ਵਿਚ ਮਿਲਾਵਟੀ ਤੇ ਘੱਟ ਮਿਆਰ ਦੇ ਭੋਜਨ ਪਦਾਰਥਾਂ ਦੀ ਵਿਕਰੀ ਨੂੰ ਰੋਕਣ ਲਈ ਪੰਕਾਬ ਸਰਕਾਰ ਦਾ ਸਾਥ ਦੇਣ ਤਾਂ ਜੋ ਸੁਬੇ ਦੇ ਲੋਕਾਂ ਨੂੰ ਪੋਸ਼ਟਿਕ ਤੇ ਸਿਹਤਮੰਦ ਭੋਜਨ ਮੁਹੱਈਆ ਕਰਵਾਇਆ ਜਾ ਸਕੇ।
Comments (0)
Facebook Comments (0)