ਚਿੱਟੇ ਖਿਲਾਫ ਮੁਹਿੰਮ ਵਿੱਢਣ ਵਾਲਾ ਪੰਜਾਬੀ ਗਾਇਕ ਹੈਰੋਇਨ ਸਣੇ ਗ੍ਰਿਫਤਾਰ

ਚਿੱਟੇ ਖਿਲਾਫ ਮੁਹਿੰਮ ਵਿੱਢਣ ਵਾਲਾ ਪੰਜਾਬੀ ਗਾਇਕ  ਹੈਰੋਇਨ  ਸਣੇ ਗ੍ਰਿਫਤਾਰ

 

ਗਾਇਕ ਨੇ ਪੁਲੀਸ ਦੇ  ਕੱਢੇ ਹਾਅੜੇ ਇਹ ਧੱਬਾ ਇੰਡਸਟਰੀ 'ਚ ਉਸਦਾ ਨਾਮ ਖਰਾਬ ਕਰ ਦੇਵੇਗਾ

ਐਸ ਪੀ ਸਿੱਧੂ 

ਚੰਡੀਗੜ੍ਹ, 30 ਸਤੰਬਰ 2018  - 

ਸਿੱਧੂ ਨੇ 2015 'ਚ 'ਚਿੱਟਾ' ਗਾਣਾ ਗਾਇਆ ਸੀ ਜਿਸ 'ਚ ਉਸ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਸੀ। ਪਰ ਬੀਤੇ ਸ਼ਨੀਵਾਰ ਦੀ ਸਵੇਰ ਉਸੇ ਗਾਇਕ ਨੂੰ ਪੁਲਿਸ ਨਾਕੇ 'ਤੇ ਹੈਰੋਇਨ ਅਤੇ 5.2 ਲੱਖ ਰੁਪਏ ਨਕਦੀ ਨਾਲ ਸਿਰਸਾ ਫਤਿਹਾਬਾਦ ਰੋਡ, ਭਾਵਦੀਨ ਪਿੰਡ ਨੇੜੇ ਟੌਲ ਪਲਾਜ਼ੇ ਤੋਂ ਉਸਦੇ 4 ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਇੰਸਪੈਕਟਰ ਧਲੇ ਰਾਮ, ਸੀਆਈਏ ਅਤੇ ਐਂਟੀ ਡਰੱਗ ਸਟਾਫ ਸਿਰਸਾ ਅਨੁਸਾਰ ਪੰਜਾਬੀ ਗਾਇਕ ਹਰਮਨ ਸਿੱਧੂ ਦੇ ਨਾਲ ਰਮਣੀਕ ਸਿੰਘ, ਮਾਨਸਾ 'ਚ ਪਟਵਾਰੀ ਅਤੇ ਸਿਰਸਾ ਦੇ ਵਸਨੀਕ ਸੁਰਜੀਤ ਸਿੰਘ, ਮਨੋਜ ਕੁਮਾਰ ਅਤੇ ਅਨੁਰਾਗ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  ਪੰਜਾਂ ਜਣਿਆਂ ਖਿਲਾਫ ਨਾਰਕੋਟਿਕ ਡਰੱਗਸ ਅਤੇ ਐਨਡੀਪੀਐਸ ਐਕਟ ਅਧੀਨ ਸਿਰਸਾ ਦੇ ਸਦਰ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ। 
 ਪੁਲੀਸ ਅਨੁਸਾਰ ਪੰਜਾਬੀ ਗਾਇਕ ਵੱਲੋਂ ਪਹਿਲਾਂ ਤਾਂ ਉਨ੍ਹਾਂ ਨੁੰ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਬਾਅਦ ਵਿਚ ਉਸ ਵੱਲੋਂ ਪੁਲੀਸ ਦੇ ਹਾਅੜੇ ਕੱਢੇ ਗਏ ਕਿ ਇਹ ਧੱਬਾ ਇੰਡਸਟਰੀ 'ਚ ਉਸਦਾ ਨਾਮ ਖਰਾਬ ਕਰ ਦੇਵੇਗਾ।  ਹਰਮਨ ਸਿੱਧੂ ਨੇ 6 ਮਿਊਜ਼ਿਕ ਐਲਬਮ ਵੀ ਕੱਢੀਆਂ ਹਨ।