ਛੇਤੀ ਪੈਸੇ ਕਮਾਉਣ ਦੇ ਚੱਕਰ ਵਿਚ ਗੈਂਗਸਟਰ ਬੰਣ ਕਾਰੋਬਾਰੀਆਂ ਨੂੰ ਦੇ ਰਿਹਾ ਸੀ ਧਮਕੀ
Sun 9 Dec, 2018 0ਲੁਧਿਆਨਾ ਪੁਲਿਸ ਨੇ ਪ੍ਰਾਪਰਟੀ ਡੀਲਰਾਂ ਨੂੰ ਧਮਕੀ ਭਰੇ ਫੋਨ ਕਰਨ ਵਾਲੇ ਮੁਲਜ਼ਮ ਨੂੰ ਗਿਰਫਤਾਰ ਕਰ ਲਿਆ ਹੈ। ਦੱਸ ਦਈਏ ਕਿ ਧਮਕੀ ਭਰੇ ਫੋਨ ਕਰਨ ਵਾਲਾ ਮੁਲਜ਼ਮ ਇਲੈਕਟ੍ਰੀਸ਼ੀਅਨ ਨਿਕਲਿਆ। ਛੇਤੀ ਪੈਸੇ ਕਮਾਉਣ ਦੇ ਚੱਕਰ ਵਿਚ ਹੀ ਉਹ ਇਸ ਤਰ੍ਹਾਂ ਗੈਂਗਸਟਰ ਬੰਣ ਕਾਰੋਬਾਰੀਆਂ ਨੂੰ ਧਮਕੀ ਦੇ ਰਿਹਾ ਸੀ।
ਪੁਲਿਸ ਨੇ ਉਸ ਤੋਂ ਧਮਕੀ 'ਚ ਵਰਤੋਂ ਕੀਤਾ ਗਿਆ ਮੋਬਾਇਲ ਫੋਨ, 2 ਸਪਾਈ ਕੈਮਰੇ, 2 ਕਾਰਡ ਰੀਡਰ, 1 ਮਾਇਕਰੋ ਚਿਪ, 10 ਸੀ.ਡੀ ਅਤੇ ਦੂਜਾ ਸਮਾਨ ਬਰਾਮਦ ਕਰ ਲਿਆ ਹੈ। ਦੱਸ ਦਈਏ ਕਿ ਪੁਲਿਸ ਹਿਰਾਸਤ ਵਿਚ ਮੁਲਜ਼ਮ ਤੋਂ ਪੁੱਛਗਿਛ ਜਾਰੀ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸ਼ਹਿਰ ਦੇ ਕੁੱਝ ਪ੍ਰਾਪਰਟੀ ਡੀਲਰਾਂ ਨੇ ਪੁਲਿਸ ਵਿਚ ਸ਼ਿਕਾਇਤ ਕੀਤੀ ਸੀ ਕਿ ਕੋਈ ਉਨ੍ਹਾਂ ਨੂੰ ਗੈਂਗਸਟਰ ਸੁੱਖਾ ਕਾਹਲਵਾਂ ਦਾ ਸਾਥੀ ਦੱਸ ਕੇ ਫੋਨ 'ਤੇ ਉਨ੍ਹਾਂ ਨੂੰ ਫਿਰੌਤੀ ਦੀ ਮੰਗ ਕਰ ਰਿਹਾ ਹੈ।
ਇਸ 'ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਏ.ਡੀ.ਸੀ.ਪੀ (ਇੰਵੈਸਟਿਗੇਸ਼ਨ) ਰਤਨ ਬਰਾੜ ਨੇ ਦੱਸਿਆ ਕਿ ਮੁਲਜ਼ਮ ਰਾਜਿੰਦਰ ਕੁਮਾਰ ਉਰਫ ਪਿੰਕਾ ਨੇ ਜਿਸ ਮੋਬਾਇਲ ਤੋਂ ਧਮਕੀ ਭਰੇ ਫੋਨ ਕੀਤੇ ਸਨ, ਉਹ ਫੋਨ ਉਸ ਨੇ ਰੇਲਵੇ ਸਟੇਸ਼ਨ ਤੋਂ ਕਿਸੇ ਵਿਅਕਤੀ ਦਾ ਚੋਰੀ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਇਸ਼ਤਿਹਾਰਾਂ ਅਤੇ ਹੋਰ ਸੰਸਾਧਨਾਂ ਤੋਂ ਕਾਰੋਬਾਰੀਆਂ ਦੇ ਨੰਬਰ ਲਏ ਅਤੇ ਗੈਂਗਸਟਰ ਬਣ ਕੇ ਉਨ੍ਹਾਂ ਨੂੰ ਫਿਰੌਤੀ ਭਰੇ ਫੋਨ ਕੀਤੇ।
ਦੂਜੇ ਪਾਸੇ ਮੁਲਜ਼ਮ ਨੇ ਪੁਲਿਸ ਹਿਰਾਸਤ ਵਿਚ ਦੱਸਿਆ ਕਿ ਉਹ ਛੇਤੀ ਪੈਸਾ ਕਮਾਉਣ ਦੇ ਚੱਕਰ ਵਿੱਚ ਹੀ ਇਹ ਫੋਨ ਕਰ ਰਿਹਾ ਸੀ। ਉਸ ਨੇ ਹਰ ਕਿਸੇ ਨੂੰ ਇਹੀ ਕਿਹਾ ਸੀ ਕਿ ਉਹ ਫਿਰੌਤੀ ਦੇ ਪੈਸੇ ਤਿਆਰ ਰੱਖੇ ਅਤੇ ਇਕ ਮਹੀਨੇ ਤੋਂ ਬਾਅਦ ਉਹ ਦੁਬਾਰਾ ਉਨ੍ਹਾਂ ਨੂੰ ਫੋਨ ਕਰਦਾ ਹੈ ਪਰ ਹੁਣ ਤੱਕ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਕਿਸੇ ਨੂੰ ਦੁਬਾਰਾ ਫੋਨ ਨਹੀਂ ਕੀਤਾ। ਪੁਲਿਸ ਮੁਤਾਬਕ ਮੁਲਜ਼ਮ ਦਿਮਾਗੀ ਤੌਰ 'ਤੇ ਵੀ ਕੁੱਝ ਕਮਜ਼ੋਰ ਹੈ
Comments (0)
Facebook Comments (0)