ਪੰਜਾਬ ਦੇ ਗੰਭੀਰ ਖੇਤੀ ਸੰਕਟ ਕਾਰਨ ਪੰਜਾਬ ਦੀ ਆਰਥਿਕ ਹੋਈ ਡਾਂਵਾਡੋਲ- ਮੰਚ

ਪੰਜਾਬ ਦੇ ਗੰਭੀਰ ਖੇਤੀ ਸੰਕਟ ਕਾਰਨ ਪੰਜਾਬ ਦੀ ਆਰਥਿਕ ਹੋਈ ਡਾਂਵਾਡੋਲ- ਮੰਚ

ਅੰਮ੍ਰਿਤਸਰ:- ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ(ਰਜਿ:) ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਕਰਵਾਏ ਗਏ ਸਲਾਨਾ ਸਮਾਗਮ ਦੀ ਪ੍ਰਧਾਨਗੀ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਡਾ: ਬਿਕਰਮ ਸਿੰਘ ਘੁੰਮਣ, ਗੁਰਮੀਤ ਸਿੰਘ ਪਲਾਹੀ, ਡਾ: ਸ਼ਿਆਮ ਸੁੰਦਰ ਦੀਪਤੀ, ਡਾ: ਐਸ.ਐ. ਛੀਨਾ ਨੇ  ਕੀਤੀ। ਇਸ ਸਮੇਂ ਬੋਲਦਿਆਂ ਉਘੇ ਅਰਥ ਸ਼ਾਸ਼ਤੀ ਡਾ: ਗਿਆਨ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਹੀ ਖਰਾਬ ਹੈ, ਖੇਤੀਬਾੜੀ ਦੇ ਸੰਕਟ ਨੇ ਪੰਜਾਬ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਹੈ ਅਤ ਪੰਜਾਬ ਦੀ ਭੈੜੀ ਆਰਥਿਕਤਾ ਸਰਕਾਰੀ, ਦਰਬਾਰੀ, ਜੁਗਾੜੀ ਲੋਕਾਂ ਦੀ ਬੇਈਮਾਨੀ ਕਾਰਨ ਬਣੀ ਹੈ ਅਤੇ ਇਸਦੀ ਆਰਥਿਕਤਾ ਦੀਆਂ ਨੀਹਾਂ ਹਿਲਾਈਆਂ ਹੀ ਨਹੀਂ ਸਗੋਂ ਤੋੜੀਆਂ ਜਾ ਰਹੀਆਂ ਹਨ। ਪੰਜਾਬ ਦੀ ਆਰਥਿਕਤਾ ਨੂੰ ਢਾਅ ਢੇਰੀ ਕਰਨ ਦੀ ਜ਼ੁੰਮੇਵਾਰ ਕੇਂਦਰੀ ਸਰਕਾਰ ਦੀ ਹੈ। ਗੁਰਚਰਨ ਸਿੰਘ ਨੂਰਪੁਰ ਨੇ ਪੰਜਾਬ ਦੇ ਸਿਆਸੀ ਮਾਹੌਲ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਤਰਜ਼ਮਾਨੀ ਕਰਨ ਵਾਲੀ ਕੋਈ ਵੀ ਸਿਆਸੀ ਪਾਰਟੀ ਨਹੀਂ ਰਹੀ, ਪੰਜਾਬ ਦੇ ਲੋਕ ਚੰਗੇਰੀ ਸਿਆਸੀ ਪਾਰਟੀ ਦੀ ਭਾਲ ਵਿੱਚ ਹਨ। ਡਾ: ਸ਼ਿਆਮ ਸੁੰਦਰ ਦੀਪਤੀ ਨੇ ਪੰਜਾਬ ਦੀ ਸਿਹਤ ਤੇ ਸਿੱਖਿਆ ਦੀ ਭੈੜੀ ਹਾਲਤ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਇਹਨਾਂ ਦੋਹਾਂ ਮੁੱਦਿਆਂ ਪ੍ਰਤੀ ਅਵੇਸਲੀਆਂ ਹੋ ਚੁੱਕੀਆਂ ਹਨ। ਡਾ: ਐਸ ਐਸ ਛੀਨਾ ਨੇ ਕਿਹਾ ਕਿ ਪੰਜਾਬ ‘ਚ ਧਰਮ ਕਈ ਹਨ, ਪਰ ਪੰਜਾਬ ਦਾ ਸਭਿਆਚਾਰ ਇੱਕ ਹੈ। ਵੱਖੋ-ਵੱਖ ਧਰਮ ਹੋਣ ਦੀ ਬਾਵਜੂਦ ਧਾਰਮਿਕ ਕਦਰ ਕੀਮਤਾਂ ਇੱਕ ਹਨ ਅਤੇ ਪੰਜਾਬ ‘ਚ ਸਾਂਝੀਵਾਲਤਾ ਦਾ ਮਾਹੌਲ ਚੰਗੇਰਾ ਹੈ। ਗਿਆਨ ਸਿੰਘ ਮੋਗਾ ਨੇ ਕਿਹਾ ਕਿ ਜਿਹਨਾ ਨੂੰ ਲੋਕ ਨੁਮਾਇੰਦੇ ਚੁਣਕੇ ਭੇਜਦੇ ਹਨ, ਉਹ ਹਾਕਮ ਬਣ ਜਾਂਦੇ ਹਨ। ਦੀਦਾਰ ਸ਼ੇਤਰਾ ਨੇ ਵਿਚਾਰ ਪ੍ਰਗਟਾਇਆ ਕਿ ਪੰਜਾਬ ਦਾ ਚਿੰਤਕ ਹੀ ਪੰਜਾਬ ਬਾਰੇ ਚਿੰਤਤ ਹੈ, ਕੋਈ ਵੀ ਸਿਆਸੀ ਪਾਰਟੀ ਪੰਜਾਬ ਪ੍ਰਤੀ ਗੰਭੀਰ ਨਹੀਂ ਹੈ। ਪ੍ਰਧਾਨਗੀ ਭਾਸ਼ਨ ਦਿੰਦਿਆਂ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਕਾਲਮ ਨਵੀਸਾਂ ਨੂੰ ਪੰਜਾਬ ਹਿਤੈਸ਼ੀ ਪੱਤਰਕਾਰੀ ਕਰਨ ਤੇ ਜ਼ੋਰ ਦਿੰਦਿਆ, ਪੰਜਾਬ ਅਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਆਪਣੀ ਨੁਕੀਲੀਆਂ ਕਲਮਾਂ ਨਾਲ ਕੁਰੇਦਣ ਦਾ ਸੱਦਾ ਦਿੱਤਾ।

ਜੀ ਐਸ ਗੁਰਦਿਤ ਨੇ ਕਰਤਾਰਪੁਰ ਲਾਂਘੇ ਬਾਰੇ ਬੋਲਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਬੜਬੋਲਿਆਂ ਹੱਥ ਆ ਗਿਆ ਹੈ ਜਦਕਿ ਰਵਿੰਦਰ ਚੋਟ ਨੇ ਕਿਹਾ ਕਿ ਲਾਂਘਾ ਲਾਂਘਾ ਮੰਗਦੇ ਸੀ, ਲਾਂਘਾ ਖੁੱਲ੍ਹ ਗਿਆ, ਦੂਸ਼ਣਬਾਜੀ ਵੇਖਕੇ ਲਗਦਾ ਬਾਬਾ ਇਹਨਾ ਨੂੰ ਭੁੱਲ ਗਿਆ। ਮੀਟਿੰਗ ਵਿੱਚ ਚਰਨਜੀਤ ਗੁਮਟਾਲਾ, ਸੁਰਿੰਦਰ ਮਚਾਕੀ,ਅਤਿੰਦਰ ਕੌਰ, ਪ੍ਰੋ: ਮੋਹਨ ਸਿੰਘ, ਪ੍ਰੋ: ਸੂਬਾ ਸਿੰਘ ਨੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਨੇ ਮਾਝਾ, ਦੁਆਬਾ, ਮਾਲਵਾ ਜੋਨ ਦੀ ਵੱਖੋ-ਵੱਖਰੀ ਕਮੇਟੀ ਬਨਾਉਣ ਦਾ ਫੈਸਲਾ ਕੀਤਾ ਅਤੇ ਕਾਲਮ ਨਵੀਸ ਪੱਤਰਕਾਰਾਂ ਨੂੰ ਮੰਚ ਦੇ ਮੈਂਬਰ ਬਨਣ ਦਾ ਸੱਦਾ ਦਿੱਤਾ।ਸਲਾਨਾ ਸਮਾਗਮ ਵਿੱਚ ਡਾ: ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ਬਾਬਾ ਨਾਨਕ ਦੇ ਸਰੋਕਾਰ, ਸੁਲੱਖਣ ਸਰਹੱਦੀ ਦੀ ਪੁਸਤਕ ‘ਦਰਦ ਬੋਲਦਾ ਹੈ’ ਅਤੇ ਡਾ: ਚਰਨਜੀਤ ਸਿੰਘ ਗੁਮਟਾਲਾ ਦੀ ਪੁਸਤਕ ‘ਦ੍ਰਿਸ਼ਟੀਕੋਣ’ ਰਲੀਜ਼ ਕੀਤੀਆਂ ਗਈਆਂ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਚੀਫ ਖਾਲਸਾ ਦੀਵਾਨ ਦੇ ਮੁੱਖ ਕਾਰਜਕਰਤਾ ਹਰਮਿੰਦਰ ਸਿੰਘ ਵੀ ਸ਼ਾਮਲ ਹੋਏ।

ਪੰਜਾਬੀ ਕਾਲਮ ਨਵੀਸ ਪੱਤਰਕਾਰ (ਮੰਚ) ਵਲੋਂ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬੀ ਨੂੰ ਪੰਜਾਬ ਦੇ ਦਫ਼ਤਰਾਂ ‘ਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਅਤੇ ਪੰਜਾਬੀ ‘ਚ ਕੰਮ ਕਾਜ ਨਾ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਮੰਚ ਨੇ ਅਦਾਲਤੀ ਕੰਮ ਕਾਰ ਪੰਜਾਬੀ ‘ਚ ਕਰਨ ਦੀ ਵੀ ਮੰਗ ਕੀਤੀ। ਮੰਚ ਨੇ ਲੋਕਾਂ ਨੂੰ ਆਪਣਾ ਕਾਰੋਬਾਰ ਪੰਜਾਬੀ ‘ਚ ਕਰਨ ਅਤੇ ਬੱਚਿਆਂ ਨਾਲ ਘਰਾਂ ‘ਚ ਆਪਣੀ ਮਾਂ-ਬੋਲੀ ਪੰਜਾਬੀ ‘ਚ ਬੋਲਣ ਨੂੰ ਯਕੀਨੀ ਬਨਾਉਣ ਦਾ ਸੱਦਾ ਦਿੱਤਾ। ਕਾਲਮ ਨਵੀਸ ਮੰਚ ਨੇ ਇੱਕ ਮਤਾ ਪਾਸ ਕਰਕੇ ਸਰਕਾਰ ਤੋਂ ਮੰਗ ਕੀਤੀ ਕਿ ਹੋਰਨਾਂ ਪੱਤਰਕਾਰਾਂ ਲੇਖਕਾਂ ਵਾਂਗਰ ਕਾਲਮ ਨਵੀਸਾਂ ਨੂੰ ਵੀ ਸ਼੍ਰੋਮਣੀ ਕਾਲਮ ਨਵੀਸ ਪੱਤਰਕਾਰ ਸਨਮਾਨ ਦਿੱਤਾ ਜਾਵੇ ਅਤੇ ਉਹਨਾ ਨੂੰ ਪੱਤਰਕਾਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।