ਕਾਵਿ-ਕਿਆਰੀ---ਖਾ-ਖਾਂ ਨਸ਼ੇ ਖੁਆਰ ਹੋ ਗਿਆ

ਕਾਵਿ-ਕਿਆਰੀ---ਖਾ-ਖਾਂ ਨਸ਼ੇ ਖੁਆਰ ਹੋ ਗਿਆ

ਤੂੰ ਮਾਪਿਆਂ ਦਾ ਪੁੱਤਰ ਸੀ ਪਿਆਰਾ! ਭੈਣਾਂ ਦੀਆਂ ਅੱਖੀਆਂ ਦਾ ਤਾਰਾ!
ਦੇਖ ਕੇ ਤੈਨੁੰ ਖਿੜ ਜਾਂਦਾ ਸੀ, ਫੁੱਲਾਂ ਵਾਂਗੂੰ ਟੱਬਰ ਸਾਰਾ।
ਇਹ ਕੀ ਹਾਲਤ ਕਰ ਲਈ ਪੁਤਰਾ? ਖਾ ਖਾ ਨਸ਼ੇ ਖ਼ੁਆਰ ਹੋ ਗਿਆ।
ਤੂੰ ਜਿੰਨਾ ਦਾ ਭਾਰ ਸੀ ਚੁਕਣਾ, ਉਨ੍ਹਾਂ ਦੇ ਸਿਰ ਭਾਰ ਹੋ ਗਿਆ। 

'ਲਾਡਾਂ ਨਾਲ ਸੀ ਮਾਂ ਤੇਰੀ ਨੇ, ਸੀਨੇ ਲਾ-ਲਾਲ ਪਾਲਿਆ ਤੈਨੂੰ!
ਤਿੰਨ ਧੀਆਂ ਦੇ ਬਾਅਦ ਸੀ ਜੰਮਿਆ, ਫੁੱਲਾਂ ਵਾਂਗ ਸੰਭਾਲਿਆ ਤੈਨੂੰ!
ਚੁੱਭਣ ਤੇਰੀ ਹੁਣ ਸਹੀ ਨੀ ਜਾਂਦੀ, ਤੂੰ ਫੁੱਲਾਂ ਤੋਂ ਖ਼ਾਰ ਹੋ ਗਿਆ। 
ਤੂੰ ਜਿੰਨਾ ਦਾ ਭਾਰ ਸੀ ਚੁਕਣਾ....

ਲੜ ਲੜ ਪਿਉ ਤੋਂ ਪੈਸੇ ਮੰਗਦੈਂ, ਤੂੰ ਤਾਂ ਪੁਤਰਾ ਬੋਲਦਾ ਨਹੀਂ ਸੀ!
ਸੱਭ ਨੂੰ ਗਾਲਾਂ ਕੱਢਦੈਂ ਪੁੱਤ ਵੇ, ਕੁਫ਼ਰ ਕਦੇ ਤੂੰ ਤੋਲਦਾ ਨਹੀਂ ਸੀ!
ਨਸ਼ਿਆਂ ਨੇ ਮਤ ਮਾਰੀ ਤੇਰੀ, ਤੂੰ ਕਮਜ਼ੋਰ, ਲਾਚਾਰ ਹੋ ਗਿਆ।
ਤੂੰ ਜਿੰਨਾ ਦਾ ਭਾਰ ਸੀ ਚੁਕਣਾ....

ਅੰਦਰ ਵੜ-ਵੜ ਰੋਂਦੀਆਂ ਭੈਣਾਂ, ਸਿਹਤ ਗੁਆ ਲਈ, ਗਿਰਦਾ ਜਾਨੈ!
ਤੂੰ ਮਾਪਿਆਂ ਦੀ ਮੁੱਠੀ ਵਿਚੋਂ, ਸਰੋਂ ਵਾਂਗ ਨਿਤ ਕਿਰਦਾ ਜਾਨੈ!
ਕਿਹੜਾ ਵੈਦ, ਹਕੀਮ ਬੁਲਾਵਾਂ, ਤੂੰ ਏਨਾ ਬੀਮਾਰ ਹੋ ਗਿਆ। 
ਤੂੰ ਜਿੰਨਾ ਦਾ ਭਾਰ ਸੀ ਚੁਕਣਾ....

ਵਾਂਗ ਭਿਖਾਰੀਆਂ ਸੁਣਿਐ ਮੈਂ ਤਾਂ, ਹੱਥ ਹਰ ਥਾਂ 'ਤੇ ਅਡਦਾ ਰਹਿਨੈ!
ਤੋਟ ਨਸ਼ੇ ਦੀ ਪੂਰਨ ਖ਼ਾਤਰ, ਸੱਭ ਦੇ ਹਾੜੇ ਕਢਦਾ ਰਹਿਨੈ।
ਅਪਣੀ 'ਪੱਗ' ਦੇ ਵਾਸਤੇ ਦੇ-ਦੇ, ਪਿਉ ਤੇਰਾ ਵੀ ਹਾਰ ਹੋ ਗਿਆ।
ਤੂੰ ਜਿੰਨਾ ਦਾ ਭਾਰ ਸੀ ਚੁਕਣਾ....

ਐ ਹਮਸਾਇਉ! ਵੇ ਮਾਂ ਜਾਇਉ! ਜਗਦੀਸ਼ ਬਹਾਦਰਪੁਰੀ ਪੁਕਾਰੇ!
ਜ਼ਿੰਦਗੀ ਦਾ ਰਾਹ ਫੜ ਲਉ ਮਿੱਤਰੋ! ਕਿਉੁਂ ਮਲ ਬੈਠੇ ਮੌਤ ਦੁਆਰੇ।
ਹਿੰਮਤ ਯਾਰ ਬਣਾ ਲਈ ਜਿਸ ਨੇ, ਉਸ ਦਾ ਬੇੜਾ ਪਾਰ ਹੋ ਗਿਆ। 

ਤੂੰ ਜਿੰਨਾ ਦਾ ਭਾਰ ਸੀ ਚੁਕਣਾ....
- ਜਗਦੀਸ਼ ਬਹਾਦਰਪੁਰੀ, 
ਪਿੰਡ ਤੇ ਡਾਕ: ਬਹਾਦਰਪੁਰ, ਤਹਿ. ਤੇ ਜ਼ਿਲ੍ਹਾ: ਸੰਗਰੂਰ।
ਮੋਬਾਈਲ: 94639-85934