ਵਿਸ਼ੇਸ਼ ਲੇਖ ----ਤੁਸੀ ਕੋਈ ਹੋਰ ਸਕੂਲ ਲੱਭ ਲਉ
Fri 8 Feb, 2019 0ਕੁੱਝ ਸਮਾਂ ਪਹਿਲਾਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਬਹੁਤ ਹੁੰਦੀ ਸੀ। ਸਕੂਲ ਵਿਚ ਹਰ ਜਾਤੀ ਹਿੰਦੂ ਮੁਸਲਿਮ ਸਿੱਖਾਂ ਦੇ ਬੱਚੇ ਪੜ੍ਹਦੇ ਸਨ। ਹਰ ਜਮਾਤ ਵਿਚ 40-50 ਬੱਚੇ ਹੁੰਦੇ ਹਨ। ਇਕ-ਇਕ ਜਮਾਤ ਦੇ ਪੰਜ-ਪੰਜ, ਛੇ-ਛੇ ਸੈਕਸ਼ਨ ਹੁੰਦੇ ਹਨ। ਅਧਿਆਪਕ ਹੁਸ਼ਿਆਰ ਬੱਚੇ 'ਏ' ਸ਼ੈਕਸ਼ਨ ਵਿਚ ਰਖਦੇ। ਇਸੇ ਤਰ੍ਹਾਂ ਛੋਟੀਆਂ ਜਮਾਤਾਂ ਵਿਚ ਵੀ ਕਾਫ਼ੀ ਬੱਚੇ ਹੁੰਦੇ। ਉਨ੍ਹਾਂ ਦੀਆਂ ਵੀ ਕਈ-ਕਈ ਸ਼ੈਕਸ਼ਨਾਂ ਹੁੰਦੀਆਂ ਸਨ। ਉਨ੍ਹੀਂ ਦਿਨੀਂ ਸ਼ਹਿਰ ਵਿਚ ਕੋਈ ਇਕਾ ਦੁੱਕਾ ਪ੍ਰਾਈਵੇਟ ਸਕੂਲ ਹੁੰਦਾ ਸੀ। ਸਰਕਾਰੀ ਸਕੂਲਾਂ ਦੇ ਵਧੀਆ ਨਤੀਜੇ ਆਉਂਦੇ। ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਬੱਚੇ ਬਹੁਤ ਚੰਗੇ ਅਹੁਦਿਆਂ ਉਤੇ ਪਹੁੰਚਦੇ।
ਕਾਰਨ ਕਿ ਪੜ੍ਹਾਉਣ ਵਾਲੇ ਅਧਿਆਪਕ ਪੂਰੀ ਮਿਹਨਤ ਨਾਲ ਪੜ੍ਹਾਉਂਦੇ ਸਨ? ਫਿਰ ਕੁੱਝ ਸਮਾਂ ਅਜਿਹਾ ਆਇਆ ਕਿ ਪਿੰਡਾਂ ਦੇ ਸ਼ਹਿਰਾਂ ਵਿਚ ਪ੍ਰਾਈਵੇਟ ਸਕੂਲ ਧੜਾਧੜ ਖੁੱਲ੍ਹ ਗਏ। ਬੱਚੇ ਟਾਈ ਬੈਲਟਾਂ ਲਗਾ ਕੇ ਸਕੂਲ ਜਾਂਦੇ। ਅੰਗਰੇਜ਼ੀ ਸਕੂਲਾਂ ਵਿਚ ਪੜ੍ਹਨਾ ਮਾਣ ਵਾਲੀ ਗੱਲ ਸਮਝੀ ਜਾਣ ਲੱਗੀ। ਰੀਸੋ-ਰੀਸ ਮਾਪੇ ਪ੍ਰਾਈਵੇਟ ਸਕੂਲਾਂ ਵਲ ਉਲਾਰ ਹੋ ਗਏ। ਹਾਲਾਂਕਿ ਉਥੇ ਉਨ੍ਹਾਂ ਨੂੰ ਪੜ੍ਹਾਉਣ ਲਈ ਬਹੁਤੇ ਯੋਗ ਅਧਿਆਪਕ ਨਹੀਂ ਸਨ।
ਉਨ੍ਹਾਂ ਵਿਚ ਬੱਚਿਆਂ ਦੀ ਗਿਣਤੀ ਵਧਦੀ ਗਈ ਤੇ ਇਧਰ ਸਰਕਾਰੀ ਸਕੂਲਾਂ ਵਿਚ ਬੱਚੇ ਘਟਣ ਲੱਗੇ। ਬੱਚਿਆਂ ਦੀ ਗਿਣਤੀ ਮੁਤਾਬਕ ਅਧਿਆਪਕਾਂ ਨੂੰ ਸਕੂਲਾਂ ਵਿਚੋਂ ਬੋਗਸ ਹਾਜ਼ਰੀ ਵੀ ਵਿਖਾਉਂਦੇ, ਪਰ ਮੁਸ਼ਕਲ ਉਦੋਂ ਬਣਦੀ ਜਦ ਕੋਈ ਚੈਕਿੰਗ ਹੁੰਦੀ। ਮੈਂ ਵੀ ਇਕੋ ਸਕੂਲ ਵਿਚ ਕਈ ਸਾਲ ਸੇਵਾ ਕੀਤੀ। ਇਕ ਦਿਨ ਅਜਿਹਾ ਆਇਆ ਜਦੋਂ ਸੀਨੀਅਰਤਾ ਮੁਤਾਬਕ ਮੈਨੂੰ ਵੀ ਸਕੂਲ ਛੱਡਣਾ ਪਿਆ ਪਰ ਮੇਰੇ ਉਤੇ ਏਨੀ ਕੁ ਮਿਹਰ ਹੋਈ ਕਿ ਸਕੂਲ ਦੋ ਕੁ ਕਿਲੋਮੀਟਰ ਦੇ ਫ਼ਾਸਲੇ ਉਤੇ ਸੀ। ਪਹਿਲਾਂ ਵਾਲਾ ਰਿਕਸ਼ਾ ਮੈਨੂੰ ਰਾਹ ਵਿਚ ਉਤਾਰ ਦੇਂਦਾ ਸੀ। ਸੋ ਮੇਰਾ ਪਹਿਲੇ ਸਕੂਲ ਵਿਚੋਂ ਤਬਾਦਲਾ ਹੋਣ ਤੇ ਮੈਂ ਨਵੇਂ ਸਕੂਲ ਵਿਚ ਹਾਜ਼ਰ ਹੋਣ ਲਈ ਸਕੂਲ ਪਹੁੰਚ ਗਈ।
ਜਨਵਰੀ ਦਾ ਪਹਿਲਾ ਦਿਨ। ਠੰਢ ਬਹੁਤ ਸੀ। ਬੱਚਿਆਂ ਨੇ ਮੈਨੂੰ ਕੁਰਸੀ ਲਿਆ ਕੇ ਦਿਤੀ। ਉਨ੍ਹਾਂ ਦਸਿਆ ਕਿ ਸਰ ਤਾਂ ਦਸ ਕੁ ਵਜੇ ਤਕ ਆਉਂਦੇ ਹਨ। ਚਲੋ ਕੋਈ ਗੱਲ ਨਹੀਂ। ਮੈਂ ਬੱਚਿਆਂ ਨਾਲ ਗੱਲੀਂ ਲੱਗ ਪਈ। ਦਸ ਕੁ ਵਜੇ ਇਕ ਵਡੇਰੀ ਉਮਰ ਦਾ ਬਜ਼ੁਰਗ ਹੱਥ ਵਿਚ ਪੌਲੀਥੀਨ ਦਾ ਬੈਗ ਲੈ ਕੇ ਮਸਤ ਚਾਲ ਨਾਲ ਗੇਟ ਅੰਦਰ ਦਾਖਲ ਹੋਇਆ, ''ਸਰ ਜੀ ਨਮਸਤੇ'', ਸਾਰੇ ਬੱਚਿਆਂ ਨੇ ਇਕੋ ਆਵਾਜ਼ ਵਿਚ ਕਿਹਾ। ਮੈਨੂੰ ਵੇਖ ਕੇ ਉਹ ਹੈਰਾਨ ਤੇ ਪ੍ਰੇਸ਼ਾਨ ਜਿਹਾ ਹੋ ਗਿਆ। ਮੈਂ ਅਪਣੀ ਜਾਣ ਪਛਾਣ ਦੱਸੀ ਤੇ ਕਿਹਾ, ''ਮੈਂ ਇਸ ਸਕੂਲ ਵਿਚ ਬਤੌਰ ਅਧਿਆਪਕ ਹਾਜ਼ਰ ਹੋਣ ਲਈ ਆਈ ਹਾਂ।''
''ਓਹ ਜੀ ਇਥੇ ਤਾਂ ਕੋਈ ਪੋਸਟ ਹੀ ਹੈ ਨਹੀਂ, ਤੁਸੀ ਕੋਈ ਹੋਰ ਸਕੂਲ ਲੱਭ ਲਉ।'' ਮੈਂ ਵੀ ਪੱਕੇ ਪੈਰੀਂ ਗਈ ਸੀ ਤੇ ਕਿਹਾ, ''ਆਹ ਲਉ ਮੇਰੀ ਹਾਜ਼ਰੀ ਰਿਪੋਰਟ ਤੇ ਮੇਰੀ ਹਾਜ਼ਰੀ ਲਗਾਉ।'' ਉਹ ਤਾਂ ਪੈਰਾਂ ਉਤੇ ਪਾਣੀ ਨਾ ਪੈਣ ਦੇਵੇ। ਆਖੇ ''ਇਹ ਨਹੀਂ ਹੋ ਸਕਦਾ।'' ਮੈਂ ਦਫ਼ਤਰ ਵਿਚ ਫ਼ੋਨ ਕੀਤਾ ਤੇ ਸਾਰੀ ਸਥਿਤੀ ਦੱਸੀ।
ਦਸਾਂ ਪੰਦਰਾਂ ਮਿੰਟਾਂ ਵਿਚ ਬੀ.ਈ.ਓ ਸਾਹਬ ਤੇ ਦੋ ਬੰਦੇ ਹੋਰ ਆ ਗਏ। ''ਹਾਂ ਬਈ ਕੀ ਗੱਲ ਹੈ? ਇਨ੍ਹਾਂ ਨੂੰ ਹਾਜ਼ਰ ਕਰਵਾਉ।'' ਫਿਰ ਵੀ ਬਹਾਨੇ ਬਣਾਈ ਜਾਵੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ। ਗੱਲਾਂ ਕਰਦੇ-ਕਰਦੇ ਇਨ੍ਹਾਂ ਦਾ ਬੁਲੇਟ ਕੁਰਸੀਆਂ ਕੋਲ ਹੀ ਆ ਕੇ ਰੁਕਿਆ।
ਪਤਾ ਤਾਂ ਉਸ ਨੂੰ ਪਹਿਲਾਂ ਵੀ ਸੀ ਕਿ ਇਹ ਪ੍ਰਿੰਸੀਪਲ ਸ਼ਰਮਾ ਦੇ ਘਰੋਂ ਨੇ ਤੇ ਅੱਗੇ ਮਾਸੀ ਦੇ ਨੇਕ ਸੁਭਾਅ ਬਾਰੇ ਵੀ ਜਾਣੂ ਸੀ। ਫਿਰ ਦਫ਼ਤਰ ਵਾਲੇ ਵੀ ਸ਼ੇਰ ਹੋ ਗਏ। ਉਸ ਦੇ ਮੂੰਹ ਉਤੇ ਸਿਕਰੀ ਆ ਗਈ ਤੇ ਆਵਾਜ਼ ਵਿਚ ਕੰਬਣੀ ਮਹਿਸੂਸ ਹੋਣ ਲੱਗੀ। ਮੇਰੀ ਹਾਜ਼ਰੀ ਰਿਪੋਰਟ ਅਪਣੇ ਕੋਲ ਰੱਖ, ਹਾਜ਼ਰੀ ਰਜਿਸਟਰ ਵਿਚ ਮੇਰਾਂ ਨਾਂ ਚਾੜ੍ਹ ਕੇ ਹਾਜ਼ਰੀ ਲੁਆਈ। ਲਉ ਜੀ ਇਸ ਤਰ੍ਹਾਂ ਮੈਂ ਸਕੂਲ ਜੁਆਇਨ ਕੀਤਾ। ਥੋੜੇ ਹੀ ਦਿਨਾਂ ਵਿਚ ਪਤਾ ਲੱਗਾ ਕਿ ਉਹ ਅਪਣੇ ਕਿਸੇ ਰਿਸ਼ਤੇਦਾਰ ਨੂੰ ਐਡਜਸਟ ਕਰਾਉਣਾ ਚਾਹੁੰਦਾ ਸੀ, ਫਿਰ ਮੈਨੂੰ ਉਸ ਦੀ ਵਿਚਲੀ ਗੱਲ ਦੀ ਸਮਝ ਪਈ।
ਸੰਪਰਕ : 82840-20628
Comments (0)
Facebook Comments (0)